Amritsar ’ਚ ਸਕੂਲੀ ਬੱਚਿਆਂ ਦੇ ਝਗੜੇ ਨੇ ਲਿਆ ਖੂਨੀ ਰੂਪ, ਫਾਇਰਿੰਗ ਦੌਰਾਨ 11ਵੀਂ ਕਲਾਸ ਦਾ ਵਿਦਿਆਰਥੀ ਜ਼ਖਮੀ
Amritsar News : ਅੰਮ੍ਰਿਤਸਰ ਦੇ ਲੁਹਾਰਕਾ ਰੋਡ ’ਤੇ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਦੋ ਨੌਜਵਾਨਾਂ ਵਿਚਾਲੇ ਹੋਏ ਝਗੜੇ ਦੌਰਾਨ ਗੋਲੀਆਂ ਚਲੀਆਂ। ਇਸ ਫਾਇਰਿੰਗ ਵਿੱਚ ਇੱਕ ਨੌਜਵਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਦਾਖ਼ਲ ਕਰਵਾਇਆ ਗਿਆ।
ਸਿਵਲ ਹਸਪਤਾਲ ਵਿੱਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਨੌਜਵਾਨ ਦੀ ਪਛਾਣ ਐਸ਼ਪ੍ਰੀਤ ਸਿੰਘ ਵਜੋਂ ਹੋਈ ਹੈ, ਜੋ 11ਵੀਂ ਕਲਾਸ ਦਾ ਵਿਦਿਆਰਥੀ ਹੈ। ਪੁਲਿਸ ਮੁਤਾਬਕ, ਝਗੜੇ ਦੀ ਸ਼ੁਰੂਆਤ ਸਕੂਲ ਵਿੱਚ ਹੋਈ ਸੀ, ਜਿੱਥੇ 11ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਵਿਚਾਲੇ ਕਿਸੇ ਗਲਤਫ਼ਹਮੀ ਕਾਰਨ ਤਕਰਾਰ ਹੋਈ।ਪੁਲਿਸ ਨੇ ਦੱਸਿਆ ਕਿ ਝਗੜੇ ਤੋਂ ਬਾਅਦ ਦੋਹਾਂ ਧਿਰਾਂ ਲੁਹਾਰਕਾ ਰੋਡ ’ਤੇ ਰਾਜ਼ੀਨਾਮੇ ਲਈ ਇਕੱਠੀਆਂ ਹੋਈਆਂ ਸਨ, ਪਰ ਉੱਥੇ ਮੁੜ ਤਕਰਾਰ ਹੋ ਗਈ।
ਇਸ ਦੌਰਾਨ ਨਿਜ਼ਾਮ ਦੇ ਸਾਥੀ ਹਰਿੰਦਰ ਸਿੰਘ ਵੱਲੋਂ ਗੋਲੀ ਚਲਾਈ ਗਈ, ਜੋ ਐਸ਼ਪ੍ਰੀਤ ਸਿੰਘ ਦੀ ਲੱਤ ਵਿੱਚ ਲੱਗੀ। ਪੁਲਿਸ ਮੁਤਾਬਕ ਮੌਕੇ ’ਤੇ 5 ਤੋਂ 6 ਰਾਊਂਡ ਫਾਇਰ ਹੋਣ ਦੀ ਜਾਣਕਾਰੀ ਮਿਲੀ ਹੈ। ਹਾਲਾਂਕਿ, ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਵਰਤੀ ਗਈ ਪਿਸਤੌਲ ਲਾਈਸੈਂਸੀ ਸੀ ਜਾਂ ਨਹੀਂ।
ਪੁਲਿਸ ਨੇ ਸਪਸ਼ੱਟ ਕੀਤਾ ਕਿ ਦੂਜੀ ਧਿਰ ਵੱਲੋਂ ਕਿਸੇ ਵੀ ਤਰ੍ਹਾਂ ਦੀ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ। ਫਿਲਹਾਲ ਜ਼ਖ਼ਮੀ ਨੌਜਵਾਨ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ। ਪੁਲਿਸ ਦਾ ਕਹਿਣਾ ਹੈ ਕਿ ਜਿਵੇਂ ਹੀ ਉਸਦਾ ਬਿਆਨ ਦਰਜ ਕੀਤਾ ਜਾਵੇਗਾ, ਮਾਮਲੇ ਵਿੱਚ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : Dense Fog Yellow Alert In Punjab : ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਅੱਜ ਮੀਂਹ ਪੈਣ ਦੀ ਸੰਭਾਵਨਾ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ
- PTC NEWS