Amritsar : ਮਾਨਾਵਾਲਾ ਦੇ ਨਸ਼ਾ ਛੁਡਾਓ ਕੇਂਦਰ ਚ ਮੁੰਡੇ ਦੀ ਸ਼ੱਕੀ ਹਾਲਾਤਾਂ ਚ ਮੌਤ, ਪੁਲਿਸ ਨੇ ਕੇਂਦਰ ਦਾ ਮਾਲਕ ਹਿਰਾਸਤ ਚ ਲਿਆ

Amritsar Drug De Addiction : ਘਟਨਾ ਤੋਂ ਬਾਅਦ ਪੀੜਿਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਦੂਜੇ ਪਾਸੇ, ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੀ ਹੈ ਅਤੇ ਨਸ਼ਾ ਛੁਡਾਓ ਕੇਂਦਰ ਦੇ ਮਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

By  KRISHAN KUMAR SHARMA April 29th 2026 06:56 PM -- Updated: April 29th 2026 06:58 PM

Amritsar News : ਅੰਮ੍ਰਿਤਸਰ ਦੇ ਪਿੰਡ ਮਾਨਾਵਾਲਾ ਵਿੱਚ ਸਥਿਤ ਜੀਵਨ ਜਾਗ੍ਰਤੀ ਨਸ਼ਾ ਛੁਡਾਓ ਕੇਂਦਰ ਵਿੱਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਘਟਨਾ ਤੋਂ ਬਾਅਦ ਪੀੜਿਤ ਪਰਿਵਾਰ ਵੱਲੋਂ ਪੁਲਿਸ ਪ੍ਰਸ਼ਾਸਨ ਕੋਲ ਇਨਸਾਫ ਦੀ ਗੁਹਾਰ ਲਗਾਈ ਗਈ ਹੈ। ਦੂਜੇ ਪਾਸੇ, ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੀ ਹੈ ਅਤੇ ਨਸ਼ਾ ਛੁਡਾਓ ਕੇਂਦਰ (Drug De Addiction) ਦੇ ਮਾਲਕ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।

ਨਸ਼ਾ ਨਹੀਂ ਕਰਦਾ ਸੀ ਸੁਨੀਲ : ਪਰਿਵਾਰ ਦਾ ਦਾਅਵਾ

ਪੀੜਿਤ ਪਰਿਵਾਰ ਦੀ ਮੈਂਬਰ ਰੀਤੂ ਨੇ ਦੱਸਿਆ ਕਿ ਉਸਦਾ ਭਰਾ ਸਨੀ ਸ਼ਰਮਾ, ਜਿਸਦੀ ਉਮਰ ਕਰੀਬ 35-36 ਸਾਲ ਸੀ, ਕੁਝ ਸਮੇਂ ਤੋਂ ਡਿਪ੍ਰੈਸ਼ਨ ਨਾਲ ਜੂਝ ਰਿਹਾ ਸੀ ਅਤੇ ਉਸਦੀ ਦੇਖਭਾਲ ਲਈ ਉਸਨੂੰ ਇਸ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਸੀ। ਉਨ੍ਹਾਂ ਮੁਤਾਬਕ ਉਹ ਨਸ਼ਾ ਨਹੀਂ ਕਰਦਾ ਸੀ, ਸਿਰਫ ਮਾਨਸਿਕ ਤਣਾਅ ਕਾਰਨ ਇੱਥੇ ਰੱਖਿਆ ਗਿਆ ਸੀ। ਪਰਿਵਾਰ ਦਾ ਕਹਿਣਾ ਹੈ ਕਿ ਰਾਤ ਨੂੰ ਕੇਂਦਰ ਵੱਲੋਂ ਫੋਨ ਕਰਕੇ ਦੱਸਿਆ ਗਿਆ ਕਿ ਸਨੀ ਦੀ ਮੌਤ ਹੋ ਗਈ ਹੈ।

ਪਰਿਵਾਰ ਨੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਕੇਂਦਰ ਤੋਂ CCTV ਫੁਟੇਜ ਮੰਗੀ ਤਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਕੈਮਰੇ ਬੰਦ ਸਨ, ਜਿਸ ਨਾਲ ਸ਼ੱਕ ਹੋਰ ਵੱਧ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇੱਕ ਕਮਰੇ ਵਿੱਚ 15-20 ਲੋਕ ਰੱਖੇ ਜਾਂਦੇ ਹਨ, ਜਿਸ ਨਾਲ ਸੁਰੱਖਿਆ ‘ਤੇ ਸਵਾਲ ਖੜੇ ਹੁੰਦੇ ਹਨ। ਪਰਿਵਾਰ ਦਾ ਦਾਅਵਾ ਹੈ ਕਿ ਇਹ ਸਿਰਫ ਖੁਦਕੁਸ਼ੀ ਨਹੀਂ ਹੋ ਸਕਦੀ, ਸਗੋਂ ਇਸ ਦੇ ਪਿੱਛੇ ਕੋਈ ਸਾਜ਼ਿਸ਼ ਵੀ ਹੋ ਸਕਦੀ ਹੈ।

ਮ੍ਰਿਤਕ ਦੇ ਗਲੇ 'ਤੇ ਮਿਲੇ ਰੱਸੀ ਦੇ ਨਿਸ਼ਾਨ

ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਦੇ ਗਲ 'ਤੇ ਰੱਸੀ ਦੇ ਨਿਸ਼ਾਨ ਮਿਲੇ ਹਨ ਅਤੇ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਕੇਂਦਰ ਦੇ ਮਾਲਕ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਉੱਥੇ ਮੌਜੂਦ ਹੋਰ ਲੋਕਾਂ ਦੇ ਬਿਆਨ ਵੀ ਦਰਜ ਕੀਤੇ ਜਾ ਰਹੇ ਹਨ। ਉਨ੍ਹਾ ਕਿਹਾ ਕਿ ਮ੍ਰਿਤਕ ਦੀ ਪਹਿਚਾਨ ਸੁਨੀਲ ਸ਼ਰਮਾ ਵਜੋਂ ਹੋਈ ਹੈ ਜੋ ਅਜਨਾਲੇ ਦਾ ਰਹਿਣ ਵਾਲਾ ਹੈ ਜਿਸ ਦੀ ਉਮਰ 36 ਸਾਲ ਦੱਸੀ ਜਾ ਰਹੀ ਹੈ

ਪੁਲਿਸ ਨੇ ਕਿਹਾ ਕਿ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਜੋ ਵੀ ਦੋਸ਼ੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੀੜਿਤ ਪਰਿਵਾਰ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਨਿਰਪੱਖ ਜਾਂਚ ਕਰਕੇ ਅਸਲੀ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਨੂੰ ਇਨਸਾਫ ਮਿਲ ਸਕੇ।

Related Post