ਫਿਰੋਜ਼ਪੁਰ ਚ ਸਤਲੁਜ ਦਰਿਆ ਚ ਵੱਡਾ ਹਾਦਸਾ ਹੋਣੋਂ ਟਲਿਆ, ਪਾਣੀ ਦੇ ਤੇਜ਼ ਵਹਾਅ ਚ ਫਸੇ 50 ਵਿਅਕਤੀ ਵਾਲ-ਵਾਲ ਬਚੇ

Ferozepur News : ਜਾਣਕਾਰੀ ਅਨੁਸਾਰ ਜਦੋਂ ਇਹ ਲੋਕ ਵਾਪਸ ਆਉਣ ਲੱਗੇ ਤਾਂ ਉਨ੍ਹਾਂ ਦੀ ਕਿਸ਼ਤੀ ਪਾਕਿਸਤਾਨ ਵੱਲ ਵਧਣ ਲੱਗੀ ਅਤੇ ਪਲਟਣ ਵਾਲੀ ਸੀ। ਸਥਿਤੀ ਨੂੰ ਗੰਭੀਰ ਹੁੰਦੇ ਦੇਖ ਕੇ ਪਿੰਡ ਦੇ ਕੁਝ ਨੌਜਵਾਨ ਦੂਜੀ ਕਿਸ਼ਤੀ ਵਿੱਚ ਪਹੁੰਚੇ ਅਤੇ ਸਾਰਿਆਂ ਨੂੰ ਸੁਰੱਖਿਅਤ ਕਿਨਾਰੇ 'ਤੇ ਪਹੁੰਚਾਇਆ।

By  KRISHAN KUMAR SHARMA August 12th 2025 04:30 PM -- Updated: August 12th 2025 08:57 PM

50 Rescue in Satluj River : ਮੌਸਮ ਵਿਭਾਗ ਵੱਲੋਂ ਬੀਤੇ ਦਿਨ ਪੰਜਾਬ, ਹਰਿਆਣਾ ਅਤੇ ਹਿਮਾਚਲ ਵਿੱਚ ਭਾਰੀ ਮੀਂਹ ਨੂੰ ਲੈ ਕੇ ਭਵਿੱਖਬਾਣੀ ਕੀਤੀ ਗਈ ਸੀ, ਜਿਸ ਦਾ ਅਸਰ ਲਗਾਤਾਰ ਵਿਖਾਈ ਦੇ ਰਿਹਾ ਹੈ। ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਬਾਰਿਸ਼ ਕਾਰਨ ਨਦੀਆਂ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਪੰਜਾਬ ਵਿੱਚ ਫਿਰੋਜ਼ਪੁਰ ਦੇ ਸਰਹੱਦੀ ਕਸਬਾ ਮਮਦੋਟ ਦੇ ਗਜ਼ਨੀ ਵਾਲਾ ਪਿੰਡ ਨੇੜੇ ਸਤਲੁਜ ਦਰਿਆ 'ਚ ਵੀ ਇੱਕ ਵੱਡਾ ਹਾਦਸਾ ਉਦੋਂ ਟਲ ਗਿਆ, ਜਦੋਂ ਦਰਿਆ ਪਾਰ ਖੇਤੀ ਕਰਨ ਗਏ ਔਰਤਾਂ ਸਮੇਤ ਲਗਭਗ 50 ਲੋਕ ਪਾਣੀ ਦੇ ਤੇਜ਼ ਵਹਾਅ ਵਿੱਚ ਫਸ ਗਏ।

ਜਾਣਕਾਰੀ ਅਨੁਸਾਰ ਜਦੋਂ ਇਹ ਲੋਕ ਵਾਪਸ ਆਉਣ ਲੱਗੇ ਤਾਂ ਉਨ੍ਹਾਂ ਦੀ ਕਿਸ਼ਤੀ ਪਾਕਿਸਤਾਨ ਵੱਲ ਵਧਣ ਲੱਗੀ ਅਤੇ ਪਲਟਣ ਵਾਲੀ ਸੀ। ਸਥਿਤੀ ਨੂੰ ਗੰਭੀਰ ਹੁੰਦੇ ਦੇਖ ਕੇ ਪਿੰਡ ਦੇ ਕੁਝ ਨੌਜਵਾਨ ਦੂਜੀ ਕਿਸ਼ਤੀ ਵਿੱਚ ਪਹੁੰਚੇ ਅਤੇ ਸਾਰਿਆਂ ਨੂੰ ਸੁਰੱਖਿਅਤ ਕਿਨਾਰੇ 'ਤੇ ਪਹੁੰਚਾਇਆ। ਪਿੰਡ ਵਾਸੀਆਂ ਅਨੁਸਾਰ ਗਜ਼ਨੀ ਵਾਲਾ ਪਿੰਡ ਦਰਿਆ ਦੇ ਪਾਰ ਸਥਿਤ ਹੈ ਅਤੇ ਲੋਕ ਹਰ ਰੋਜ਼ ਕਿਸ਼ਤੀ ਰਾਹੀਂ ਖੇਤੀ ਕਰਨ ਜਾਂਦੇ ਹਨ, ਪਰ ਇਹ ਹਾਦਸਾ ਪਾਣੀ ਦੇ ਪੱਧਰ ਵਿੱਚ ਵਾਧੇ ਅਤੇ ਤੇਜ਼ ਕਰੰਟ ਕਾਰਨ ਵਾਪਰਿਆ।

