ਤੇਜ਼ ਰਫ਼ਤਾਰ ਥਾਰ ਨੇ ਭੈਣ ਦੇ ਵਿਆਹ ਲਈ ਸਾਮਾਨ ਲੈਣ ਆਏ ਦੋ ਨੌਜਵਾਨਾਂ ਨੂੰ ਦਰੜਿਆ, ਵੀਡੀਓ ਵਾਇਰਲ

By  Ravinder Singh February 13th 2023 01:47 PM -- Updated: February 13th 2023 01:51 PM

ਲੁਧਿਆਣਾ : ਲੁਧਿਆਣਾ ਜ਼ਿਲ੍ਹੇ ਵਿਚੋਂ ਇਕ ਬਹੁਤ ਹੀ ਭਿਆਨਕ ਵੀਡੀਓ ਸਾਹਮਣੇ ਆਈ ਹੈ। ਲੁਧਿਆਣਾ ਦੇ ਚੌੜਾ ਬਾਜ਼ਾਰ ਵਿਚ ਇਕ ਤੇਜ਼ ਰਫਤਾਰ ਥਾਰ ਨੇ ਤਿੰਨ ਵਿਅਕਤੀਆਂ ਨੂੰ ਦਰੜ ਦਿੱਤਾ। ਦੁਕਾਨ ਦਾ ਕਰਿੰਦਾ ਦੁਕਾਨ ਦੇ ਬਾਹਰ ਗਾਹਕਾਂ ਨੂੰ ਦੇਖ ਰਿਹਾ ਸੀ, ਉਦੋਂ ਅਚਾਨਕ ਇਕ ਤੇਜ਼ ਰਫ਼ਤਾਰ ਬੇਕਾਬੂ ਥਾਰ ਚਾਲਕ ਨੇ ਉਸ ਨੂੰ ਦਰੜ ਦਿੱਤਾ। ਉਥੇ ਹੀ ਆਪਣੀ ਭੈਣ ਦੇ ਵਿਆਹ ਲਈ ਖ਼ਰੀਦਦਾਰੀ ਕਰਨ ਆਏ ਦੋ ਭਰਾਵਾਂ ਨੂੰ ਕੁਚਲ ਦਿੱਤਾ।


ਇਸ ਹਾਦਸੇ 'ਚ ਤਿੰਨ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਜ਼ਖਮੀਆਂ ਦੀ ਪਛਾਣ ਵਰੁਣ, ਸ਼ਰਨਜੀਤ ਅਤੇ ਮਨਿੰਦਰ ਸਿੰਘ ਵਜੋਂ ਹੋਈ ਹੈ। ਸ਼ਰਨਜੀਤ ਤੇ ਮਨਿੰਦਰ ਦੋਵੇਂ ਫਤਿਹਗੜ੍ਹ ਸਾਹਿਬ ਤੋਂ ਆਏ ਸਨ। ਦੁਕਾਨ ਦੇ ਬਾਹਰ ਪਿਆ ਸਾਮਾਨ ਵੀ ਖਿੱਲਰਿਆ ਪਿਆ ਸੀ। ਦੁਕਾਨਦਾਰ ਨੇ ਦੱਸਿਆ ਕਿ ਉਸ ਦਾ 1 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਹਾਦਸੇ ਮਗਰੋਂ ਰੌਲਾ ਪੈਣ ਉਤੇ ਆਸ-ਪਾਸ ਦੇ ਦੁਕਾਨਦਾਰ ਇਕੱਠੇ ਹੋ ਗਏ।


ਦੁਕਾਨਦਾਰਾਂ ਨੇ ਤੁਰੰਤ ਥਾਰ ਚਾਲਕ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫ਼ਰਾਰ ਹੋ ਗਿਆ। ਨੌਜਵਾਨ ਨੇੜਲੇ ਇਲਾਕੇ ਦਾ ਹੋਣ ਦੀ ਚਰਚਾ ਹੈ। ਇਸ ਦੇ ਨਾਲ ਹੀ ਤਿੰਨਾਂ ਜ਼ਖਮੀ ਨੌਜਵਾਨਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਸ਼ਰਨਜੀਤ ਤੇ ਵਰੁਣ ਦੀਆਂ ਲੱਤਾਂ ਟੁੱਟ ਗਈਆਂ ਹਨ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨੂੰ ਨਹੀਂ ਮਿਲੀ ਇਸ ਮਹੀਨੇ ਦੀ ਤਨਖਾਹ, ਦੱਸਿਆ ਜਾ ਰਿਹਾ ਇਹ ਕਾਰਨ

ਡਾਕਟਰਾਂ ਅਨੁਸਾਰ ਲੱਤ 'ਚ ਪਲੇਟ ਲੱਗੇਗੀ। ਦੱਸਿਆ ਜਾ ਰਿਹਾ ਹੈ ਕਿ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਹੈ। ਘਟਨਾ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਈ। ਪੁਲਿਸ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਫੁਟੇਜ ਕਬਜ਼ੇ ਵਿਚ ਲੈ ਲਈ ਹੈ। ਪੁਲਿਸ ਮੁਤਾਬਕ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ। ਜਦੋਂਕਿ ਥਾਰ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ।

Related Post