ਆਪ ਸਰਕਾਰ ਪੇਂਡੂ ਖੇਤਰ ਲਈ ਬਿਜਲੀ ਸਪਲਾਈ ਦੇ ਕੁਪ੍ਰਬੰਧਨ ਨਾਲ ਖੇਤੀ ਅਰਥਚਾਰੇ ਨੂੰ ਖ਼ਤਰੇ ਵਿਚ ਪਾ ਰਹੀ ਹੈ: ਸੁਖਬੀਰ ਸਿੰਘ ਬਾਦਲ

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਵੱਲੋਂ ਝੋਨੇ ਦੀ ਫਸਲ ਲਈ ਢੁਕਵੀਂ ਬਿਜਲੀ ਸਪਲਾਈ ਨਾ ਦੇਣ ਕਾਰਣ ਝੋਨੇ ਦੀ ਫਸਲ ਪ੍ਰਭਾਵਤ ਹੋ ਰਹੀ ਹੈ।

By  Amritpal Singh July 22nd 2024 05:40 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੇਂਡੂ ਖੇਤਰ ਵਿਚ ਬਿਜਲੀ ਸਪਲਾਈ ਦੇ ਕੁਪ੍ਰਬੰਧਨ ਨਾਲ ਖੇਤਰੀ ਅਰਥਚਾਰੇ ਨੂੰ ਖ਼ਤਰੇ ਵਿਚ ਪਾ ਰਹੀ ਹੈ ਅਤੇ ਵਾਰ-ਵਾਰ ਬਿਜਲੀ ਕੱਟਾਂ ਕਾਰਣ ਝੋਨੇ ਦੀ ਲੁਆਈ ’ਤੇ ਮਾਰੂ ਅਸਰ ਪਿਆ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਜਿਸ ਵੇਲੇ ਨਹਿਰਾਂ ਤਕਰੀਬਨ ਸੁੱਕੀਆਂ ਹਨ, ਆਪ ਸਰਕਾਰ ਪੇਂਡੂ ਖੇਤਰ ਲਈ ਬਿਨਾਂ ਰੁਕਾਵਟ 8 ਘੰਟੇ ਬਿਜਲੀ ਸਪਲਾਈ ਪ੍ਰਦਾਨ ਕਰਨ ਵਿਚ ਨਾਕਾਮ ਰਹੀ ਹੈ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡੇ-ਵੱਡੇ ਦਾਅਵੇ ਕੀਤੇ ਸਨ ਕਿ ਉਹਨਾਂ ਨੇ ਝੋਨੇ ਦੀ ਲੁਆਈ ਵਾਸਤੇ ਲੋੜੀਂਦੇ ਪ੍ਰਬੰਧ ਕੀਤੇ ਹਨ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਸਿਰਫ 4 ਤੋਂ 5 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ ਜਿਸ ਕਾਰਣ ਕਿਸਾਨਾਂ ਨੂੰ ਪਹਿਲਾਂ ਲਾਏ ਝੋਨੇ ਬਦਲੇ ਨਵੇਂ ਸਿਰੇ ਤੋਂ ਝੋਨਾ ਲਾਉਣਾ ਪੈ ਰਿਹਾ ਹੈ।

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਵੱਲੋਂ ਝੋਨੇ ਦੀ ਫਸਲ ਲਈ ਢੁਕਵੀਂ ਬਿਜਲੀ ਸਪਲਾਈ ਨਾ ਦੇਣ ਕਾਰਣ ਝੋਨੇ ਦੀ ਫਸਲ ਪ੍ਰਭਾਵਤ ਹੋ ਰਹੀ ਹੈ। ਉਹਨਾਂ ਕਿਹਾ ਕਿ ਵਿਆਪਕ ਸ਼ਿਕਾਇਤਾਂ ਅਤੇ ਰੋਸ ਪ੍ਰਦਰਸ਼ਨਾਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਖੰਡਨ ਕਰ ਰਹੇ ਹਨ ਤੇ ਇਹ ਮੰਨਣ ਲਈ ਤਿਆਰ ਨਹੀਂ ਹਨ ਕਿ ਇਹ ਸੰਕਟ ਉਪਜਿਆ ਹੈ। ਉਹਨਾਂ ਕਿਹਾ ਕਿ ਪੇਂਡੂ ਖੇਤਰ ਤੋਂ ਇਲਾਵਾ ਸਾਰੇ ਕਸਬਿਆਂ ਤੇ ਸ਼ਹਿਰਾਂ ਵਿਚ ਘਰੇਲੂ ਬਿਜਲੀ ਸਪਲਾਈ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋ ਰਹੀ ਹ ਹੈ ਤੇ ਰੋਜ਼ਾਨਾ ਦੋ ਤੋਂ ਤਿੰਨ ਘੰਟੇ ਦੇ ਬਿਜਲੀ ਕੱਟ ਲੱਗ ਰਹੇ ਹਨ।

