Virginia Family Shooting : ਅਮਰੀਕਾ ਤੋਂ ਮੰਦਭਾਗੀ ਖ਼ਬਰ, 19 ਸਾਲਾ ਪੰਜਾਬੀ ਵਿਦਿਆਰਥੀ ਨੇ ਮਾਂ-ਪਿਓ ਸਮੇਤ ਨਾਨੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ

Virginia Family Shooting : ਅਧਿਕਾਰੀਆਂ ਦੇ ਅਨੁਸਾਰ, ਭਾਰਤੀ ਮੂਲ ਦੇ ਇੱਕ 19 ਸਾਲਾ ਵਿਦਿਆਰਥੀ 'ਤੇ 17 ਜੂਨ ਨੂੰ ਵਰਜੀਨੀਆ ਵਿੱਚ ਵਾਪਰੀ ਇੱਕ ਦੁਖਦਾਈ ਪਰਿਵਾਰਕ ਘਟਨਾ 'ਚ ਆਪਣੇ ਮਾਪਿਆਂ ਅਤੇ ਨਾਨੀ ਦੀ ਗੋਲੀ ਮਾਰ ਕੇ ਹੱਤਿਆ ਦਾ ਦੋਸ਼ ਹੈ।

By  KRISHAN KUMAR SHARMA June 19th 2026 08:44 PM -- Updated: June 19th 2026 09:00 PM

Virginia Family Shooting : ਅਮਰੀਕਾ ਤੋਂ ਪੰਜਾਬੀ ਲਈ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਵਰਜੀਨੀਆ ਸ਼ਹਿਰ 'ਚ ਇੱਕ ਪੰਜਾਬੀ ਨੌਜਵਾਨ ਵੱਲੋਂ ਆਪਣੇ ਮਾਤਾ-ਪਿਤਾ ਅਤੇ ਨਾਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਸਥਾਨਕ ਅਧਿਕਾਰੀਆਂ ਦੇ ਅਨੁਸਾਰ, ਭਾਰਤੀ ਮੂਲ ਦੇ ਇੱਕ 19 ਸਾਲਾ ਵਿਦਿਆਰਥੀ 'ਤੇ 17 ਜੂਨ ਨੂੰ ਵਰਜੀਨੀਆ ਵਿੱਚ ਵਾਪਰੀ ਇੱਕ ਦੁਖਦਾਈ ਪਰਿਵਾਰਕ ਘਟਨਾ 'ਚ ਆਪਣੇ ਮਾਪਿਆਂ ਅਤੇ ਨਾਨੀ ਦੀ ਗੋਲੀ ਮਾਰ ਕੇ ਹੱਤਿਆ ਦਾ ਦੋਸ਼ ਹੈ। (Punjabi Family Killed in US)

ਟੈਕਸਾਸ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਮੁਲਜ਼ਮ

ਪੁਲਿਸ ਨੇ ਮੁਲਜ਼ਮ ਦੀ ਪਛਾਣ ਗੌਰਵ ਚੋਪੜਾ ਵਜੋਂ ਕੀਤੀ ਹੈ, ਜੋ ਯੂਨੀਵਰਸਿਟੀ ਆਫ ਟੈਕਸਾਸ ਰਿਓ ਗ੍ਰਾਂਡੇ ਵੈਲੀ ਦਾ ਵਿਦਿਆਰਥੀ ਹੈ। ਜਾਂਚ ਅਧਿਕਾਰੀਆਂ ਅਨੁਸਾਰ ਗੌਰਵ ਚੋਪੜਾ ਨੇ ਆਪਣੇ ਵਰਜੀਨੀਆ ਸਥਿਤ ਘਰ ਅੰਦਰ ਗੋਲੀਬਾਰੀ ਕੀਤੀ ਅਤੇ ਫਿਰ ਮੌਕੇ ਤੋਂ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਹਮਲੇ ਵਿੱਚ ਉਸ ਦੀ ਮਾਤਾ ਕਮਲੇਸ਼ ਰਾਣੀ (46), ਪਿਤਾ ਸੀਤਾ ਰਾਮ (56) ਅਤੇ ਦਾਦੀ ਮਹਿੰਦਰ ਕੌਰ (73) ਦੇ ਸਿਰ ਵਿੱਚ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਤਿੰਨਾਂ ਨੂੰ ਮੌਕੇ 'ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ।

