Murder Case Mansa: 6 ਸਾਲਾ ਬੱਚੇ ਨੂੰ ਗੋਲੀਆਂ ਮਾਰਨ ਵਾਲੇ 3 ਆਰੋਪੀ ਗ੍ਰਿਫ਼ਤਾਰ

ਮਾਨਸਾ ਦੇ ਪਿੰਡ ਕੋਟਲੀ 'ਚ ਬੀਤੇ ਦਿਨ 6 ਸਾਲ ਦੇ ਉਦੈਵੀਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਮਾਮਲੇ 'ਚ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਚ ਦੋ ਸਕੇ ਭਰਾ ਸ਼ਾਮਿਲ ਹਨ। ਪੁਲਿਸ ਨੇ ਵਾਰਦਾਤ ਦੌਰਾਨ ਇਸਤੇਮਾਲ ਕੀਤੀ ਗਈ ਪਿਸਤੌਲ, ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ।

By  Ramandeep Kaur March 18th 2023 01:37 PM

ਮਾਨਸਾ: ਮਾਨਸਾ ਦੇ ਪਿੰਡ ਕੋਟਲੀ 'ਚ ਬੀਤੇ ਦਿਨ 6 ਸਾਲ ਦੇ ਉਦੈਵੀਰ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਸ ਮਾਮਲੇ 'ਚ ਪੁਲਿਸ ਨੇ 3 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਿਸ 'ਚ ਦੋ ਸਕੇ ਭਰਾ ਸ਼ਾਮਿਲ ਹਨ। ਪੁਲਿਸ ਨੇ ਵਾਰਦਾਤ ਦੌਰਾਨ ਇਸਤੇਮਾਲ ਕੀਤੀ ਗਈ ਪਿਸਤੌਲ, ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਬਰਾਮਦ ਕਰ ਲਿਆ ਹੈ। ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ 'ਚ ਦੋ ਸਕੇ ਭਰਾ ਵੀ ਸ਼ਾਮਿਲ ਹਨ।  ਉਨ੍ਹਾਂ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਨੂੰ ਮਾਰਨ ਦੀ ਯੋਜਨਾ ਸੀ ਪਰ ਗੋਲੀ ਉਸਦੇ ਪੁੱਤਰ ਉਦੈਵੀਰ ਸਿੰਘ ਨੂੰ ਲੱਗੀ, ਜਿਸਦੇ ਚੱਲਦਿਆਂ ਉਸਦੀ ਮੌਤ ਹੋ ਗਈ। 

ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਵਾਰਦਾਤ ਨੂੰ ਰੰਜਿਸ਼ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਹੈ। ਐੱਸ. ਐੱਸ. ਪੀ. ਨੇ ਦੱਸਿਆ ਕਿ ਸੇਵਕ ਸਿੰਘ ਨਾਂ ਦਾ ਵਿਅਕਤੀ ਉਦੈਵੀਰ ਦੇ ਗੁਆਂਢ ਰਹਿੰਦੇ ਬਲਬੀਰ ਸਿੰਘ ਦੇ ਘਰ ਸੀਰੀ ਵੱਜੋਂ ਕੰਮ ਕਰਦਾ ਸੀ ਤੇ ਉਹ ਬਲਬੀਰ ਸਿੰਘ ਦੀ 12 ਸਾਲਾ ਪੋਤੀ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ। ਜਿਸ 'ਤੇ ਉਦੈਵੀਰ ਦੇ ਪਿਤਾ ਜਸਪ੍ਰੀਤ ਸਿੰਘ ਨੇ ਉਸ ਨੂੰ ਕਈ ਵਾਰ ਅਜਿਹਾ ਕਰਨ ਤੋਂ ਰੋਕਿਆ ਸੀ। ਇਸੇ ਰੰਜਿਸ਼ ਦੇ ਚੱਲਦਿਆਂ ਸੇਵਕ ਸਿੰਘ, ਅੰਮ੍ਰਿਤ ਸਿੰਘ ਤੇ ਚੰਨੀ ਨੇ ਜਸਪ੍ਰੀਤ ਸਿੰਘ ਨੂੰ ਮਾਰਨ ਦੀ ਯੋਜਨਾ ਬਣਾਈ। 

ਇਸ ਦੌਰਾਨ ਜਦੋਂ ਉਹ ਜਸਪ੍ਰੀਤ ਸਿੰਘ 'ਤੇ ਫਾਇਰਿੰਗ ਕਰਨ ਗਏ ਤਾਂ ਗੋਲ਼ੀ ਉਦੈਵੀਰ ਸਿੰਘ ਦੇ ਲੱਗ ਗਈ ਤੇ ਉਸਦੀ ਮੌਤ ਹੋ ਗਈ। ਐੱਸ. ਐੱਸ. ਪੀ. ਨੇ ਦੱਸਿਆ ਕਿ ਅੰਮ੍ਰਿਤ ਸਿੰਘ 'ਤੇ ਪਹਿਲਾਂ ਹੀ 4 ਮਾਮਲੇ ਦਰਜ ਹਨ,ਜਿਨ੍ਹਾਂ ਵਿੱਚੋਂ 2 'ਚ ਸਜ਼ਾ ਵੀ ਕੱਟ ਚੁੱਕਿਆ ਹੈ। ਪੁਲਿਸ ਨੇ ਇਸ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਖ਼ਿਲਾਫ਼ 302 ਤੇ 307 ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। 

Related Post