ਅਮਰੀਕਾ 'ਚ 8 ਲੋਕਾਂ 'ਤੇ ਸਫ਼ਲ ਰਿਹੈ ਕੋਰੋਨਾ ਵੈਕਸੀਨ ਦਾ ਟ੍ਰਾਇਲ, ਦੂਸਰੇ ਪੜਾਅ ਦੇ ਟ੍ਰਾਇਲ ਨੂੰ ਮਨਜ਼ੂਰੀ

By  Shanker Badra May 19th 2020 02:14 PM

ਅਮਰੀਕਾ 'ਚ 8 ਲੋਕਾਂ 'ਤੇ ਸਫ਼ਲ ਰਿਹੈ ਕੋਰੋਨਾ ਵੈਕਸੀਨ ਦਾ ਟ੍ਰਾਇਲ, ਦੂਸਰੇ ਪੜਾਅ ਦੇ ਟ੍ਰਾਇਲ ਨੂੰ ਮਨਜ਼ੂਰੀ:ਨਵੀਂ ਦਿੱਲੀ : ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ 4,904,566 ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 320,326 ਤੱਕ ਪਹੁੰਚ ਗਿਆ ਗਿਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਵਾਇਰਸ ਦੀ ਵੈਕਸੀਨ ਬਣਾਉਣ ਵਿਚ ਲੱਗੇ ਹੋਏ ਹਨ ਪਰ ਇਸੇ ਵਿਚਾਲੇ ਅਮਰੀਕਾ ਤੋਂ ਚੰਗੀ ਖ਼ਬਰ ਸਾਹਮਣੇ ਆਈ ਹੈ।

ਜਾਣਕਾਰੀ ਅਨੁਸਾਰ ਪਹਿਲੇ ਪੜਾਅ 'ਚ ਕੋਰੋਨਾ ਵੈਕਸੀਨ ਦਾ ਟ੍ਰਾਇਲ ਕਰਦੇ ਹੋਏ 8 ਲੋਕਾਂ ਨੂੰ ਟੀਕੇ ਲਗਾਏ ਗਏ ਸਨ, ਉਨ੍ਹਾਂ ਵਿਚ ਪ੍ਰਯੋਗ ਸਫ਼ਲ ਰਿਹਾ ਹੈ। ਇਸ ਦੇ ਨਾਲ ਹੀ ਹੁਣ ਦੂਸਰੇ ਪੜਾਅ ਦੇ ਟ੍ਰਾਇਲ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਹ ਦਾਅਵਾ ਕੁੱਝ ਮੀਡਿਆ ਰਿਪੋਰਟਾਂ ਮੁਤਾਬਕ ਅਮਰੀਕਾ ਦੀ ਜੈਵ ਤਕਨੀਕੀ ਕੰਪਨੀ ਮੌਡਰਨਾ ਨੇ ਕੀਤਾ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਲੋਕਾਂ 'ਚ ਟੀਕੇ ਦੇ ਸ਼ੁਰੂਆਤੀ ਪ੍ਰੀਖਣ ਦੇ ਨਤੀਜੇ ਉਮੀਦ ਮੁਤਾਬਿਕ ਰਹੇ ਹਨ।

ਮੌਡਰਨਾ ਕੰਪਨੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ 8 ਲੋਕਾਂ 'ਤੇ ਉਨ੍ਹਾਂ ਦੀ ਇੱਛਾ ਮੁਤਾਬਿਕ ਇਹ ਪ੍ਰਯੋਗ ਕੀਤਾ ਗਿਆ ਸੀ। ਮਾਰਚ ਮਹੀਨੇ ਇਹ ਟੀਕੇ ਲਗਾਏ ਗਏ ਸਨ, ਜਿਨ੍ਹਾਂ ਦਾ ਪੁਖ਼ਤਾ ਨਤੀਜਾ ਹੁਣ ਪ੍ਰਾਪਤ ਹੋਇਆ ਹੈ। ਉਨ੍ਹਾਂ ਦੱਸਿਆ ਕਿ ਟੀਕੇ ਨੂੰ ਅਧਿਕਾਰਤ ਰੂਪ 'ਚ ਲਾਂਚ ਕਰਨ ਤੇ ਬਾਜ਼ਾਰ 'ਚ ਉਤਾਰਨ ਤੋਂ ਪਹਿਲਾਂ ਕੁਝ ਹੋਰ ਟ੍ਰਾਇਲ ਦੀ ਜ਼ਰੂਰਤ ਹੈ ,ਜਿਸ ਦੇ ਲਈ ਹੁਣ ਦੂਸਰੇ ਪੜਾਅ ਦੇ ਟ੍ਰਾਇਲ ਨੂੰਇਜਾਜ਼ਤ ਮਿਲ ਗਈ ਹੈ।

ਦੱਸ ਦੇਈਏ ਕਿ ਭਾਰਤ 'ਚ ਕੋਰੋਨਾ ਦੇ ਮਰੀਜਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋ ਗਈ ਹੈ ,ਜਦਕਿ ਮਰਨ ਵਾਲਿਆਂ ਦਾ ਅੰਕੜਾ 3100 ਤੋਂ ਵੀ ਜ਼ਿਆਦਾ ਹੋ ਚੁੱਕਿਆ ਹੈ। ਦੇਸ਼ 'ਚ ਕੁੱਲ ਕੋਰੋਨਾ ਦੇ ਕੇਸਾਂ ਦੀ ਗਿਣਤੀ ਵੱਧ ਕੇ 101,139 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 3163 ਤੱਕ ਪਹੁੰਚ ਗਿਆ ਹੈ। ਉੱਥੇ ਹੀ 39,174 ਕੋਰੋਨਾ ਦੇ ਮਰੀਜ਼ ਇਸ ਮਹਾਮਾਰੀ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ,ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 58,802 ਹੋ ਗਈ ਹੈ।

-PTCNews

Related Post