Canada House Fire : ਕੈਨੇਡਾ ਤੋਂ ਮੰਦਭਾਗੀ ਖ਼ਬਰ, ਘਰ ਚ ਅੱਗ ਲੱਗਣ ਕਾਰਨ ਬੱਚੇ ਸਮੇਤ 3 ਪੰਜਾਬੀਆਂ ਦੀ ਮੌਤ, ਚਾਰ ਜਣਿਆਂ ਦੀ ਹਾਲਤ ਗੰਭੀਰ

Canada House Fire : ਪਰਿਵਾਰ ਦੇ ਚਾਰ ਜਣੇ ਜਿਨ੍ਹਾਂ ਵਿਚ ਇੱਕ ਗਰਭਵਤੀ ਔਰਤ ਤੇ 5 ਸਾਲ ਦਾ ਬੱਚਾ ਸੀ, ਨੇ ਖਿੜਕੀ ਰਾਹੀਂ ਕੁੱਦ ਕੇ ਜਾਨਾਂ ਤਾਂ ਬਚਾ ਲਈਆਂ, ਪਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਅੱਗ ਕਾਰਣ ਜੁੜਵੇਂ ਘਰ ਦੇ ਇਮਾਰਤੀ ਢਾਂਚੇ ਨੂੰ ਕਾਫੀ ਨੁਕਾਸਨ ਪੁੱਜਾ ਹੈ।

By  KRISHAN KUMAR SHARMA November 23rd 2025 04:45 PM -- Updated: November 23rd 2025 04:53 PM

Canada House Fire : ਕੈਨੇਡਾ ਤੋਂ ਪੰਜਾਬ ਲਈ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਬਰੈਂਪਟਨ 'ਚ ਇੱਕ ਘਰ ਦੀ ਇਮਾਰਤ ਵਿੱਚ ਅੱਗ ਲੱਗਣ ਕਾਰਨ 3 ਪੰਜਾਬੀਆਂ ਦੀ ਮੌਤ ਹੋ ਗਈ ਹੈ, ਜਦਕਿ ਘਰ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰਨ ਵਾਲੀ ਗਰਭਵਤੀ ਔਰਤ ਸਣੇ ਚਾਰ ਜੀਆਂ ਦੀ ਹਾਲਤ ਗੰਭੀਰ ਹੈ ਅਤੇ ਦੋ ਜੀਅ ਲਾਪਤਾ ਦੱਸੇ ਜਾ ਰਹੇ ਹਨ। ਮ੍ਰਿਤਕਾਂ ਵਿੱਚ ਇੱਕ ਬੱਚਾ ਵੀ ਦੱਸਿਆ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ, ਬਰੈਂਪਟਨ ਦੇ ਪੱਛਮੀ ਪਾਸੇ ਬਨਾਸ ਵੇਅ ਸਥਿੱਤ ਇੱਕ ਘਰ ਨੂੰ ਵੀਰਵਾਰ ਰਾਤ ਲੱਗੀ ਅੱਗ ਵਿੱਚ ਕਿਰਾਏ ’ਤੇ ਰਹਿੰਦੇ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ, ਜਦੋਂਕਿ ਗਰਭਵਤੀ ਮਹਿਲਾ ਸਮੇਤ ਚਾਰ ਜਣੇ ਗੰਭੀਰ ਜ਼ਖ਼ਮੀ ਹੋ ਗਏ। ਪੰਜਾਬੀ ਦੱਸੇ ਜਾਂਦੇ ਪਰਿਵਾਰ ਦੋ ਜੀਅ ਲਾਪਤਾ ਹਨ। ਇਸ ਘਰ ਦਾ ਮਕਾਨ ਮਾਲਕ ਵੀ ਪੰਜਾਬੀ ਦੱਸਿਆ ਜਾਂਦਾ ਹੈ।

ਲਾਪਤਾ ਲੋਕਾਂ ਦੀ ਭਾਲ ਜਾਰੀ

ਅੱਗ ਬੁਝਾਊ ਅਮਲੇ ਵਲੋਂ ਦੂਜੇ ਦਿਨ ਸ਼ਾਮ ਤੱਕ ਸੜੀ ਇਮਾਰਤ ਦੇ ਮਲਬੇ ਦੀ ਫੋਲਾ-ਫਰਾਲੀ ਕਰਕੇ ਲਾਪਤਾ ਜੀਆਂ ਦੀ ਹੋਣੀ ਦਾ ਪਤਾ ਲਾਇਆ ਜਾ ਰਿਹਾ ਹੈ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਉਨ ਅਨੁਸਾਰ ਵਿਦੇਸ਼ ਰਹਿੰਦੇ ਮਾਲਕ ਨੇ 2020 ਵਿੱਚ ਘਰ ਵਿੱਚ ਸਬ ਯੂਨਿਟ ਬਣਾਉਣ ਦੀ ਅਰਜ਼ੀ ਦਿੱਤੀ ਸੀ, ਜਿਸ ਦੇ ਨਿਰੀਖਣ ਲਈ ਪਿਛਲੇ ਸਾਲਾਂ ਵਿੱਚ ਜਾਂਚ ਅਧਿਕਾਰੀ ਤਿੰਨ ਚਾਰ ਵਾਰ ਮੌਕੇ ’ਤੇ ਆਏ, ਪਰ ਉੱਥੇ ਰਹਿੰਦੇ ਲੋਕਾਂ ਨੇ ਉਨ੍ਹਾਂ ਨੂੰ ਅੰਦਰ ਨਾ ਜਾਣ ਦਿੱਤਾ।

