40ਵਾਂ ਸੁਰਜੀਤ ਹਾਕੀ ਟੂਰਨਾਮੈਂਟ: ਆਰਮੀ ਇਲੈਵਨ ਦਿੱਲੀ ਅਤੇ ਆਇਲ ਮੁੰਬਈ ਨੇ ਹਾਸਿਲ ਕੀਤੀ ਸ਼ਾਨਦਾਰ ਜਿੱਤ

ਅੱਜ ਦਾ ਪਹਿਲਾ ਲੀਗ ਮੈਚ ਪੂਲ ਬੀ ਵਿੱਚ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਸਾਬਕਾ ਜੇਤੂ ਆਰਮੀ ਇਲੈਵਨ ਵਿਚਕਾਰ ਖੇਡਿਆ ਗਿਆ।

By  Shameela Khan October 27th 2023 09:06 PM -- Updated: October 27th 2023 09:10 PM

ਜਲੰਧਰ:  ਆਰਮੀ ਇਲੈਵਨ ਦਿੱਲੀ ਨੇ ਪੰਜਾਬ ਪੁਲਿਸ ਜਲੰਧਰ ਨੂੰ 3-2 ਦੇ ਫਰਕ ਨਾਲ ਅਤੇ ਇੰਡੀਅਨ ਆਇਲ ਮੁੰਬਈ ਨੇ ਕੈਗ ਦਿੱਲੀ ਨੂੰ 7-1 ਦੇ ਫਰਕ ਨਾਲ ਹਰਾ ਕੇ ਲੀਗ ਗੇੜ ਵਿੱਚ ਤਿੰਨ ਅੰਕ ਹਾਸਲ ਕੀਤੇ। ਸਥਾਨਕ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਚੱਲ ਰਹੇ 40ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਤੀਜੇ ਦਿਨ ਲੀਗ ਰਾਊਂਡ ਦੇ ਦੋ ਮੈਚ ਖੇਡੇ ਗਏ। ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਬਣਾਈ।

ਅੱਜ ਦਾ ਪਹਿਲਾ ਲੀਗ ਮੈਚ ਪੂਲ ਬੀ ਵਿੱਚ ਸਾਬਕਾ ਜੇਤੂ ਪੰਜਾਬ ਪੁਲਿਸ ਅਤੇ ਸਾਬਕਾ ਜੇਤੂ ਆਰਮੀ ਇਲੈਵਨ ਵਿਚਕਾਰ ਖੇਡਿਆ ਗਿਆ। ਖੇਡ ਦੇ ਪਹਿਲੇ ਕੁਆਰਟਰ 'ਚ ਫੌਜ ਨੇ ਪੁਲਸ 'ਤੇ ਕਈ ਵਾਰ ਹਮਲੇ ਕੀਤੇ ਪਰ ਖੇਡ ਦੇ ਦੂਜੇ ਕੁਆਰਟਰ 'ਚ ਪੁਲਸ ਨੇ ਯੋਜਨਾਬੱਧ ਤਰੀਕੇ ਨਾਲ ਹਮਲਾ ਕੀਤਾ ਅਤੇ ਖੇਡ ਦੇ 27ਵੇਂ ਮਿੰਟ 'ਚ ਭਾਰਤੀ ਹਾਕੀ ਦੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਗੋਲ ਕਰ ਦਿੱਤਾ। ਟੀਮ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਦਿੱਤਾ। 1-0 ਨਾਲ ਕੀਤਾ।

 ਹਾਫ ਟਾਈਮ ਤੋਂ ਬਾਅਦ ਖੇਡ ਦੇ 35ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਹਰਮਨ ਸਿੰਘ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 1-1 ਕਰ ਦਿੱਤਾ। ਖੇਡ ਦੇ 37ਵੇਂ ਮਿੰਟ ਵਿੱਚ ਆਰਮੀ ਇਲੈਵਨ ਦੇ ਪਰਮਜੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-1 ਕਰ ਦਿੱਤਾ। 41ਵੇਂ ਮਿੰਟ ਵਿੱਚ ਮਾਸੀਹਿਦਾਸ ਹੈਰਿੰਗ ਨੇ ਮੈਦਾਨੀ ਗੋਲ ਕਰਕੇ ਸਕੋਰ 3-1 ਕਰ ਦਿੱਤਾ। ਖੇਡ ਦੇ ਆਖਰੀ ਮਿੰਟਾਂ ਵਿੱਚ ਪੰਜਾਬ ਪੁਲੀਸ ਵੱਲੋਂ ਓਲੰਪੀਅਨ ਮਨਪ੍ਰੀਤ ਸਿੰਘ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਸਕੋਰ 2-3 ਕਰ ਦਿੱਤਾ।

