328 ਸਰੂਪਾਂ ਦਾ ਮਾਮਲਾ : ਭਗਵੰਤ ਮਾਨ ਸਰਕਾਰ ਸਿਰਫ਼ ਸੱਤਾ ਲਈ ਸਿੱਖਾਂ ਦੇ ਮਸਲਿਆਂ ਚ ਦਖਲ-ਅੰਦਾਜ਼ੀ ਕਰ ਰਹੀ : ਸ਼੍ਰੋਮਣੀ ਅਕਾਲੀ ਦਲ

Shiromani Akali Dal : ਸਰਦਾਰ ਰੋਮਾਣਾ ਨੇ ਰਾਗੀ ਬਲਦੇਵ ਸਿੰਘ ਵਡਾਲਾ ’ਤੇ ਮਾਮਲੇ ਵਿਚ ਆਪ ਸਰਕਾਰ ਦੇ ਇਸ਼ਾਰੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਘਟਨਾ ਦੇ ਅਨੇਕਾਂ ਸਾਲਾਂ ਬਾਅਦ ਇਸ ਮਾਮਲੇ ਨੂੰ ਚੋਣ ਮੁੱਦਾ ਬਣਾਉਣ ਵਾਸਤੇ ਵਡਾਲਾ ਤੋਂ ਸ਼ਿਕਾਇਤ ਦਰਜ ਕਰਵਾਈ ਗਈ।

By  KRISHAN KUMAR SHARMA January 7th 2026 07:57 PM -- Updated: January 7th 2026 08:00 PM

Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਰੋਮਾਣਾ (Parambans Singh Romana) ਨੇ ਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ 328 ਸਰੂਪਾਂ ਦੇ ਮਾਮਲੇ ਦਾ ਸਿਆਸੀਕਰਨ ਕਰ ਰਹੇ ਹਨ ਜਦੋਂ ਕਿ ਉਹ ਭਾਈ ਈਸ਼ਰ ਸਿੰਘ ਕਮੇਟੀ ਦੀ ਉਸ ਰਿਪੋਰਟ ਨਾਲ ਸਹਿਮਤ ਸਨ, ਜਿਸ ਵਿਚ ਸਪਸ਼ਟ ਕਿਹਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਕੋਈ ਵੀ ਸਰੂਪ ਚੋਰੀ ਨਹੀਂ ਹੋਇਆ ਸਗੋਂ ਇਹ ਮਾਮਲਾ ਸਰੂਪ ਗੁਰਦੁਆਰਾ ਕਮੇਟੀਆਂ ਅਤੇ ਸ਼ਰਧਾਲੂਆਂ ਨੂੰ ਸਰੂਪ ਦੇਣ ਲਈ ਮਿਲੀ ਭੇਟ ਸ਼੍ਰੋਮਣੀ ਕਮੇਟੀ (SGPC) ਦੇ ਖ਼ਜ਼ਾਨੇ ਵਿਚ ਜਮ੍ਹਾਂ ਨਾ ਕਰਵਾਉਣ ਦਾ ਹੈ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਿਨਾਂ ਅਧਿਕਾਰ ਦੇ ਸਰੂਪ ਦੇਣ ਲਈ ਕੁਝ ਮੁਲਾਜ਼ਮਾਂ ਦੀਆਂ ਸੇਵਾਵਾਂ ਸਮਾਪਤ ਕੀਤੀਆਂ ਤਾਂ ਉਹਨਾਂ ਨੇ ਹਾਈ ਕੋਰਟ ਕੋਲ ਪਹੁੰਚ ਕੀਤੀ ਸੀ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਉਦੋਂ ਆਖਿਆ ਸੀ ਕਿ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਨੇ ਸਿੱਖਾਂ ਦੀ ਸਰਵਉਚ ਧਾਰਮਿਕ ਸੰਸਥਾ ਹੁੰਦਿਆਂ ਇਸ ਮਾਮਲੇ ਵਿਚ ਕਾਰਵਾਈ ਪਹਿਲਾਂ ਹੀ ਕਰ ਦਿੱਤੀ ਹੈ ਅਤੇ ਸਰਕਾਰ ਵੱਲੋਂ ਕੋਈ ਕਾਰਵਾਈ ਹੋਰ ਕਰਨੀ ਨਹੀਂ ਬਣਦੀ।

ਸਰਦਾਰ ਰੋਮਾਣਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਣ ਆਪਣਾ ਮਨ ਬਦਲ ਲਿਆ ਹੈ ਤੇ ਉਹ ਮਾਮਲੇ ਦੇ ਸਿਆਸੀਕਰਨ ’ਤੇ ਤੁਲੇ ਹਨ। ਉਹਨਾਂ ਕਿਹਾ ਕਿ ਅਜਿਹਾ ਇਸ ਕਰ ਕੇ ਹੈ ਕਿਉਂਕਿ ਤਰਨ ਤਾਰਨ ਜ਼ਿਮਨੀ ਚੋਣ ਅਤੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਉਭਾਰ ਹੋਇਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਿੱਖ ਕੌਮ ਦੇ ਅੰਦਰੂਨੀ ਮਾਮਲਿਆਂ ਵਿਚ ਦਖਲ ਨਾ ਦੇਣ ਦੀ ਹਦਾਇਤ ਕੀਤੀ ਹੈ ਪਰ ਇਸਦੇ ਬਾਵਜੂਦ ਸਰਕਾਰ ਨੇ ਕੇਸ ਵਿਚ ਦਖਲ ਦਿੱਤਾ।