ਅੱਧੀ ਰਾਤ ਲੱਗੀ ਘਰ ਦੀ ਇਮਾਰਤ 'ਚ ਅੱਗ

ਫਾਇਰ ਬ੍ਰੀਗੇਡ ਅਧਿਕਾਰੀ ਨੇ ਦੱਸਿਆ ਕਿ ਰਾਤ ਢਾਈ ਕੁ ਵਜੇ ਅੱਗ ਦੀ ਸੂਚਨਾ ਮਿਲਣ ’ਤੇ ਉਹ ਮੌਕੇ ਉੱਤੇ ਪਹੁੰਚੇ ਤਾਂ ਉਪਰਲੀ ਮੰਜ਼ਲ ਪੂਰੀ ਤਰਾਂ ਅੱਗ ਦੀ ਲਪੇਟ ਵਿੱਚ ਸੀ। ਉਨ੍ਹਾਂ ਤੁਰੰਤ ਆਲੇ-ਦੁਆਲੇ ਦੇ ਘਰ ਖਾਲੀ ਕਰਵਾਏ ਅਤੇ ਅੱਗ ’ਤੇ ਕਾਬੂ ਪਾਉਣ ਦੇ ਯਤਨ ਸ਼ੁਰੂ ਕੀਤੇ। ਇਸ ਦੌਰਾਨ ਅੰਦਰੋਂ ਇੱਕ ਬੱਚੇ ਸਮੇਤ ਦੋ ਜਣਿਆਂ ਦੀਆਂ ਲਾਸ਼ਾਂ ਮਿਲੀਆਂ। ਪਰਿਵਾਰ ਦੇ ਚਾਰ ਜਣੇ ਜਿਨ੍ਹਾਂ ਵਿਚ ਇੱਕ ਗਰਭਵਤੀ ਔਰਤ ਤੇ 5 ਸਾਲ ਦਾ ਬੱਚਾ ਸੀ, ਨੇ ਖਿੜਕੀ ਰਾਹੀਂ ਕੁੱਦ ਕੇ ਜਾਨਾਂ ਤਾਂ ਬਚਾ ਲਈਆਂ, ਪਰ ਗੰਭੀਰ ਜ਼ਖ਼ਮੀ ਹੋ ਗਏ। ਇਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਹੈ। ਅੱਗ ਕਾਰਣ ਜੁੜਵੇਂ ਘਰ ਦੇ ਇਮਾਰਤੀ ਢਾਂਚੇ ਨੂੰ ਕਾਫੀ ਨੁਕਾਸਨ ਪੁੱਜਾ ਹੈ।

ਕਈ ਸਾਲਾਂ ਤੋਂ ਕਿਰਾਏ 'ਤੇ ਰਹਿੰਦਾ ਸੀ ਪੰਜਾਬੀ ਪਰਿਵਾਰ

ਉਂਟਾਰੀਓ ਦੇ ਮੁੱਖ ਮੰਤਰੀ ਨੇ ਪੀੜਤ ਲੋਕਾਂ ਨਾਲ ਹਮਦਰਦੀ ਪ੍ਰਗਟਾਈ ਹੈ। ਪਰਿਵਾਰ ਦੇ ਕਿਸੇ ਮੈਂਬਰ ਦੀ ਪਛਾਣ ਅਜੇ ਅਧਿਕਾਰਤ ਤੌਰ ’ਤੇ ਜਨਤਕ ਨਹੀਂ ਕੀਤੀ ਗਈ, ਪਰ ਆਂਢ ਗੁਆਂਢ ਤੋਂ ਮਿਲੀ ਜਾਣਕਾਰੀ ਅਨੁਸਾਰ ਉਹ ਪੰਜਾਬੀ ਹਨ ਅਤੇ ਕਈ ਸਾਲਾਂ ਤੋਂ ਕਿਰਾਏ ’ਤੇ ਰਹਿੰਦੇ ਸਨ। ਹੋਰ ਜਾਣਕਾਰੀ ਅਨੁਸਾਰ ਇਹ ਘਰ ਭਾਰਤ ਰਹਿੰਦੇ ਵਿਅਕਤੀ ਨੇ ਆਪਣੇ ਰਿਐਲਟਰ (ਦਲਾਲ) ਰਾਹੀਂ ਨਿਵੇਸ਼ਕ ਵਜੋਂ 6 ਕੁ ਸਾਲ ਪਹਿਲਾਂ ਖਰੀਦ ਕੇ ਲੀਜ਼ (ਕਿਰਾਏ) ’ਤੇ ਦਿੱਤਾ ਸੀ, ਪਰ ਉਹ ਕਦੇ ਨਹੀਂ ਆਇਆ। ਉਸ ਨੇ ਸਾਂਭ ਸੰਭਾਲ ਅਤੇ ਕਿਰਾਏ ਦੀ ਜ਼ਿੰਮੇਵਾਰੀ ਇੱਥੇ ਰਹਿੰਦੇ ਜਾਣਕਾਰ ਨੂੰ ਸੌਂਪੀ ਸੀ।

Related Post