ਬਾਦਲ ਨੇ ਕਿਹਾ ਕਿ ਸਰਕਾਰ ਸਮੇਂ ਸਿਰ ਯੋਜਨਾਬੰਦੀ ਕਰਨ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਮਹੀਨਿਆਂ ਵਿਚ ਬਿਜਲੀ ਖਪਤ ਵਿਚ ਵਾਧੇ ਨੂੰ ਧਿਆਨ ਵਿਚ ਰੱਖਦਿਆਂ ਬਦਲਵੇਂ ਪ੍ਰਬੰਧ ਕੀਤੇ ਜਾਣੇ ਚਾਹੀਦੇ ਸਨ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ ਬਿਜਲੀ ਖਰੀਦ ਵਾਸਤੇ ਲੋੜੀਂਦੇ ਵਿਆਪਕ ਪ੍ਰਬੰਧ ਕੀਤੇ ਜਾਂਦੇ ਸਨ ਤਾਂ ਜੋ ਝੋਨੇ ਦੀ ਲੁਆਈ ਕਿਸੇ ਤਰੀਕੇ ਪ੍ਰਭਾਵਤ ਨਾ ਹੋਵੇ।

ਬਾਦਲ ਨੇ ਆਪ ਸਰਕਾਰ ਵੱਲੋਂ ਬਿਜਲੀ ਉਤਪਾਦਨ ਦੇ ਖੇਤਰ ਵਿਚ ਪਿਛਲੀਆਂ ਸਰਕਾਰਾਂ ਵੱਲੋਂ ਕੀਤੇ ਕੰਮਾਂ ਨੂੰ ਧਿਆਨ ਵਿਚ ਰੱਖਦਿਆਂ ਕਦਮ ਨਾ ਚੁੱਕਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਪਿਛਲੇ ਸਾਢੇ ਸੱਤ ਸਾਲਾਂ ਦੌਰਾਨ ਬਿਜਲੀ ਪੈਦਾਵਾਰ ਲਈ ਇਕ ਵੀ ਯੂਨਿਟ ਨਵਾਂ ਨਹੀਂ ਲਗਾਇਆ ਗਿਆ। ਉਹਨਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਵੇਲੇ 1980 ਮੈਗਾਵਾਟ ਦਾ ਤਲਵੰਡੀ ਸਾਬੋ ਪਲਾਂਟ ਲਗਾਇਆ ਗਿਆ, 1400 ਮੈਗਾਵਾਟ ਦਾ ਰਾਜਪੁਰਾ ਥਰਮਲ ਪਲਾਂਟ ਲਗਾਇਆ ਗਿਆ ਤਾਂ ਜੋ ਸੂਬੇ ਨੂੰ ਬਿਜਲੀ ਸਰਪਲੱਸ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਇਸ ਮਗਰੋਂ ਕਾਂਗਰਸ ਤੇ ਆਪ ਸਰਕਾਰ ਨੇ ਇਕ ਵੀ ਯੂਨਿਟ ਨਹੀਂ ਲਗਾਇਆ ਤੇ ਇਹੀ ਕਾਰਣ ਹੈ ਕਿ ਕਿਸਾਨਾਂ ਦੇ ਨਾਲ-ਨਾਲ ਆਮ ਆਦਮੀ ਅੱਜ ਮੁਸ਼ਕਿਲਾਂ ਝੱਲ ਰਿਹਾ ਹੈ।

ਅਕਾਲੀ ਦਲ ਦੇ ਪ੍ਰਧਾਨ ਜਿਹਨਾਂ ਨੇ ਬਿਜਲੀ ਕੱਟ ਲੱਗਣ ਦੇ ਮਾਮਲੇ ਵਿਚ ਬਾਦਲ ਪਿੰਡ ਵਿਚ ਕਿਸਾਨਾਂ ਨਾਲ ਮੁਲਾਕਾਤ ਕੀਤੀ, ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਪ ਸਰਕਾਰ ਨੇ ਪਿਛਲੇ ਇਕ ਸਾਲ ਵਿਚ ਫਸਲਾਂ ਦੇ ਹੋਏ ਨੁਕਸਾਨ ਲਈ ਕਿਸਾਨਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ। ਉਹਨਾਂ ਕਿਹਾ ਕਿ ਸਰਕਾਰ ਪ੍ਰਾਪੇਗੰਡਾ ਅਤੇ ਸਸਤੇ ਤਮਾਸ਼ਿਆਂ ’ਤੇ ਤਾਂ ਕਰੋੜਾਂ ਰੁਪਏ ਖਰਚ ਰਹੀ ਹੈ ਪਰ ਇਸਨੇ ਗੜ੍ਹੇਮਾਰੀ ਤੇ ਹੜ੍ਹਾਂ ਕਾਰਣ ਕਿਸਾਨਾਂ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਦਿੱਤਾ ਤੇ ਨਾ ਹੀ ਗੁਲਾਬੀ ਸੁੰਡੀ ਕਾਰਣ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦਿੱਤਾ। ਉਹਨਾਂ ਕਿਹਾ ਕਿ ਇਹ ਮੁਆਵਜ਼ਾ ਤੁਰੰਤ ਜਾਰੀ ਹੋਣਾ ਚਾਹੀਦਾ ਹੈ।


Related Post