ਭਰਾਵਾਂ ਦੇ ਗੁੱਟ 'ਤੇ ਵੀ ਸਜੇਗਾ ਮੂਸੇਵਾਲਾ, ਰੱਖੜੀਆਂ 'ਤੇ ਛਪੀਆਂ ਸਿੱਧੂ ਦੀਆਂ ਤਸਵੀਰਾਂ

By  Riya Bawa August 7th 2022 08:24 AM -- Updated: August 7th 2022 08:35 AM

ਮਾਨਸਾ: ਮਾਨਸਾ ਵਿੱਚ ਸਿੱਧੂ ਮੂਸੇਵਾਲਾ ਨੂੰ ਲੋਕ ਇਸ ਕਦਰ ਪਿਆਰ ਕਰਦੇ ਹਨ ਕਿ ਨੌਜਵਾਨ ਜਿੱਥੇ ਸਿੱਧੂ ਮੂਸੇਵਾਲਾ ਦੇ ਟੈਟੂ ਬਣਵਾ ਰਹੇ ਹਨ, ਉੱਥੇ ਲੜਕੀਆਂ ਰੱਖੜੀ ਦੇ ਤਿਉਹਾਰ ਤੇ ਭਰਾਵਾਂ ਦੇ ਗੁੱਟ ਤੇ ਬੰਨਣ ਲਈ ਸਿੱਧੂ ਮੂਸੇ ਵਾਲਾ ਦੀ ਫੋਟੋ ਵਾਲੀਆਂ ਰੱਖੜੀਆਂ ਖਰੀਦ ਰਹੀਆਂ ਹਨ। ਰੱਖੜੀਆਂ ਖਰੀਦ ਰਹੀਆਂ ਔਰਤਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਖਰੀਦ ਕੇ ਹਰ ਕੋਈ ਉਸਨੂੰ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ ਤੇ ਸਾਡੀ ਇਹ ਕੋਸ਼ਿਸ਼ ਹੈ ਕਿ ਸਿੱਧੂ ਦੀ ਫੋਟੋ ਵਾਲੀ ਰੱਖੜੀ ਆਪਣੇ ਭਰਾਵਾਂ ਦੇ ਗੁੱਟ 'ਤੇ ਸਜਾ ਕੇ ਸਿੱਧੂ ਦੀ ਯਾਦ ਨੂੰ ਤਾਜ਼ਾ ਰੱਖ ਸਕੀਏ।

ਬਜ਼ਾਰ 'ਚ ਆਈਆਂ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਰੱਖੜੀਆਂ

ਰੱਖੜੀ ਦੇ ਤਿਉਹਾਰ ਦੀ ਆਮਦ ਨੂੰ ਲੈ ਕੇ ਮਾਨਸਾ ਦੇ ਬਜ਼ਾਰਾਂ ਵਿੱਚ ਰੱਖੜੀਆਂ ਵੇਚਣ ਵਾਲੇ ਦੁਕਾਨਦਾਰਾਂ ਨੇ ਦੁਕਾਨਾਂ ਸਜ਼ਾ ਲਈਆਂ ਹਨ ਤੇ ਦੁਕਾਨਾਂ ਤੇ ਵੱਖ-ਵੱਖ ਤਰਾਂ ਦੀਆਂ ਰੱਖੜੀਆਂ ਵੇਚਣ ਲਈ ਰੱਖੀਆਂ ਹੋਈਆਂ ਹਨ। ਪਰ ਰੱਖੜੀਆਂ ਖਰੀਦਣ ਲਈ ਆਉਣ ਵਾਲੀਆਂ ਔਰਤਾਂ, ਲੜਕੀਆਂ ਅਤੇ ਬੱਚਿਆਂ ਵਿੱਚ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਖਰੀਦਣ ਦਾ ਕਰੇਜ਼ ਵੱਧ ਦਿਖਾਈ ਦੇ ਰਿਹਾ ਹੈ। ਰੱਖੜੀਆਂ ਵੇਚ ਰਹੇ ਦੁਕਾਨਦਾਰ ਰਾਮ ਕੁਮਾਰ ਨੇ ਕਿਹਾ ਕਿ ਇਸ ਵਾਰ ਬਾਜ਼ਾਰ ਵਿੱਚ ਆ ਰਹੇ ਗ੍ਰਾਹਕ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਹੀ ਮੰਗ ਰਹੇ ਹਨ ਅਤੇ ਬੱਚਿਆਂ ਤੇ ਮਹਿਲਾਵਾਂ ਵਿੱਚ ਕਾਫੀ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਲਗਭਗ 100 ਫੀਸਦੀ ਗ੍ਰਾਹਕ ਹੀ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਖਰੀਦਣਾ ਪਸੰਦ ਕਰ ਰਹੇ ਹਨ।

