Canada ਤੋਂ ਮੁੜ ਆਈ ਮੰਦਭਾਗੀ ਖ਼ਬਰ; 21 ਸਾਲਾ ਨੌਜਵਾਨ ਗੱਡੀ ਸਮੇਤ ਦਰਿਆ ’ਚ ਰੁੜ੍ਹਿਆ, ਨੌਜਵਾਨ ਦੀ ਕੀਤੀ ਜਾ ਰਹੀ ਭਾਲ
ਉਕਤ ਨੌਜਵਾਨ ਆਪਣੇ ਤਿੰਨ ਸਾਥੀਆਂ ਸਮੇਤ ਗੱਡੀ 'ਚ ਸਵਾਰ ਹੋ ਕੇ ਆਪਣੇ ਕੰਮ ਜਾ ਰਿਹਾ ਸੀ ਕਿ ਦਰੱਖਤ ਤੋਂ ਬਚਾਅ ਕਰਦੇ ਸਮੇਂ ਉਸ ਦੀ ਗੱਡੀ ਦਰਿਆ ਵਿਚ ਜਾ ਡਿੱਗੀ।
Canada News : ਮੋਗਾ ਜ਼ਿਲ੍ਹੇ ਦੇ ਪਿੰਡ ਹਿੰਮਤਪੁਰਾ ਦੇ 21 ਸਾਲਾ ਨੌਜਵਾਨ ਨਵਦੀਪ ਸਿੰਘ ਦੇ ਕੈਨੇਡਾ ਵਿਖੇ ਗੱਡੀ ਸਮੇਤ ਦਰਿਆ ਵਿਚ ਰੁੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜੋ ਕਈ ਦਿਨਾਂ ਤੋਂ ਲਾਪਤਾ ਹੈ। ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਪਰ ਦਰਿਆ ਦੇ ਤੇਜ਼ ਬਹਾਅ ਕਾਰਨ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ।
ਇਹ ਵੀ ਪਤਾ ਲੱਗਾ ਹੈ ਕਿ ਹਿੰਮਤਪੁਰੇ ਦਾ 21 ਸਾਲਾ ਨੌਜਵਾਨ ਨਵਦੀਪ ਸਿੰਘ ਸਿੱਧੂ ਜੋ ਕਿ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਸੀ, ਉਹ ਕੁਝ ਸਮਾਂ ਪਹਿਲਾਂ ਹੀ ਕੈਨੇਡਾ ਗਿਆ ਸੀ। ਅਤੇ ਅੱਜਕਲ੍ਹ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਵਿਖੇ ਵਰਕ ਪਰਮਿਟ 'ਤੇ ਰਹਿ ਰਿਹਾ ਸੀ।
ਉਕਤ ਨੌਜਵਾਨ ਆਪਣੇ ਤਿੰਨ ਸਾਥੀਆਂ ਸਮੇਤ ਗੱਡੀ 'ਚ ਸਵਾਰ ਹੋ ਕੇ ਆਪਣੇ ਕੰਮ ਜਾ ਰਿਹਾ ਸੀ ਕਿ ਦਰੱਖਤ ਤੋਂ ਬਚਾਅ ਕਰਦੇ ਸਮੇਂ ਉਸ ਦੀ ਗੱਡੀ ਦਰਿਆ ਵਿਚ ਜਾ ਡਿੱਗੀ। ਉਸ ਦੇ ਤਿੰਨ ਸਾਥੀ ਸੁਰੱਖਿਅਤ ਬੱਚ ਨਿਕਲਣ ਵਿਚ ਕਾਮਯਾਬ ਰਹੇ ਪਰ ਨਵਦੀਪ ਸਿੰਘ ਸਿੱਧੂ ਦਾ ਪਤਾ ਨਹੀਂ ਲੱਗ ਸਕਿਆ।
ਪੁਲਿਸ, ਸਕੋਮਿਸ ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮਾਂ ਨੇ ਗੱਡੀ ਅਤੇ ਗੁੰਮ ਨਵਦੀਪ ਸਿੰਘ ਦੀ ਭਾਲ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਹਲੇ ਤੱਕ ਕੋਈ ਕਾਮਯਾਬੀ ਨਹੀਂ ਮਿਲ ਸਕੀ। ਇਸ ਘਟਨਾ ਕਾਰਨ ਨਵਦੀਪ ਸਿੰਘ ਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ। ਅਸੀਂ ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਦੇਸੀ ਹੋਏ ਪੁੱਤਾ ਧੀਆਂ ਨੂੰ ਕਦੇ ਵੀ ਤੱਤੀ ਵਾਅ ਨਾ ਲੱਗੇ।
ਇਹ ਵੀ ਪੜ੍ਹੋ : Mandi Gobindgarh News : ਨੌਜਵਾਨ ਦੇ ਦੋਵੇਂ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਦਾ ਡੋਪ ਟੈਸਟ ਪਾਜ਼ੀਟਿਵ , ਨਸ਼ਾ ਕਰਨ ਵਾਲਿਆਂ ਤੋਂ ਇਕੱਠੇ ਕਰਦਾ ਸੀ ਪੈਸੇ