ਦੂਜਾ ਮੈਚ ਪੂਲ ਏ ਵਿੱਚ ਸਾਬਕਾ ਜੇਤੂ ਇੰਡੀਅਨ ਆਇਲ ਮੁੰਬਈ ਅਤੇ ਕੈਗ ਦਿੱਲੀ ਵਿਚਕਾਰ ਖੇਡਿਆ ਗਿਆ। ਖੇਡ ਦੇ ਚੌਥੇ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਗੁਰਜਿੰਦਰ ਸਿੰਘ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 1-0 ਕਰ ਦਿੱਤਾ। ਖੇਡ ਦੇ 12ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਸੁਨੀਲ ਯਾਦਵ ਨੇ ਪੈਨਲਟੀ ਸਟਰੋਕ ਨੂੰ ਗੋਲ ਵਿੱਚ ਬਦਲ ਕੇ ਸਕੋਰ 2-0 ਕਰ ਦਿੱਤਾ। ਖੇਡ ਦੇ 16ਵੇਂ ਮਿੰਟ ਵਿੱਚ ਇੰਡੀਅਨ ਆਇਲ ਵੱਲੋਂ ਓਲੰਪੀਅਨ ਸਿਮਰਨਜੀਤ ਸਿੰਘ ਨੇ ਪੈਨਲਟੀ ਕਾਰਨਰ ’ਤੇ ਗੋਲ ਕਰਕੇ ਸਕੋਰ 3-0 ਕਰ ਦਿੱਤਾ। 29ਵੇਂ ਮਿੰਟ ਵਿੱਚ ਇੰਡੀਅਨ ਆਇਲ ਦੇ ਅੰਤਰਰਾਸ਼ਟਰੀ ਖਿਡਾਰੀ ਤਲਵਿੰਦਰ ਸਿੰਘ ਨੇ ਮੈਦਾਨੀ ਗੋਲ ਕਰਕੇ ਸਕੋਰ 4-0 ਕਰ ਦਿੱਤਾ।

ਹਾਫ ਟਾਈਮ ਤੋਂ ਬਾਅਦ ਇੰਡੀਅਨ ਆਇਲ ਦੇ ਸੁਮਿਤ ਕੁਮਾਰ ਨੇ 34ਵੇਂ ਮਿੰਟ ਵਿੱਚ ਅਤੇ ਗੁਰਜਿੰਦਰ ਸਿੰਘ ਨੇ 42ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 6-0 ਕਰ ਦਿੱਤਾ। ਕੈਗ ਦੇ ਵੈਂਕਟੇਸ਼ ਤੇਲੁਗੂ ਨੇ ਖੇਡ ਦੇ 52ਵੇਂ ਮਿੰਟ ਵਿੱਚ ਗੋਲ ਕਰਕੇ ਸਕੋਰ 1-6 ਕਰ ਦਿੱਤਾ। ਇੰਡੀਅਨ ਆਇਲ ਦੇ ਗੁਰਜਿੰਦਰ ਸਿੰਘ ਨੇ 54ਵੇਂ ਮਿੰਟ ਵਿੱਚ ਗੋਲ ਕੀਤਾ। ਗੁਰਜਿੰਦਰ ਸਿੰਘ ਨੇ ਟੂਰਨਾਮੈਂਟ ਦੀ ਪਹਿਲੀ ਹੈਟ੍ਰਿਕ ਲਗਾ ਕੇ ਸਕੋਰ 7-1 ਕਰ ਦਿੱਤਾ।

ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਮੁਖਵਿੰਦਰ ਸਿੰਘ ਭੁੱਲਰ ਐਸਐਸਪੀ ਜਲੰਧਰ ਦਿਹਾਤੀ ਅਤੇ ਹਰਿੰਦਰ ਸਿੰਘ ਗਿੱਲ ਏਡੀਸੀਪੀ ਨੇ ਟੀਮਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਐਲ.ਆਰ.ਨਾਇਰ, ਰਵਿੰਦਰ ਸਿੰਘ ਪੋਵਾਰ, ਬਲਵਿੰਦਰ ਸਿੰਘ ਸੈਣੀ ਜਰਮਨੀ, ਰਣਬੀਰ ਸਿੰਘ ਰਾਣਾ ਤੂਤ, ਓਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਓਲੰਪੀਅਨ ਸੰਜੀਵ ਕੁਮਾਰ, ਓਲੰਪੀਅਨ ਮਨਦੀਪ ਸਿੰਘ, ਸੰਜੇ ਕੋਹਲੀ (ਰਕਸ਼ਕ), ਪ੍ਰਵੀਨ ਗੁਪਤਾ, ਗੁਰਚਰਨ ਸਿੰਘ ਏਅਰ ਇੰਡੀਆ, ਰਮਨੀਕ ਰੰਧਾਵਾ. , ਗੌਰਵ ਮਹਾਜਨ (ਜੋਨੇਕਸ), ਓਲੰਪੀਅਨ ਰਜਿੰਦਰ ਸਿੰਘ, ਰਾਮ ਪ੍ਰਤਾਪ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਨਰਿੰਦਰਪਾਲ ਸਿੰਘ ਜੱਜ, ਲਖਵਿੰਦਰ ਪਾਲ ਸਿੰਘ ਖਹਿਰਾ, ਲਖਬੀਰ ਸਿੰਘ ਨਾਰਵੇ, ਮਹਿੰਦਰ ਸਿੰਘ ਕਾਰਜਕਾਰੀ ਮੈਂਬਰ ਜਿਮਖਾਨਾ ਕਲੱਬ, ਸਤਪਾਲ ਤੂਰ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ ।

ਵਿਸ਼ੇਸ ਸਾਰੰਗਲ, ਆਈ.ਏ.ਐਸ., ਡਿਪਟੀ ਕਮਿਸ਼ਨਰ ਜਲੰਧਰ ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਇਹ ਟੂਰਨਾਮੈਂਟ ਹਰ ਸਾਲ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਾਬਕਾ ਓਲੰਪੀਅਨ ਮਰਹੂਮ ਸਰਦਾਰ ਸੁਰਜੀਤ ਸਿੰਘ ਰੰਧਾਵਾ ਦੇ ਨਾਮ ਨੂੰ ਜ਼ਿੰਦਾ ਰੱਖਣ ਲਈ, ਜੋ 7 ਜਨਵਰੀ, 1984 ਨੂੰ ਜਲੰਧਰ ਨੇੜੇ ਇੱਕ ਭਿਆਨਕ ਕਾਰ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠੇ ਸਨ ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਵੱਲੋਂ ਟੂਰਨਾਮੈਂਟ ਕਰਵਾਇਆ ਜਾਂਦਾ ਹੈ

 ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 32 ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਏਸ਼ੀਆ ਦੀ ਸਭ ਤੋਂ ਵੱਡੀ ਅਤੇ ਮੋਹਰੀ ਮਹਾਰਤਨ ਆਇਲ ਕੰਪਨੀ 'ਇੰਡੀਅਨ ਆਇਲ ਕਾਰਪੋਰੇਸ਼ਨ ਲਿਮਿਟੇਡ'  ਟੂਰਨਾਮੈਂਟ ਦੀ ਮੁੱਖ ਟਾਈਟਲ ਸਪਾਂਸਰ ਹੋਵੇਗੀ ਜਦਕਿ ਅਮਰੀਕਾ ਦੇ ਗਾਖਲ ਬ੍ਰਦਰਜ਼ ਟੂਰਨਾਮੈਂਟ ਦੇ ਸਹਿ ਸਪਾਂਸਰ ਹੋਣਗੇ।

 ਇੱਥੇ ਇਹ ਵੀ ਦੱਸਣਯੋਗ ਹੈ ਕਿ ਜੇਤੂ ਟੀਮ ਨੂੰ ਅਮਰੀਕਾ ਦੀ ਪ੍ਰਸਿੱਧ ਗਾਖਲ ਬ੍ਰਦਰਜ਼ ਗਰੁੱਪ (Gakhal Brothers Group) ਵੱਲੋਂ 5.50 ਲੱਖ ਰੁਪਏ ਦੀ ਇਨਾਮ ਰਾਸ਼ੀ ਵੰਡੀ ਜਾਵੇਗੀ। ਉੱਥੇ ਹੀ ਰੰਨਰ ਅੱਪ ਟੀਮ ਨੂੰ NRI ਬਲਵਿੰਦਰ ਸਿੰਘ ਸੈਣੀ ਵੱਲੋਂ 2.50 ਲੱਖ ਰੁਪਏ ਦਾ ਨਗਦ ਇਨਾਮ ਵੰਡਿਆ ਜਾਵੇਗਾ।




Related Post