ਬਜ਼ਾਰ 'ਚ ਆਈਆਂ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਰੱਖੜੀਆਂ

ਇਹ ਵੀ ਪੜ੍ਹੋ : ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਦਾ ਨਾਂ ਰੁਸ਼ਨਾਉਣ ਵਾਲੇ ਖਿਡਾਰੀਆਂ ਦਾ ਅੰਮ੍ਰਿਤਸਰ ਹਵਾਈ ਅੱਡੇ 'ਤੇ ਨਿੱਘਾ ਸਵਾਗਤ

ਰੱਖੜੀ ਖ਼ਰੀਦ ਰਹੀਆਂ ਮਹਿਲਾਵਾਂ ਤੇ ਲੜਕੀਆਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੀ ਬੇ-ਵਕਤੀ ਮੌਤ ਨੇ ਸਾਨੂੰ ਸਭ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਅਤੇ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਉਸਨੂੰ ਯਾਦ ਕਰਕੇ ਰੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਬਾਜ਼ਾਰ ਵਿੱਚ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀਆਂ ਰੱਖੜੀਆਂ ਵਿਕ ਰਹੀਆਂ ਹਨ ਤਾਂ ਮਨ ਨੂੰ ਕੁਝ ਸੁਕੂਨ ਮਿਲ ਰਿਹਾ ਹੈ ਕਿ ਅਸੀਂ ਇਹ ਰੱਖੜੀ ਲੈ ਕੇ ਆਪਣੇ ਭਰਾਵਾਂ ਦੇ ਗੁੱਟਾਂ ਉੱਪਰ ਬੰਨੀਏ ਤੇ ਸਿੱਧੂ ਵੀਰ ਦੇ ਗੁੱਟ ਤੇ ਵੀ ਰੱਖੜੀ ਬੰਨ ਕੇ ਆਈਏ ਪਰ ਉਸਦੇ ਬੁੱਤ ਤੇ ਰੱਖੜੀ ਬੰਨਣਾ ਬਹੁਤ ਔਖਾ ਲੱਗ ਰਿਹਾ ਹੈ ਕਿਉਂਕਿ ਉਸਨੂੰ ਬੁੱਤ ਦੇ ਰੂਪ ਵਿੱਚ ਦੇਖਣਾ ਸਾਡੇ ਲਈ ਬਹੁਤ ਔਖਾ ਹੈ।

ਭਰਾਵਾਂ ਦੇ ਗੁੱਟ 'ਤੇ ਵੀ ਸਜੇਗਾ ਮੂਸੇਵਾਲਾ, ਰੱਖੜੀਆਂ 'ਤੇ ਛਪੀਆਂ ਸਿੱਧੂ ਦੀਆਂ ਤਸਵੀਰਾਂ

ਉਨ੍ਹਾਂ ਕਿਹਾ ਕਿ ਸਿੱਧੂ ਵੀਰ ਨੂੰ ਚਾਹੁਣ ਵਾਲੀਆਂ ਲੜਕੀਆਂ ਬਜ਼ਾਰ ਵਿੱਚ ਉਸਦੀ ਫੋਟੋ ਵਾਲੀ ਰੱਖੜੀ ਖਰੀਦ ਰਹੀਆਂ ਹਨ ਤੇ ਹਰ ਕੋਈ ਸਿੱਧੂ ਨੂੰ ਆਪਣੇ ਤਰੀਕੇ ਨਾਲ ਸ਼ਰਧਾਂਜਲੀ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਫੋਟੋ ਵਾਲੀ ਰੱਖੜੀ ਸਾਡੇ ਵੱਲੋਂ ਆਪਣੇ ਭਰਾਵਾਂ ਦੇ ਗੁੱਟ ਤੇ ਸਜਾਉਣ ਨਾਲ ਸਿੱਧੂ ਦੀ ਯਾਦ ਸਦਾ ਤਾਜ਼ਾ ਰਹੇਗੀ।

(ਨਵਦੀਪ ਦੀ ਰਿਪੋਰਟ )

-PTC News

Related Post