ਦਿੱਲੀ ਹਾਈਕੋਰਟ ਦੀ Virtual ਸੁਣਵਾਈ ਦੌਰਾਨ ਪ੍ਰਸਾਰਿਤ ਹੋਈ ਅਸ਼ਲੀਲ ਸਮੱਗਰੀ ! ਅਣਪਛਾਤੇ ਨੇ 3 ਵਾਰ ਸੁਣਵਾਈ ਕੀਤੀ ਹੈਕ
Delhi High Court : ਬੁੱਧਵਾਰ ਨੂੰ ਦਿੱਲੀ ਹਾਈ ਕੋਰਟ ਦੀ ਵਰਚੁਅਲ ਸੁਣਵਾਈ ਦੌਰਾਨ ਇੱਕ ਹੈਰਾਨੀਜਨਕ ਘਟਨਾ ਵਾਪਰੀ। ਸੁਣਵਾਈ ਦੌਰਾਨ ਉਸ ਸਮੇਂ ਗੰਭੀਰ ਵਿਘਨ ਪਿਆ, ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਆਨਲਾਈਨ ਪਲੇਟਫਾਰਮ (Virtual Hearing) 'ਤੇ ਅਸ਼ਲੀਲ ਸਮੱਗਰੀ ਪੋਸਟ ਕੀਤੀ। ਇਹ ਘਟਨਾ ਚੀਫ਼ ਜਸਟਿਸ ਦੇਵੇਂਦਰ ਕੁਮਾਰ ਉਪਾਧਿਆਏ ਅਤੇ ਜਸਟਿਸ ਤੇਜਸ ਕਰੀਆ ਦੀ ਡਿਵੀਜ਼ਨ ਬੈਂਚ ਦੇ ਸਾਹਮਣੇ ਵਾਪਰੀ।
ਜਾਣਕਾਰੀ ਅਨੁਸਾਰ, ਅਦਾਲਤ, ਸਪਲੀਮੈਂਟਰੀ ਸੂਚੀ 'ਤੇ ਮਾਮਲਿਆਂ ਦੀ ਸੁਣਵਾਈ ਕਰ ਰਹੀ ਸੀ, ਜਦੋਂ ਇੱਕ ਅਣਪਛਾਤੇ ਵਿਅਕਤੀ ਨੇ ਵਰਚੁਅਲ ਕਾਨਫਰੰਸਿੰਗ ਪਲੇਟਫਾਰਮ ਵਿੱਚ ਸ਼ਮੂਲੀਅਤ ਕੀਤੀ, ਫਿਰ ਉਸ ਨੇ ਆਪਣੀ ਸਕ੍ਰੀਨ ਸਾਂਝੀ ਕੀਤੀ ਅਤੇ ਅਸ਼ਲੀਲ ਵੀਡੀਓ ਚਲਾਉਣੇ ਸ਼ੁਰੂ ਕਰ ਦਿੱਤੇ। ਅਦਾਲਤ ਦੇ ਸਟਾਫ ਨੇ ਤੁਰੰਤ ਵਰਚੁਅਲ ਪਲੇਟਫਾਰਮ ਨੂੰ ਬੰਦ ਕਰ ਦਿੱਤਾ।
ਹਾਲਾਂਕਿ, ਜਦੋਂ ਸੁਣਵਾਈ ਥੋੜ੍ਹੀ ਦੇਰ ਬਾਅਦ ਦੁਬਾਰਾ ਸ਼ੁਰੂ ਹੋਈ, ਤਾਂ ਹੈਕਰ ਮੁੜ ਸਰਗਰਮ ਹੋ ਗਿਆ ਅਤੇ ਅਸ਼ਲੀਲ ਸਮੱਗਰੀ ਪੋਸਟ ਕੀਤੀ। ਇਸ ਕਾਰਨ ਪਲੇਟਫਾਰਮ ਨੂੰ ਦੂਜੀ ਵਾਰ ਬੰਦ ਕਰਨਾ ਪਿਆ। ਬਾਅਦ ਵਿੱਚ ਤੀਜੀ ਵਾਰ ਵੀ ਇਸੇ ਤਰ੍ਹਾਂ ਦੀ ਘਟਨਾ ਵਾਪਰੀ। ਘਟਨਾ ਦੌਰਾਨ ਇੱਕ ਆਵਾਜ਼ ਵੀ ਸੁਣਾਈ ਦਿੱਤੀ, "ਇਹ ਸੰਯੁਕਤ ਰਾਜ ਤੋਂ ਹੈਕ ਹੈ। ਮੀਟਿੰਗ ਨੂੰ ਤੁਰੰਤ ਬੰਦ ਕਰੋ।"
ਵਰਚੁਅਲ ਪਲੇਟਫਾਰਮ ਨੂੰ ਮੁੜ ਚਾਲੂ ਕਰ ਦਿੱਤਾ ਗਿਆ, ਪਰ ਸਾਰੇ ਭਾਗੀਦਾਰਾਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ, ਅਤੇ ਅਦਾਲਤ ਦੇ ਵੀਡੀਓ ਅਤੇ ਆਡੀਓ ਸਿਸਟਮ ਨੂੰ ਅਸਥਾਈ ਤੌਰ 'ਤੇ ਬੰਦ ਕਰ ਦਿੱਤਾ ਗਿਆ।
ਦਿੱਲੀ ਹਾਈ ਕੋਰਟ ਪ੍ਰਸ਼ਾਸਨ ਨੇ ਇਸ ਘਟਨਾ ਨੂੰ ਗੰਭੀਰ ਸੁਰੱਖਿਆ ਉਲੰਘਣਾ ਦੱਸਦਿਆਂ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਕੋਲ ਇੱਕ ਰਸਮੀ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਮਾਮਲੇ 'ਚ ਜਾਂਚ ਸ਼ੁਰੂ ਕਰ ਦਿੱਤੀ ਹੈ।
- PTC NEWS