168 DPE ਉਮੀਦਵਾਰਾਂ ਵੱਲੋਂ ਮੰਗਾਂ ਨੂੰ ਲੈ ਕੇ ਮੁਹਾਲੀ ਦੀ ਨਵੀਂ DC ਨਾਲ ਖ਼ਾਸ ਮੁਲਾਕਾਤ

ਪਿਛਲੇ 10 ਦਿਨਾਂ ਤੋਂ ਮੁਹਾਲੀ ਦੇ ਗੁ. ਸਿੰਘ ਸ਼ਹੀਦਾਂ ਸੋਹਣਾ ਸਾਹਿਬ ਨੇੜਲੀ ਟੈਂਕੀ ਹੇਠਾਂ ਤੇ ਉੱਤੇ ਧਰਨੇ 'ਤੇ ਬੈਠੇ 168 ਡੀ.ਪੀ.ਈ. ਸਿਲੈਕਟੇਡ ਉਮੀਦਵਾਰਾਂ ਵੱਲੋਂ ਮੁਹਾਲੀ ਦੀ ਨਵੀਂ ਡਿਪਟੀ ਕਮਿਸ਼ਨਰ ਅੰਸ਼ਿਕਾ ਜੈਨ ਨੂੰ ਮਿਲੇ ਕੇ 168 ਪੋਸਟਾਂ ਬਾਰੇ ਸਾਰੀ ਗੱਲ ਦੱਸੀ ਗਈ।

By  Jasmeet Singh January 16th 2023 04:37 PM

ਮੁਹਾਲੀ, 16 ਜਨਵਰੀ: ਪਿਛਲੇ 10 ਦਿਨਾਂ ਤੋਂ ਮੁਹਾਲੀ ਦੇ ਗੁ. ਸਿੰਘ ਸ਼ਹੀਦਾਂ ਸੋਹਣਾ ਸਾਹਿਬ ਨੇੜਲੀ ਟੈਂਕੀ ਹੇਠਾਂ ਤੇ ਉੱਤੇ ਧਰਨੇ 'ਤੇ ਬੈਠੇ 168 ਡੀ.ਪੀ.ਈ. ਸਿਲੈਕਟੇਡ ਉਮੀਦਵਾਰਾਂ ਵੱਲੋਂ ਮੁਹਾਲੀ ਦੀ ਨਵੀਂ ਡਿਪਟੀ ਕਮਿਸ਼ਨਰ ਅੰਸ਼ਿਕਾ ਜੈਨ ਨੂੰ ਮਿਲੇ ਕੇ 168 ਪੋਸਟਾਂ ਬਾਰੇ ਸਾਰੀ ਗੱਲ ਦੱਸੀ ਗਈ। ਡਿਪਟੀ ਕਮਿਸ਼ਨਰ ਅੰਸ਼ਿਕਾ ਜੈਨ ਵੱਲੋਂ 168 ਉਮੀਦਵਾਰਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਅੱਜ ਹੀ ਡੀ.ਜੀ.ਐਸ.ਈ. ਵਰਿੰਦਰ ਕੁਮਾਰ ਸ਼ਰਮਾ ਨਾਲ ਗੱਲਬਾਤ ਕਰਨਗੇ ਅਤੇ 168 ਉਮੀਦਵਾਰਾਂ ਨੂੰ ਇਨਸਾਫ ਦਿਵਾਉਣ ਲਈ ਪੂਰੀ ਮਦਦ ਕਰਨਗੇ।

ਕਿਉਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ

ਸਰਕਾਰ ਵੱਲੋਂ 4161 ਮਾਸਟਰ ਕੇਡਰ ਦੀਆਂ ਅਸਾਮੀਆਂ ਕੱਢੀਆਂ ਗਈਆਂ ਸਨ। ਜਿਨ੍ਹਾਂ ਵਿੱਚ 168 ਡੀ.ਪੀ.ਈ ਦੀਆਂ ਅਸਾਮੀਆਂ ਸਨ ਅਤੇ ਜਿਨ੍ਹਾਂ ਨੇ ਇਹ ਪੇਪਰ ਪਾਸ ਕੀਤਾ ਸੀ ਉਸ ਬਾਬਤ ਸਿੱਖਿਆ ਵਿਭਾਗ ਵੱਲੋਂ ਇੱਕ ਲਿਸਟ ਵੀ ਜਾਰੀ ਕੀਤੀ ਗਈ। ਇਸ ਦੇ ਨਾਲ ਹੀ ਇਸ ਸਬੰਧੀ ਸਰੀਰਕ ਸਿੱਖਿਆ ਵਿਸ਼ੇ ਦੀ ਸਕਰੂਟਨੀ ਵੀ 10 ਨਵੰਬਰ ਤੋਂ 11 ਨਵੰਬਰ 2022 ਤੱਕ ਕਰਵਾ ਲਈ ਗਈ।

ਜਿਸ ਤੋਂ ਬਾਅਦ ਉੱਕਤ 168 ਅਧਿਆਪਕ ਆਪਣੀ ਲਿਸਟ ਦੀ ਉਡੀਕ ਕਰ ਰਹੇ ਸਨ ਪ੍ਰੰਤੂ ਸਿੱਖਿਆ ਵਿਭਾਗ ਨੇ ਜੋ ਚੋਣ ਲਿਸਟ ਜਾਰੀ ਕੀਤੀ, ਉਸ ਵਿੱਚ ਡੀ.ਪੀ.ਈ ਅਧਿਆਪਕਾਂ ਲਈ ਮੁੜ ਸਕਰੂਟਨੀ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ।

