ਅੰਮ੍ਰਿਤਸਰ: ਮਾਣਹਾਨੀ ਮਾਮਲੇ 'ਚ 'ਆਪ' ਆਗੂ ਸੰਜੇ ਸਿੰਘ ਨੂੰ ਅਦਾਲਤ 'ਚ ਕੀਤਾ ਗਿਆ ਪੇਸ਼

By  Jasmeet Singh November 18th 2023 01:39 PM

ਅੰਮ੍ਰਿਤਸਰ: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਮਾਣਹਾਨੀ ਦੇ ਮੁਕੱਦਮੇ ਵਿੱਚ ਅਦਾਲਤ ਵਿੱਚ ਪੇਸ਼ ਹੋਣ ਲਈ ਅੰਮ੍ਰਿਤਸਰ ਪਹੁੰਚ ਗਏ ਹਨ। 'ਆਪ' ਆਗੂ ਨੂੰ ਦਿੱਲੀ ਪੁਲਿਸ ਦੀ ਸੁਰੱਖਿਆ ਹੇਠ ਤਿਹਾੜ ਜੇਲ੍ਹ ਤੋਂ ਲਿਆਂਦਾ ਗਿਆ ਹੈ। 

ਉਨ੍ਹਾਂ ਨੂੰ ਜੰਮੂ ਤਵੀ ਟਰੇਨ ਰਾਹੀਂ ਹੀ ਇੱਥੇ ਲਿਆਂਦਾ ਗਿਆ ਹੈ। ਜਿਨ੍ਹਾਂ ਪੁਲਿਸ ਸੁਰੱਖਿਆ ਘੇਰੇ 'ਚ ਮੀਡੀਆ ਨੂੰ ਵੇਖਦਿਆਂ ਕਿਹਾ, "ਮੋਦੀ ਦੀ ਤਾਨਾਸ਼ਾਹੀ ਵਿਰੁੱਧ ਲੜਾਈ ਜਾਰੀ ਰਹੇਗੀ। ਮੈਂ ਕਿਸੇ ਜੇਲ੍ਹ ਜਾਂ ਝੂਠੇ ਕੇਸ ਤੋਂ ਨਹੀਂ ਡਰਦਾ।"


ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਦੇ ਸਬੰਧ ਵਿੱਚ ਸੰਜੇ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਸੰਜੇ ਸਿੰਘ ਦੀ ਪਤਨੀ ਅਨੀਤਾ ਸਿੰਘ ਵੀ ਅਦਾਲਤ ਪਹੁੰਚ ਗਈ ਹੈ। ਇਸ ਦੌਰਾਨ ਸੰਜੇ ਸਿੰਘ ਦੇ ਵਕੀਲ ਐਡਵੋਕੇਟ ਪਰਮਿੰਦਰ ਸਿੰਘ ਸੇਠੀ ਨੇ ਅੰਮ੍ਰਿਤਸਰ ਜ਼ਿਲ੍ਹਾ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ। 

ਬਿਕਰਮ ਸਿੰਘ ਮਜੀਠੀਆ ਵੀ ਅਦਾਲਤ 'ਚ ਹੋਏ ਪੇਸ਼
ਦੂਜੇ ਪਾਸੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਅਦਾਲਤ ਵਿੱਚ ਪੇਸ਼ ਹੋਣ ਲਈ ਪਹੁੰਚ ਗਏ ਹਨ। ਇਹ ਕੇਸ ਅੰਤਿਮ ਪੜਾਅ 'ਤੇ ਪਹੁੰਚ ਗਿਆ ਹੈ, ਜਿੱਥੇ ਦੋਵਾਂ ਧਿਰਾਂ ਤੋਂ ਗਵਾਹੀਆਂ ਲਈਆਂ ਜਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ 'ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੇ ਨਸ਼ਾ ਤਸਕਰੀ ਦੇ ਇਲਜ਼ਾਮ ਲਾਏ ਸਨ।

ਇਸ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਨੇ ਵੀ ਮੀਡੀਆ ਨੂੰ ਕਿਹਾ, "ਮੈਨੂੰ ਅਦਾਲਤ ਤੋਂ ਇਨਸਾਫ਼ ਮਿਲਣ ਦੀ ਪੂਰੀ ਉਮੀਦ ਹੈ। ਅਗਲੀ ਸੁਣਵਾਈ 16 ਦਸੰਬਰ ਨੂੰ ਹੈ। ਇਨਸਾਫ਼ ਦੀ ਲੜਾਈ ਜਾਰੀ ਰਹੇਗੀ।" 


ਇਸ ਮਾਮਲੇ ਵਿੱਚ ਬਿਕਰਮ ਸਿੰਘ ਮਜੀਠੀਆ ਨੇ ਅਦਾਲਤ ਵਿੱਚ ‘ਆਪ’ ਆਗੂਆਂ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਜਿਸ 'ਚ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਹੋਰ ਨੇਤਾਵਾਂ ਨੇ ਮੁਆਫੀ ਵੀ ਮੰਗੀ ਸੀ। ਜਦਕਿ ਸੰਜੇ ਸਿੰਘ ਇਸ ਮਾਮਲੇ 'ਚ ਅਜੇ ਵੀ ਕੇਸ ਲੜ ਰਹੇ ਹਨ।

Related Post