ਦਰਿਆਵਾਂ 'ਚ ਪਾਣੀ ਦੇ ਪੱਧਰ ਦੀ ਸਥਿਤੀ

11 ਅਗਸਤ, 2025 ਨੂੰ ਸਵੇਰੇ 6 ਵਜੇ ਤੱਕ, ਸਤਲੁਜ, ਬਿਆਸ ਅਤੇ ਰਾਵੀ ਦਰਿਆਵਾਂ 'ਤੇ ਬਣੇ ਪ੍ਰਮੁੱਖ ਡੈਮਾਂ ਵਿੱਚ ਪਾਣੀ ਦਾ ਪੱਧਰ ਆਪਣੀ ਕੁੱਲ ਸਮਰੱਥਾ ਦੇ 75 ਪ੍ਰਤੀਸ਼ਤ ਤੋਂ ਵੱਧ ਪਹੁੰਚ ਗਿਆ ਹੈ। ਸਤਲੁਜ ਦਰਿਆ 'ਤੇ ਸਥਿਤ ਭਾਖੜਾ ਡੈਮ ਦਾ ਪੂਰਾ ਭਰਨ ਦਾ ਪੱਧਰ 1685 ਫੁੱਟ ਹੈ ਅਤੇ ਇਸਦੀ ਸਮਰੱਥਾ 5.918 MAF ਹੈ। ਇਸ ਸਮੇਂ, ਇਸਦਾ ਪਾਣੀ ਦਾ ਪੱਧਰ 1646.55 ਫੁੱਟ ਹੈ, ਜਿਸ ਵਿੱਚ 4.462 MAF ਪਾਣੀ ਮੌਜੂਦ ਹੈ, ਜੋ ਕਿ ਕੁੱਲ ਸਮਰੱਥਾ ਦਾ 75.40 ਪ੍ਰਤੀਸ਼ਤ ਹੈ। ਪਿਛਲੇ ਸਾਲ ਉਸੇ ਦਿਨ, ਪਾਣੀ ਦਾ ਪੱਧਰ 1620.06 ਫੁੱਟ ਸੀ ਅਤੇ ਸਮਰੱਥਾ 3.601 MAF ਸੀ।

ਇਸੇ ਤਰ੍ਹਾਂ, ਬਿਆਸ ਦਰਿਆ 'ਤੇ ਬਣੇ ਪੋਂਗ ਡੈਮ ਦਾ ਪੂਰਾ ਭਰਨ ਦਾ ਪੱਧਰ 1400 ਫੁੱਟ ਹੈ ਅਤੇ ਇਸਦੀ ਸਮਰੱਥਾ 6.127 MAF ਹੈ। ਅੱਜ ਸਵੇਰੇ ਇਸਦਾ ਪੱਧਰ 1376.05 ਫੁੱਟ ਸੀ ਅਤੇ ਪਾਣੀ ਦੀ ਮਾਤਰਾ 4.703 ਐਮ.ਏ.ਐਫ. ਸੀ, ਜੋ ਕਿ ਕੁੱਲ ਸਮਰੱਥਾ ਦਾ 76.76 ਪ੍ਰਤੀਸ਼ਤ ਹੈ। ਪਿਛਲੇ ਸਾਲ ਇਸੇ ਦਿਨ, ਪਾਣੀ ਦਾ ਪੱਧਰ 1341.43 ਫੁੱਟ ਸੀ ਅਤੇ ਸਮਰੱਥਾ 3.016 ਐਮ.ਏ.ਐਫ. ਸੀ।

Related Post