ਜਿਸ ਵਿੱਚ ਅਧਿਆਪਕਾਂ ਪਾਸੋਂ PSTET-2 ਦੀ ਮੰਗ ਕੀਤੀ ਗਈ। ਪਰ ਦੱਸਣਯੋਗ ਗੱਲ ਇਹ ਹੈ ਕਿ ਅੱਜ ਤੱਕ ਕਦੇ ਸਰੀਰਕ ਸਿੱਖਿਆ ਵੀਸ਼ੇ ਦਾ PSTET ਕੰਡਕਟ ਹੀ ਨਹੀਂ ਕਰਵਾਇਆ ਗਿਆ, ਇਸ ਵਿਸ਼ੇ ਨਾਲ ਸਬੰਧਿਤ ਕੋਈ ਵੀ ਸੇਲੇਬਸ ਕਿਸੇ ਵੀ ਵੈੱਬਸਾਈਟ 'ਤੇ ਮੌਜੂਦ ਨਹੀਂ ਹੈ ਅਤੇ ਵਿਭਾਗ ਵੱਲੋਂ PSTET-2 ਦੀ ਮੰਗ ਜੋ ਕਿ ਬਿਲਕੁੱਲ ਨਜਾਇਜ਼ ਹੈ ਉਹ ਕੀਤੀ ਗਈ। ਜਿਹੜਾ PSTET ਅੱਜ ਤੱਕ ਹੋਇਆ ਹੀ ਨਹੀਂ, ਆਖ਼ਰਕਾਰ ਪਾਸ ਹੋਏ ਉਮੀਦਵਾਰ ਉਹ ਕਿੱਥੋਂ ਪੇਸ਼ ਕਰ ਸਕਦੇ ਹਨ।

ਸਿਖਿਆ ਮੰਤਰੀ ਨਾਲ ਮੀਟਿੰਗ ਬੇਸਿੱਟਾ

168 ਫਿਜ਼ੀਕਲ ਐਜੂਕੇਸ਼ਨ ਅਸਾਮੀ ਲਈ ਚੁਣੇ ਹੋਏ ਉਮੀਦਵਾਰਾਂ ਵੱਲੋਂ ਚੰਡੀਗੜ੍ਹ ਵਿਖੇ 30 ਦਸੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੇ ਨਾਲ ਮੁਲਾਕਾਤ ਕੀਤੀ ਗਈ ਸੀ। ਸਿੱਖਿਆ ਮੰਤਰੀ ਵੱਲੋਂ ਸਮੂਹ ਫਿਜ਼ੀਕਲ ਐਜੂਕੇਸ਼ਨ ਉਮੀਦਵਾਰਾਂ ਨੂੰ ਭਰੋਸਾ ਦਿੱਤਾ ਗਿਆ ਕਿ ਬਹੁਤ ਜਲਦੀ ਇਸ ਮਸਲੇ ਦਾ ਕੋਈ ਸੰਭਵ ਹੱਲ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਸਾਰੀ ਪ੍ਰਕਿਰਿਆ ਲਈ 5-7 ਦਿਨ ਦਾ ਸਮਾਂ ਦਿੱਤਾ ਜਾਵੇ। ਉਸ ਵੇਲੇ ਧਰਨਾ ਖ਼ਤਮ ਵੀ ਕਰ ਦਿੱਤਾ ਗਿਆ ਸੀ ਪਰ 15 ਦਿਨ ਬੀਤ ਜਾਣ ਤੋਂ ਬਾਅਦ ਵੀ ਜਦੋਂ ਕੋਈ ਹਲ ਹੁੰਦਾ ਨਾ ਵਿਖਿਆ ਤਾਂ ਉਮੀਦਵਾਰਾਂ ਨੇ ਮੁੜ ਤੋਂ ਧਰਨਾ ਆਰੰਭ ਦਿੱਤਾ। 

168 DPE ਉਮੀਦਵਾਰਾਂ ਦੀ ਸਰਕਾਰ ਨੂੰ ਚਿਤਾਵਨੀ

168 DPE ਯੂਨੀਅਨ ਦਾ ਕਹਿਣਾ ਕਿ ਜੇਕਰ 25 ਜਨਵਰੀ ਤੱਕ ਉਨ੍ਹਾਂ ਦੀ ਸਿਲੈਕਸ਼ਨ ਲਿਸਟਾਂ ਜਾਰੀ ਨਹੀਂ ਕੀਤੀਆਂ ਜਾਂਦੀਆਂ ਤਾਂ 26 ਜਨਵਰੀ ਨੂੰ ਉਹ ਫਿਰੋਜ਼ਪੁਰ ਵਿਖੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਹਾਜ਼ਰੀ 'ਚ ਆਪਣੇ ਉੱਤੇ ਪੈਟਰੋਲ ਛਿੜਕ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਉਹ ਆਪਣੀ ਕੀਤੀ ਮਿਹਨਤ ਤੇ ਹੱਕਾਂ ਉੱਤੇ ਡਾਕਾ ਪੈਣ ਤੋਂ ਰੋਕਣ ਲਈ ਆਪਣੀ ਜਾਨ ਵੀ ਦਾਅ 'ਤੇ ਲਾਉਣ ਨੂੰ ਤਿਆਰ ਹਨ। ਇਸ ਦੇ ਨਾਲ ਉਨ੍ਹਾਂ ਕਿਹਾ ਕਿ ਜੇਕਰ ਇਸ ਦੌਰਾਨ ਕਿਸੇ ਵੀ ਉਮੀਦਵਾਰ ਦਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰ ਖੁਦ ਸਰਕਾਰ ਦੀ ਹੋਵੇਗੀ।

Related Post