Amritsar Farmer Protest : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ
Amritsar Farmer Protest : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ, ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਗੋਲਡਨ ਗੇਟ ’ਤੇ ਕੇਂਦਰ ਸਰਕਾਰ ਖ਼ਿਲਾਫ਼ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ। ਇਸ ਪ੍ਰਦਰਸ਼ਨ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਮਜ਼ਦੂਰ ਸ਼ਾਮਲ ਹੋਏ, ਜਿਨ੍ਹਾਂ ਨੇ ਮਨਰੇਗਾ ਯੋਜਨਾ ਨੂੰ ਕਮਜ਼ੋਰ ਕਰਨ ਅਤੇ ਬਜਟ ਵਿੱਚ ਕੀਤੀ ਗਈ ਭਾਰੀ ਕਟੌਤੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਦੇ ਬਜਟ ਵਿੱਚ 40 ਫੀਸਦੀ ਕਟੌਤੀ ਕਰਕੇ ਨਾ ਸਿਰਫ਼ ਯੋਜਨਾ ਨੂੰ ਕਮਜ਼ੋਰ ਕੀਤਾ ਹੈ, ਸਗੋਂ ਇਸ ਦੇ ਕੰਮ ਕਰਨ ਦੇ ਤਰੀਕਿਆਂ ਵਿੱਚ ਵੀ ਤਬਦੀਲੀਆਂ ਕਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਕਰੋੜਾਂ ਲੋਕ ਮਨਰੇਗਾ ’ਤੇ ਨਿਰਭਰ ਹਨ। ਪੰਜਾਬ ਵਿੱਚ ਹੀ ਲਗਭਗ 20 ਲੱਖ ਜੌਬ ਕਾਰਡ ਹਨ, ਪਰ ਕੇਵਲ ਕਰੀਬ 11 ਲੱਖ ਲੋਕਾਂ ਨੂੰ ਹੀ ਕੰਮ ਮਿਲ ਪਾ ਰਿਹਾ ਹੈ, ਜਿਸ ਕਾਰਨ ਮਜ਼ਦੂਰਾਂ ਤੋਂ ਰੁਜ਼ਗਾਰ ਖੋਹਿਆ ਜਾ ਰਿਹਾ ਹੈ।
ਸਰਵਨ ਸਿੰਘ ਪੰਧੇਰ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੀਆਂ ਇਹ ਨੀਤੀਆਂ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਲਈ ਬਣਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿੰਨੀ ਵੱਧ ਬੇਰੁਜ਼ਗਾਰੀ ਹੋਵੇਗੀ, ਉਨੀ ਸਸਤੀ ਲੇਬਰ ਕਾਰਪੋਰੇਟ ਨੂੰ ਮਿਲੇਗੀ। ਉਨ੍ਹਾਂ ਮਨਰੇਗਾ ਦੇ ਨਾਲ-ਨਾਲ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ।
ਇਸ ਮੌਕੇ ਕਿਸਾਨ ਆਗੂ ਰਣਜੀਤ ਸਿੰਘ ਕਲੇਰ ਬਾਲਾ ਨੇ ਕਿਹਾ ਕਿ ਮਨਰੇਗਾ ਯੋਜਨਾ ਅਨਸਕਿਲਡ ਮਜ਼ਦੂਰਾਂ ਲਈ ਰੋਜ਼ਗਾਰ ਦਾ ਸਭ ਤੋਂ ਵੱਡਾ ਸਹਾਰਾ ਸੀ। ਇਸ ਨੂੰ ਬੰਦ ਕਰਨ ਨਾਲ ਬੇਰੁਜ਼ਗਾਰੀ ਦੇ ਨਾਲ-ਨਾਲ ਖੁਦਕੁਸ਼ੀਆਂ ਦੇ ਮਾਮਲੇ ਵੀ ਵਧ ਸਕਦੇ ਹਨ। ਉਨ੍ਹਾਂ ਮੰਗ ਕੀਤੀ ਕਿ ਮਨਰੇਗਾ ਵਿੱਚ ਖੇਤੀ ਸੈਕਟਰ ਨੂੰ ਸ਼ਾਮਲ ਕਰਕੇ ਹੋਰ ਰੋਜ਼ਗਾਰ ਦੇ ਮੌਕੇ ਬਣਾਏ ਜਾਣ।
ਦੋਵਾਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਆਪਣੇ ਫੈਸਲੇ ਵਾਪਸ ਨਾ ਲਏ ਤਾਂ ਪੂਰੇ ਪੰਜਾਬ ਅਤੇ ਦੇਸ਼ ਪੱਧਰ ’ਤੇ ਕਿਸਾਨ ਮਜ਼ਦੂਰ ਵੱਡਾ ਅੰਦੋਲਨ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ : Faridkot Murder Case : ਗੁਰਵਿੰਦਰ ਹੱਤਿਆ ਕਾਂਡ ਮਾਮਲੇ 'ਚ ਆਰੋਪੀ ਪਤਨੀ ਰੁਪਿੰਦਰ ਕੌਰ ਦੀ ਸਹੇਲੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
- PTC NEWS