ਰਾਜਸਥਾਨ ਚ ਪਾਣੀ ਛੱਡਣ ਦੇ ਕੁੱਝ ਘੰਟਿਆਂ ਚ ਹੀ ਪਿਆ 100 ਫੁੱਟ ਚੌੜਾ ਪਾੜ, ਕੁੱਝ ਦਿਨ ਪਹਿਲਾਂ ਹੀ ਕੀਤੀ ਸੀ ਰੀਲਾਈਨਿੰਗ

Faridkot News : ਦੇਰ ਰਾਤ ਨਹਿਰ ਵਿਚ ਪਾਣੀ ਛੱਡਿਆ ਗਿਆ ਸੀ ਪਰ ਪਾਣੀ ਛੱਡਣ ਦੇ ਮਹਿਜ ਕੁਝ ਘੰਟੇ ਬਾਅਦ ਹੀ ਫਰੀਦਕੋਟ ਜਿਲ੍ਹੇ ਦੇ ਪਿੰਡ ਫਿੱਡੇ ਖੁਰਦ ਦੇ ਨਜਦੀਕ ਨਹਿਰ ਦੀ ਨਵੀਂ ਰੀਲਾਇਨਿੰਗ ਵਿਚ ਕਰੀਬ 100 ਫੁੱਟ ਦਾ ਪਾੜ ਪੈ ਗਿਆ, ਪਰ ਪਟੜੀ ਚੌੜੀ ਹੋਣ ਕਾਰਨ ਪਾਣੀ ਨਹਿਰ ਤੋਂ ਬਾਹਰ ਨਹੀਂ ਆ ਸਕਿਆ।

By  KRISHAN KUMAR SHARMA May 15th 2026 01:44 PM -- Updated: May 15th 2026 02:26 PM

Faridkot Rajasthan Canal News : ਫਰੀਦਕੋਟ (Faridkot News) ਵਿਚੋਂ ਲੰਘਦੀ ਰਾਜਸਥਾਨ ਨਹਿਰ ਨੂੰ ਬੀਤੇ ਕਰੀਬ ਇਕ ਮਹੀਨੇ ਤੋਂ ਪੱਕੇ ਕਰਨ ਦਾ ਕੰਮ ਚੱਲ ਰਿਹਾ ਸੀ, ਜੋ ਪੂਰਾ ਹੋਣ ਤੋਂ ਬਾਅਦ ਦੇਰ ਰਾਤ ਨਹਿਰ ਵਿਚ ਪਾਣੀ ਛੱਡਿਆ ਗਿਆ ਸੀ ਪਰ ਪਾਣੀ ਛੱਡਣ ਦੇ ਮਹਿਜ ਕੁਝ ਘੰਟੇ ਬਾਅਦ ਹੀ ਫਰੀਦਕੋਟ ਜਿਲ੍ਹੇ ਦੇ ਪਿੰਡ ਫਿੱਡੇ ਖੁਰਦ ਦੇ ਨਜਦੀਕ ਨਹਿਰ ਦੀ ਨਵੀਂ ਰੀਲਾਇਨਿੰਗ ਵਿਚ ਕਰੀਬ 100 ਫੁੱਟ ਦਾ ਪਾੜ ਪੈ ਗਿਆ, ਪਰ ਪਟੜੀ ਚੌੜੀ ਹੋਣ ਕਾਰਨ ਪਾਣੀ ਨਹਿਰ ਤੋਂ ਬਾਹਰ ਨਹੀਂ ਆ ਸਕਿਆ ਅਤੇ ਸਮਾਂ ਰਹਿੰਦੇ ਹੀ ਪਿੰਡ ਵਾਸੀਆ ਨੂੰ ਪਤਾ ਲੱਗਣ ਕਾਰਨ ਵੱਡਾ ਹਾਦਸਾ ਹੋਣੋਂ ਟਲ ਗਿਆ। ਘਟਨਾ ਦਾ ਪਤਾ ਚਲਦੇ ਹੀ ਨਹਿਰ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਕੋਟਕਪੂਰਾ ਮੌਕੇ 'ਤੇ ਪਹੁੰਚੇ ਅਤੇ ਨਹਿਰ ਵਿਚ ਪਏ ਪਾੜ ਨੂੰ ਪੂਰਨ ਦਾ ਕੰਮ ਜੰਗੀ ਪੱਧਰ ਤੇ ਸੁਰੂ ਕਰਵਾਇਆ।