ਅਕਾਲੀ ਆਗੂ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ’ਪਤਿਤ’ ਲੋਕ ਹੁਣ ਕੌਮ ਨੂੰ ਇਹ ਦੱਸਣਾ ਚਾਹੁੰਦੇ ਹਨ ਕਿ ਸਹੀ ਕੀ ਹੈ ਤੇ ਗਲਤ ਕੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੂੰ ਵੀ ਮਾਮਲੇ ਵਿਚ ਸਲਾਹ ਦੇਣ ਦਾ ਹੱਕ ਨਹੀਂ ਹੈ ਕਿਉਂਕਿ ਸੱਚਾਈ ਇਹ ਹੈ ਕਿ ਉਹਨਾਂ ’ਤੇ ਵੀ ਦੋ ਵਾਰ ਸ਼ਰਾਬ ਪੀ ਕੇ ਗੁਰੂ ਘਰ ਜਾਣ ਦੇ ਦੋਸ਼ ਲੱਗੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਨੂੰ ਸਰੂਪਾਂ ਦੀ ਚਿੰਤਾ ਹੈ ਤੇ ਇਸ ਮਾਮਲੇ ’ਤੇ ਉਹਨਾਂ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਪਰ ਉਹਨਾਂ ਵਿਗੜੀ ਹੋਈ ਕਾਨੂੰਨ ਵਿਵਸਥਾ ਜਾਂ ਸੂਬੇ ਦੇ ਵਿੱਤੀ ਹਾਲਾਤ ’ਤੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ।

ਸਰਦਾਰ ਰੋਮਾਣਾ ਨੇ ਰਾਗੀ ਬਲਦੇਵ ਸਿੰਘ ਵਡਾਲਾ ’ਤੇ ਮਾਮਲੇ ਵਿਚ ਆਪ ਸਰਕਾਰ ਦੇ ਇਸ਼ਾਰੇ ’ਤੇ ਰਾਜਨੀਤੀ ਕਰਨ ਦਾ ਦੋਸ਼ ਲਾਇਆ ਅਤੇ ਜ਼ੋਰ ਦੇ ਕੇ ਕਿਹਾ ਕਿ ਘਟਨਾ ਦੇ ਅਨੇਕਾਂ ਸਾਲਾਂ ਬਾਅਦ ਇਸ ਮਾਮਲੇ ਨੂੰ ਚੋਣ ਮੁੱਦਾ ਬਣਾਉਣ ਵਾਸਤੇ ਵਡਾਲਾ ਤੋਂ ਸ਼ਿਕਾਇਤ ਦਰਜ ਕਰਵਾਈ ਗਈ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਆਪ ਦੇ ਮੰਤਰੀ ਹਰਜੋਤ ਬੈਂਸ ਅੰਮ੍ਰਿਤਸਰ ਗਏ ਸਨ ਅਤੇ ਉਹਨਾਂ ਨੇ ਇਸ ਮਾਮਲੇ ਵਿਚ ਕੇਸ ਦਰਜ ਕਰਨ ਦੀ ਪੁਲਿਸ ਨੂੰ ਹਦਾਇਤ ਕੀਤੀ ਤੇ ਸਪਸ਼ਟ ਕਰ ਦਿੱਤਾ ਕਿ ਇਹ ਕੇਸ ਆਪ ਸਰਕਾਰ ਦਰਜ ਕਰਵਾਉਣਾ ਚਾਹੁੰਦੀ ਹੈ। ਸਰਦਾਰ ਰੋਮਾਣਾ ਨੇ ਕੇਸ ਵਿਚ ਐਸ ਆਈ ਟੀ ਵਾਸਤੇ ਅਫਸਰਾਂ ਦੀ ਚੋਣ ਦੇ ਤਰੀਕੇ ’ਤੇ ਵੀ ਇਤਰਾਜ਼ ਕੀਤਾ ਅਤੇ ਕਿਹਾ ਕਿ ਇਹਨਾਂ ਅਫਸਰਾਂ ਵਿਚ ਦਾਗੀ ਪੁਲਿਸ ਅਫਸਰ ਗੁਰਬੰਸ ਬੈਂਸ, ਆਪ ਆਗੂ ਦੇ ਭਰਾ ਡੀ ਐਸ ਪੀ ਬੇਅੰਤ ਜੁਨੇਜਾ ਅਤੇ ਐਸ ਪੀ ਹਰਪਾਲ ਸਿੰਘ ਨੂੰ ਸ਼ਾਮਲ ਕੀਤਾ ਗਿਆ ਜਿਸ ’ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸਰਦਾਰ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਵਾਉਣ ਦੇ ਦੋਸ਼ੀ ਦੀ ਪੁਸ਼ਤ ਪਨਾਹੀ ਕਰਨ ਦੇ ਦੋਸ਼ ਲੱਗੇ ਹਨ।

ਅਕਾਲੀ ਆਗੂ ਨੇ ਇਹ ਵੀ ਦੱਸਿਆ ਕਿ ਕਿਵੇਂ ਸਰੂਪ ਕੇਸ ਦੇ ਇਕ ਮੁਲਜ਼ਮ ਜਸਪ੍ਰੀਤ ਸਿੰਘ ਜਿਲਦਦਾਰ ਨੂੰ ਆਪ ਸਰਕਾਰ ਨੇ ਅੰਮ੍ਰਿਤਸਰ ਯੋਜਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ। ਉਹਨਾਂ ਕਿਹਾ ਕਿ ਸਰਕਾਰ ਸਪਸ਼ਟ ਕਰੇ ਕਿ ਇਹ ਕਿਵੇਂ ਹੋਇਆ ਤੇ ਜਿਲਦਦਾਰ ਜਸਪ੍ਰੀਤ ਦੇ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ।

Related Post