ਵਾਲ-ਵਾਲ ਬਚੀ ਭਰਾ ਦੀ ਜਾਨ

ਘਟਨਾ ਦੌਰਾਨ ਗੌਰਵ ਦੇ 21 ਸਾਲਾ ਭਰਾ ਸਾਜਨ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ, ਪਰ ਉਹ ਖੁਸ਼ਕਿਸਮਤੀ ਨਾਲ ਬਚ ਨਿਕਲਿਆ ਅਤੇ ਉਸ ਨੂੰ ਕੋਈ ਸਰੀਰਕ ਨੁਕਸਾਨ ਨਹੀਂ ਪਹੁੰਚਿਆ।

ਪੁਲਿਸ ਮੁਤਾਬਕ ਵਾਰਦਾਤ ਤੋਂ ਬਾਅਦ ਮੁਲਜ਼ਮ ਕਾਰ ਰਾਹੀਂ ਫਰਾਰ ਹੋ ਗਿਆ। ਬਚੇ ਹੋਏ ਭਰਾ ਵੱਲੋਂ ਜਾਣਕਾਰੀ ਮਿਲਣ ਉਪਰੰਤ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਤੁਰੰਤ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ। ਫਰਾਰ ਹੋਣ ਦੌਰਾਨ ਗੌਰਵ ਚੋਪੜਾ ਇੱਕ ਸੜਕ ਹਾਦਸੇ ਦਾ ਵੀ ਸ਼ਿਕਾਰ ਹੋਇਆ। ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ਵਿੱਚ ਵਰਤੇ ਜਾਣ ਵਾਲੇ ਹਥਿਆਰ ਵਿੱਚ ਵੀ ਗੜਬੜ ਆ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਮੁਲਜ਼ਮ ਖ਼ਿਲਾਫ਼ ਕਈ ਕਤਲਾਂ ਦੇ ਗੰਭੀਰ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਅਦਾਲਤੀ ਰਿਕਾਰਡ ਮੁਤਾਬਕ ਉਸ ਨੂੰ ਬਿਨਾਂ ਜ਼ਮਾਨਤ ਹਿਰਾਸਤ ਵਿੱਚ ਰੱਖਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।

ਨਵਾਂਸ਼ਹਿਰ ਨਾਲ ਸਬੰਧਤ ਸੀ ਪਰਿਵਾਰ

ਮ੍ਰਿਤਕ ਪਰਿਵਾਰ ਦਾ ਸਬੰਧ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਜ਼ਿਲ੍ਹੇ ਨਾਲ ਦੱਸਿਆ ਜਾ ਰਿਹਾ ਹੈ। ਭਾਰਤ ਵਿੱਚ ਰਹਿੰਦੇ ਰਿਸ਼ਤੇਦਾਰਾਂ ਅਨੁਸਾਰ ਇਹ ਪਰਿਵਾਰ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ ਅਤੇ ਲਗਭਗ ਪੰਜ ਮਹੀਨੇ ਪਹਿਲਾਂ ਆਪਣੇ ਜੱਦੀ ਪਿੰਡ ਵੀ ਆਇਆ ਸੀ।

ਫਿਲਹਾਲ ਪੁਲਿਸ ਨੇ ਕਤਲਾਂ ਦੇ ਕਾਰਨ ਬਾਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਘਟਨਾ ਦੇ ਪਿੱਛੇ ਦੀ ਵਜ੍ਹਾ ਦੀ ਜਾਂਚ ਜਾਰੀ ਹੈ ਅਤੇ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਸ ਬਾਰੇ ਹੋਰ ਜਾਣਕਾਰੀ ਸਾਹਮਣੇ ਆ ਸਕਦੀ ਹੈ।

Related Post