ਅੰਮ੍ਰਿਤਸਰ 'ਚ ਖੜੇ ਟਰੱਕ 'ਚੋਂ ਡਰਾਈਵਰ ਦੀ ਲਾਸ਼ ਮਿਲੀ, ਲੋਕਾਂ 'ਚ ਮੱਚਿਆ ਹੜਕੰਪ
Amritsar : ਅੰਮ੍ਰਿਤਸਰ ਦੇ ਥਾਣਾ ਸੀ ਡਿਵੀਜ਼ਨ ਇਲਾਕੇ ਨੇੜੇ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਇੱਕ ਖੜੇ ਟਰੱਕ ਦੇ ਅੰਦਰੋਂ ਡਰਾਈਵਰ ਦੀ ਲਾਸ਼ ਬਰਾਮਦ ਹੋਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।
ਮ੍ਰਿਤਕ ਡਰਾਈਵਰ ਦੀ ਪਹਿਚਾਣ ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਵਜੋਂ ਹੋਈ ਹੈ। ਟਰੱਕ ਮਾਲਕ ਰਮਨ ਕੁਮਾਰ ਰਾਜੂ ਨੇ ਦੱਸਿਆ ਕਿ ਉਸਦੀ ਗੱਡੀ ਰਾਤ ਸਮੇਂ ਕਣਕ ਭਰ ਕੇ ਕਪੂਰਥਲਾ ਜਾਣ ਲਈ ਨਿਕਲੀ ਸੀ, ਪਰ ਸਵੇਰੇ ਜਦੋਂ ਉਸਨੇ ਜੀਪੀਐਸ ਚੈੱਕ ਕੀਤਾ ਤਾਂ ਗੱਡੀ ਅੰਮ੍ਰਿਤਸਰ ਵਿੱਚ ਖੜੀ ਨਜ਼ਰ ਆਈ। ਇਸ ਤੋਂ ਬਾਅਦ ਉਹ ਮੌਕੇ ‘ਤੇ ਪਹੁੰਚੇ ਤਾਂ ਟਰੱਕ ਦੇ ਅੰਦਰ ਡਰਾਈਵਰ ਮ੍ਰਿਤਕ ਹਾਲਤ ਵਿੱਚ ਮਿਲਿਆ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਛੋਟੇ-ਛੋਟੇ ਬੱਚੇ ਹਨ ਅਤੇ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਟਰੱਕ ਮਾਲਕ ਨੇ ਦੱਸਿਆ ਕਿ ਡਰਾਈਵਰ ਰਾਤ ਨੂੰ ਰਵਾਨਾ ਹੋਣ ਸਮੇਂ ਸਵੇਰੇ ਘਰ ਆਉਣ ਦੀ ਗੱਲ ਕਰ ਰਿਹਾ ਸੀ, ਪਰ ਅਚਾਨਕ ਇਹ ਦਰਦਨਾਕ ਘਟਨਾ ਵਾਪਰ ਗਈ। ਟਰੱਕ ਮਾਲਕ ਵੱਲੋਂ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ ਹੈ। ਉੱਥੇ ਹੀ ਐਸਪੀ ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਗੁਲਾਲੀ ਗੇਟ ਨੇੜੇ ਇੱਕ ਲਾਵਾਰਿਸ ਖੜੇ ਟਰੱਕ ਦੀ ਸੂਚਨਾ ਮਿਲੀ ਸੀ, ਜਿਸ 'ਤੇ ਏਸੀਪੀ ਅਤੇ ਥਾਣਾ ਸੀ ਡਿਵੀਜ਼ਨ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ। ਟਰੱਕ ਦੇ ਅੰਦਰੋਂ ਇੱਕ ਵਿਅਕਤੀ ਦੀ ਲਾਸ਼ ਮਿਲੀ, ਜਿਸ ਦੀ ਪਛਾਣ ਡਰਾਈਵਰ ਵਜੋਂ ਹੋਈ ਹੈ।
ਪੁਲਿਸ ਅਧਿਕਾਰੀ ਨੇ ਕਿਹਾ ਕਿ ਟਰੱਕ ਤਰਨਤਾਰਨ ਮੰਡੀ ਤੋਂ ਕਣਕ ਲੋਡ ਕਰਕੇ ਮੰਜ਼ਿਲ ਵੱਲ ਜਾਣਾ ਸੀ, ਪਰ ਟਰੱਕ ਰਸਤੇ ਵਿੱਚ ਹੀ ਅੰਮ੍ਰਿਤਸਰ ਵਿੱਚ ਲਾਵਾਰਿਸ ਹਾਲਤ ਵਿੱਚ ਖੜਾ ਮਿਲਿਆ। ਪੁਲਿਸ ਹਰ ਪੱਖੋਂ ਜਾਂਚ ਕਰ ਰਹੀ ਹੈ ਅਤੇ ਜੋ ਵੀ ਦੋਸ਼ੀ ਸਾਹਮਣੇ ਆਏਗਾ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- PTC NEWS