Dera Baba Nanak : ਦੁਬਈ ਚ ਪੰਜਾਬੀ ਨੌਜਵਾਨ ਦੀ ਭੇਤਭਰੇ ਹਾਲਾਤਾਂ ਚ ਮੌਤ, 6 ਮਹੀਨੇ ਪਹਿਲਾਂ ਹੀ ਰੋਜ਼ੀ-ਰੋਟੀ ਲਈ ਵਿਦੇਸ਼ ਗਿਆ ਸੀ ਬਲਵਿੰਦਰ ਸਿੰਘ

Dera Baba Nanak : ਬਲਵਿੰਦਰ ਸਿੰਘ ਦੀ ਮੌਤ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁਟ ਪਿਆ ਹੈ ਕਿਉਂਕਿ ਪਰਿਵਾਰ ਕੋਲ ਦੁਬਈ ਤੋਂ ਭਾਰਤ ਆਪਣੇ ਮੁੰਡੇ ਦੀ ਲਾਸ਼ ਮੰਗਵਾਉਣ ਲਈ ਵੀ ਪੈਸੇ ਨਹੀਂ ਹਨ, ਜਿਸ ਕਰਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

By  KRISHAN KUMAR SHARMA February 8th 2026 08:22 PM -- Updated: February 8th 2026 08:32 PM

Dera Baba Nanak : ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਅਤੇ ਫਤਿਹਗੜ੍ਹ ਨਜ਼ਦੀਕ ਪਿੰਡ ਸਮਰਾਏ ਦਾ ਨੌਜਵਾਨ ਬਲਵਿੰਦਰ ਸਿੰਘ (32 ਸਾਲ) ਪੁੱਤਰ ਮੁੱਖਾ ਸਿੰਘ ਦੀ ਦੁਬਈ 'ਚ ਮੌਤ (Punjabi Youth Died in Dubai) ਹੋਣ ਦੀ ਖ਼ਬਰ ਹੈ। ਨੌਜਵਾਨ 6 ਮਹੀਨੇ ਪਹਿਲਾਂ ਘਰ ਦੀ ਤੰਗੀ ਅਤੇ ਗਰੀਬੀ ਦੀ ਦਲਦਲ 'ਚੋਂ ਉਪਰ ਉਠਣ ਦਾ ਸੁਪਨਾ ਲੈ ਕੇ ਵਿਦੇਸ਼ ਗਿਆ ਸੀ।

ਜਾਣਕਾਰੀ ਅਨੁਸਾਰ, ਬਲਵਿੰਦਰ ਸਿੰਘ ਦੀ ਮੌਤ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁਟ ਪਿਆ ਹੈ ਕਿਉਂਕਿ ਪਰਿਵਾਰ ਕੋਲ ਦੁਬਈ ਤੋਂ ਭਾਰਤ ਆਪਣੇ ਮੁੰਡੇ ਦੀ ਲਾਸ਼ ਮੰਗਵਾਉਣ ਲਈ ਵੀ ਪੈਸੇ ਨਹੀਂ ਹਨ, ਜਿਸ ਕਰਕੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਰਿਵਾਰ ਨੂੰ ਮੌਤ ਦੇ ਕਾਰਨਾਂ ਬਾਰੇ ਵੀ ਨਹੀਂ ਲੱਗਿਆ ਪਤਾ ?

ਮ੍ਰਿਤਕ ਨੌਜਵਾਨ ਦੀ ਮਾਤਾ ਪੰਮੋ­, ਪਤਨੀ ਪ੍ਰਵੀਨ ਕੁਮਾਰੀ ਅਤੇ ਚਾਚੇ ਦੇ ਪੁੱਤ ਭਰਾ ਕੁਲਵਿੰਦਰ ਸਿੰਘ ਨੇ ਦੁਖੀ ਮਨ ਨਾਲ ਦੱਸਿਆ ਕਿ ਉਨ੍ਹਾਂ ਦੇ ਘਰ ਅੱਤ ਦੀ ਗਰੀਬੀ ਹੈ ਅਤੇ 6 ਮਹੀਨੇ ਪਹਿਲਾਂ ਉਨ੍ਹਾਂ ਦਾ ਮੁੰਡਾ ਬਲਵਿੰਦਰ ਸਿੰਘ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ, ਜਿਸ ਦੀ 4 ਫਰਵਰੀ ਨੂੰ ਭੇਦਭਰੀ ਹਾਲਤ 'ਚ ਮੌਤ ਹੋ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਵੀ ਨਹੀਂ ਪਤਾ ਕਿ ਬਲਵਿੰਦਰ ਸਿੰਘ ਦੀ ਕਿਸ ਕਾਰਨ ਮੌਤ ਹੋਈ ਹੈ?

ਲਾਸ਼ ਭਾਰਤ ਲਿਆਉਣ ਲਈ ਨਹੀਂ ਪਰਿਵਾਰ ਕੋਲ ਪੈਸੇ

ਉਨ੍ਹਾਂ ਰੋਂਦੇ ਹੋਏ ਕਿਹਾ ਕਿ ਬਲਵਿੰਦਰ ਸਿੰਘ ਦੀ ਲਾਸ਼ ਵਾਪਿਸ ਲਿਆਉਣ ਲਈ ਉਨ੍ਹਾਂ ਕੋਲ ਇੱਕ ਵੀ ਪੈਸਾ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਕੋਲ ਘਰ ਖਰਚਣ ਨੂੰ ਕੋਈ ਪੈਸਾ ਹੈ। ਬਜ਼ੁਰਗ ਮਾਤਾ ਰੌਂਦੇ ਹੋਏ ਦੱਸਿਆ ਕਿ ਉਸ ਦਾ ਪਤੀ ਅਤੇ ਵੱਡੇ ਬੇਟੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਹੁਣ ਬਲਵਿੰਦਰ ਸਿੰਘ ਦੀ ਮੌਤ ਤੋਂ ਬਾਅਦ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਮਰਦ ਨਹੀਂ ਰਿਹਾ। ਘਰ ਵਿੱਚ ਹੁਣ 5 ਛੋਟੇ ਬੱਚਿਆਂ ਦੇ ਨਾਲ 3 ਵਿਧਵਾ ਔਰਤਾਂ ਹਨ ਅਤੇ ਉਨ੍ਹਾਂ ਦੇ ਕੱਚੇ ਘਰ ਵੀ ਡਿੱਗਣ ਵਾਲੇ ਹਨ ਅਤੇ ਰੋਟੀ ਖਾਣੀ ਵੀ ਮੁਸ਼ਕਲ ਹੋਈ ਪਈ ਹੈ।

ਬਜ਼ੁਰਗ ਮਾਤਾ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਦਾਨੀ ਸੱਜਣਾਂ ਤੇ ਪੰਜਾਬ ਸਰਕਾਰ ਕੋਲੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਮੁੰਡੇ ਦੀ ਮ੍ਰਿਤਕ ਦੇਹ ਵਾਪਿਸ ਲਿਅਉਣ ਅਤੇ ਪਰਿਵਾਰ ਦੀ ਆਰਥਿਕ ਸਹਾਇਤਾ ਕੀਤੀ ਜਾਵੇ।

Related Post