ਲੋਕਾਂ ਨੇ ਠੇਕੇਦਾਰ ਦੀ ਦੱਸੀ ਅਣਗਹਿਲੀ

ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਨਹਿਰ ਦੀ ਰੀਲਾਇਨਿੰਗ ਨਵੀਂ ਹੋਈ ਸੀ ਅਤੇ ਜਿਉਂ ਹੀ ਇਸ ਵਿਚ ਪਾਣੀ ਛੱਡਿਆ ਗਿਆ। ਇਸ ਵਿਚ ਪਿੰਡ ਫਿੱਡੇ ਖੁਰਦ ਦੇ ਨੇੜੇ ਪਾੜ ਪੈ ਗਿਆ ਪਰ ਪਟੜੀ ਜਿਆਦਾ ਚੌੜੀ ਸੀ, ਜਿਸ ਕਾਰਨ ਬਚਾਅ ਹੋ ਗਿਆ ਅਤੇ ਲੋਕਾਂ ਨੂੰ ਪਤਾ ਲੱਗਿਆ ਤਾਂ ਲੋਕਾਂ ਨੇ ਨਹਿਰ ਪ੍ਰਸ਼ਾਸਨ ਨੂੰ ਦੱਸਿਆ ਅਤੇ ਖੁਦ ਪਾੜ ਨੂੰ ਪੂਰਨ ਦਾ ਕੰਮ ਸੁਰੂ ਕੀਤਾ। ਲੋਕਾਂ ਨੇ ਦੱਸਿਆ ਕਿ ਠੇਕੇਦਾਰ ਦੀ ਅਣਗਹਿਲੀ ਹੈ ਕਿਉਕਿ ਠੇਕੇਦਾਰ ਨੇ ਜੋ ਨਹਿਰ ਬਣਾਉਣ ਸਮੇਂ ਕੱਚੇ ਬੰਨ੍ਹ ਨਹਿਰ ਵਿਚ ਲਗਾਏ ਸਨ, ਉਹ ਨਹੀਂ ਕੱਢੇ ਗਏ, ਜਿਸ ਕਾਰਨ ਡਾਫ ਲੱਗਣ ਨਾਲ ਨਹਿਰ ਦੀ ਪਟੜੀ ਟੁੱਟੀ ਹੈ। ਲੋਕਾਂ ਨੇ ਜਾਂਚ ਦੀ ਮੰਗ ਕੀਤੀ ਅਤੇ ਨਹਿਰ ਦਾ ਕੰਮ ਜਲਦ ਮੁਕੰਮਲ ਕਰਨ ਦੀ ਮੰਗ ਕੀਤੀ।

ਨਹਿਰ 'ਚ ਪਾੜ ਕਿਉਂ ਪਿਆ ? ਅਧਿਕਾਰੀਆਂ ਦਾ ਕੀ ਹੈ ਕਹਿਣਾ ?

ਇਸ ਮੌਕੇ ਡਿਉਟੀ ਮੈਜਿਸਟਰੇਟ ਵਜੋਂ ਪਹੁੰਚੇ ਤਹਿਸੀਲਦਾਰ ਕੋਟਕਪੂਰਾ ਨੇ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹਨ, ਨਹਿਰ ਵਿਚ ਕਰੀਬ 100 ਫੁੱਟ ਦਾ ਪਾੜ ਪਿਆ ਸੀ, ਜਿਸ ਨੂੰ ਉਹ ਪੂਰਨ ਲੱਗੇ ਹੋਏ ਹਨ। ਉਹਨਾਂ ਕਿਹਾ ਕਿ ਨਹਿਰ ਟੁੱਟੀ ਕਿਉਂ ? ਇਸ ਬਾਰੇ ਕਾਰਨ ਨਹਿਰ ਵਿਭਾਗ ਹੀ ਦੱਸ ਸਕਦਾ ਪਰ ਸਾਡੀ ਪਹਿਲ ਇਸ ਪਾੜ ਨੂੰ ਪੂਰਨਾ ਹੈ।

ਇਸ ਮੌਕੇ ਨਹਿਰ ਵਿਭਾਗ ਦੇ ਐਕਸੀਅਨ ਨਾਲ ਜਦ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਨਹਿਰ ਵਿਚ ਦੀ ਰੀਲਾਇਨਿੰਗ ਦਾ ਕੁਝ ਕੰਮ ਹੁਣ ਹੋਇਆ ਹੈ ਅਤੇ ਕੁਝ ਕੰਮ ਕਰੀਬ 3 ਸਾਲ ਪਹਿਲਾਂ ਹੋਇਆ ਸੀ, ਇਥੇ ਨਵੀਂ ਅਤੇ ਪਰਾਣੀ ਰੀਲਾਇਨਿੰਗ ਦਾ ਜੋੜ ਸੀ, ਜਿਸ ਦੇ ਸੀਪਿਜ ਕਾਰਨ ਨਹਿਰ ਦੀ ਰੀਲਾਇਨਿੰਗ ਟੁੱਟੀ ਹੋ ਸਕਦੀ ਹੈ, ਉਹਨਾਂ ਕਿਹਾ ਫਿਲਹਾਲ ਸਥਿਤੀ ਕੰਟਰੋਲ ਵਿਚ ਹੈ ਅਤੇ ਪਾੜ ਨੂੰ ਪੂਰਿਆ ਜਾ ਰਿਹਾ। ਉਹਨਾਂ ਕਿਹਾ ਕਿ ਰੀਲਾਇਨਿੰਗ ਦੇ ਟੁੱਟਣ ਦੇ ਕਾਰਨਾਂ ਦੀ ਜਾਂਚ ਵੀ ਕੀਤੀ ਜਾਵੇਗੀ।

Related Post