shopping mall in Iraq : ਇਰਾਕ ਦੇ ਸ਼ਾਪਿੰਗ ਮਾਲ ’ਚ ਭਿਆਨਕ ਅੱਗ ਦਾ ਤਾਂਡਵ, 50 ਲੋਕ ਜ਼ਿੰਦਾ ਸੜੇ
ਇਰਾਕ ਦੇ ਕੁਤ ਸ਼ਹਿਰ ਦੇ ਇੱਕ ਸ਼ਾਪਿੰਗ ਮਾਲ ਵਿੱਚ ਭਿਆਨਕ ਅੱਗ ਲੱਗਣ ਕਾਰਨ 50 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਰਾਤ ਨੂੰ ਲੱਗੀ ਅੱਗ ਕਾਰਨ ਪੰਜ ਮੰਜ਼ਿਲਾ ਮਾਲ ਅੱਗ ਦੀਆਂ ਲਪਟਾਂ ਵਿੱਚ ਘਿਰ ਗਿਆ। ਇਸ ਸਬੰਧੀ ਵੀਡੀਓ ਵੀ ਵਾਇਰਲ ਹੋ ਰਹੀਆਂ ਹਨ।
Shopping Mall in Iraq : ਇਰਾਕ ਦੇ ਇੱਕ ਸ਼ਾਪਿੰਗ ਮਾਲ ਵਿੱਚ ਲੱਗੀ ਭਿਆਨਕ ਅੱਗ ਵਿੱਚ ਘੱਟੋ-ਘੱਟ 50 ਲੋਕਾਂ ਦੇ ਜ਼ਿੰਦਾ ਸੜ ਜਾਣ ਦੀ ਖ਼ਬਰ ਹੈ। ਨਿਊਜ਼ ਏਜੰਸੀ ਏਐਫਪੀ ਦੇ ਅਨੁਸਾਰ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਦਸਾ ਇਰਾਕ ਦੇ ਅਲ-ਕੁਟ ਵਿੱਚ ਇੱਕ ਸੁਪਰਮਾਰਕੀਟ ਵਿੱਚ ਵਾਪਰਿਆ। ਵਾਇਰਲ ਤਸਵੀਰਾਂ ਤੋਂ ਪਤਾ ਚੱਲਦਾ ਹੈ ਕਿ ਇਮਾਰਤ ਦੇ ਇੱਕ ਵੱਡੇ ਹਿੱਸੇ ਨੂੰ ਅੱਗ ਲੱਗੀ ਹੋਈ ਹੈ ਅਤੇ ਧੂੰਆਂ ਨਿਕਲ ਰਿਹਾ ਹੈ।
ਇਰਾਕ ਦੀ ਸਰਕਾਰੀ ਸਮਾਚਾਰ ਏਜੰਸੀ ਆਈਐਨਏ ਨੇ ਵਾਸਿਤ ਪ੍ਰਾਂਤ ਦੇ ਗਵਰਨਰ ਮੁਹੰਮਦ ਅਲ-ਮਾਇਆਹੀ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਵਿੱਚ, ਇੱਕ ਪੰਜ ਮੰਜ਼ਿਲਾ ਇਮਾਰਤ ਅੱਗ ਦੀਆਂ ਲਪਟਾਂ ਵਿੱਚ ਘਿਰੀ ਹੋਈ ਦਿਖਾਈ ਦੇ ਰਹੀ ਹੈ, ਜਿੱਥੇ ਫਾਇਰਫਾਈਟਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਇਲਾਕੇ ਦੇ ਗਵਰਨਰ ਨੇ ਕਿਹਾ ਕਿ ਅੱਗ ਉਸ ਸਮੇਂ ਲੱਗੀ ਜਦੋਂ ਬਹੁਤ ਸਾਰੇ ਪਰਿਵਾਰ ਬਾਜ਼ਾਰ ਵਿੱਚ ਰੈਸਟੋਰੈਂਟ ਵਿੱਚ ਖਾਣਾ ਖਾ ਰਹੇ ਸਨ ਅਤੇ ਲੋਕ ਦੁਕਾਨਾਂ ਵਿੱਚ ਖਰੀਦਦਾਰੀ ਕਰ ਰਹੇ ਸਨ।
ਦੱਸ ਦਈਏ ਕਿ ਇਹ ਸ਼ਾਪਿੰਗ ਮਾਲ ਹਾਲ ਹੀ ਵਿੱਚ ਬਣਾਇਆ ਗਿਆ ਸੀ ਅਤੇ ਮੁੱਢਲੀਆਂ ਰਿਪੋਰਟਾਂ ਕਹਿ ਰਹੀਆਂ ਹਨ ਕਿ ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਸੀ। ਘਟਨਾ ਵਿੱਚ ਹੋਈਆਂ ਮੌਤਾਂ ਕਾਰਨ, ਗਵਰਨਰ ਨੇ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕੀਤਾ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ, ਜਿਸ ਦੇ ਨਤੀਜੇ 48 ਘੰਟਿਆਂ ਵਿੱਚ ਆਉਣ ਦੀ ਉਮੀਦ ਹੈ।
ਇਹ ਵੀ ਪੜ੍ਹੋ : America ਦੇ ਅਲਾਸਕਾ ਵਿੱਚ 7.3 ਤੀਬਰਤਾ ਦਾ ਆਇਆ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