ਹਵਾਈ ਫਾਇਰ ਤੇ ਹੁੱਲੜਬਾਜ਼ੀ ਕਰਨ ਵਾਲੇ 5 ਨੌਜਵਾਨ ਹਥਿਆਰਾਂ ਸਣੇ ਕਾਬੂ

By  Ravinder Singh November 21st 2022 02:53 PM

ਅੰਮ੍ਰਿਤਸਰ : ਅੰਮ੍ਰਿਤਸਰ ਪੁਲਿਸ ਵੱਲੋਂ ਗ਼ੈਰ ਸਮਾਜਿਕ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ। ਐਤਵਾਰ ਨੂੰ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਦੇ ਥਾਣਾ ਮਜੀਠਾ ਦੀ ਪੁਲਿਸ ਪਾਰਟੀ ਨੂੰ ਗਸ਼ਤ ਦੌਰਾਨ ਮੁਖ਼ਬਰ ਖਾਸ ਨੇ ਇਤਲਾਹ ਦਿੱਤੀ ਕਿ ਖਾਸਾ ਪੱਤੀ ਮਜੀਠਾ ਵਿਖੇ 2 ਧਿਰਾਂ ਜਿਨ੍ਹਾਂ 'ਚ ਇਕ ਪਾਸੇ ਰਵੀ ਪੁੱਤਰ ਜਸਪਾਲ ਸਿੰਘ ਤੇ ਦੂਜੇ ਪਾਸੇ ਤੋਂ ਸੁਖਚੈਨ ਸਿੰਘ ਆਪਣੇ-ਆਪਣੇ ਹਥਿਆਰਾਂ ਨਾਲ ਹਵਾਈ ਫਾਇਰ ਕਰ ਰਹੇ ਸਨ ਤੇ ਇੱਟਾਂ ਰੋੜ ਚਲਾ ਕੇ ਹੁਲੜਬਾਜ਼ੀ ਕਰਕੇ ਸਹਿਮ ਦਾ ਮਾਹੌਲ ਪੈਦਾ ਕਰ ਰਹੇ ਸਨ। 


ਇਸ 'ਤੇ ਥਾਣਾ ਮਜੀਠਾ ਦੀ ਪੁਲਿਸ ਨੇ ਹਾਲਾਤ ਦੀ ਗੰਭੀਰਤਾ ਨੂੰ ਦੇਖਦੇ ਹੋਏ ਮੁਸਤੈਦੀ ਨਾਲ ਕਾਰਵਾਈ ਕਰਦੇ ਹੋਏ ਮੌਕੇ ਉਤੇ ਪੁੱਜ ਕੇ ਦੋਵੇਂ ਧਿਰਾਂ ਦੇ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀ ਮੁਲਜ਼ਮਾਂ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ : ਰਾਸ਼ਨ ਕਾਰਡ 'ਤੇ 'ਦੱਤਾ' ਦੀ ਥਾਂ ਲਿਖਿਆ 'ਕੁੱਤਾ', ਅਧਿਕਾਰੀਆਂ ਨੂੰ ਲੱਗਾ 'ਭੌਂਕਣ', ਦੇਖੋ ਵੀਡੀਓ

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸੁਖਚੈਨ ਸਿੰਘ ਪੁੱਤਰ ਸਾਹ ਬ੍ਰਹਮ ਸਿੰਘ, ਰਾਜ ਬੱਬਰ ਉਰਫ ਗੋਥਰ ਪੁੱਤਰ ਜਸਪਾਲ ਸਿੰਘ, ਜਸ਼ਨਪ੍ਰੀਤ ਸਿੰਘ ਪੁੱਤ ਮਹਿੰਦਰ ਸਿੰਘ, ਲਵਪ੍ਰੀਤ ਸਿੰਘ ਉਰਫ ਭੂਪਾ ਪੁੱਤਰ ਸਾਹਿਬ ਸਿੰਘ ਵਾਸੀਆਨ ਮਜੀਠਾ ਤੇ ਜੋਬਨਜੀਤ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਦਾਦਪੁਰਾ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 2 ਨਾਜਾਇਜ਼ ਪਿਸਟਲ 32 ਬੋਰ ਸਮੇਤ ਇਕ ਰੋਂਦ, 2 ਮੈਗਜ਼ੀਨ, ਰਾਈਫਲ 12 ਬੋਰ ਤੇ ਮੌਕੇ ਤੋਂ 17 ਬੋਰ ਪਿਸਟਲ 32 ਬੋਰ ਤੇ 7 ਖੋਲ ਰਾਈਫਲ 12 ਬੋਰ ਪੁਲਿਸ ਵੱਲੋਂ ਕਬਜ਼ੇ 'ਚ ਲਏ ਗਏ ਹਨ। ਪੁਲਿਸ ਵੱਲੋਂ ਮੁਲਜ਼ਮਾਂ ਕੋਲੋਂ ਪੁੱਛਗਿੱਛ ਤੇ ਤਫਤੀਸ਼ ਜਾਰੀ ਹੈ। ਇਸ ਸਬੰਧੀ ਥਾਣਾ ਮਜੀਠਾ ਵਿੱਚ ਸਬੰਧਤ ਧਾਰਾਵਾਂ ਤਹਿਤ ਮੁਕੱਦਮਾ ਦਰਜ ਰਜਿਸਟਰ ਕਰ ਲਿਆ ਗਿਆ ਹੈ।

Related Post