ਐਡਵੋਕੇਟ ਧਾਮੀ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋਂ ਭਾਜਪਾ ’ਚ ਸ਼ਾਮਲ ਹੋਣ ’ਤੇ ਕੀਤਾ ਸਖ਼ਤ ਇਤਰਾਜ਼

ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਦੀ ਦੂਜੇ ਧਰਮਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖ਼ਲ ਦੇਣ ਦੀ ਇਹ ਨੀਤੀ ਬਹੁਤ ਹੀ ਮੰਦਭਾਗੀ ਹੈ।

By  Amritpal Singh April 27th 2024 08:53 PM

ਅੰਮ੍ਰਿਤਸਰ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕੁਝ ਮੈਂਬਰਾਂ ਵੱਲੋਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਜੇਕਰ ਸਿੱਖ ਸੰਸਥਾ ਦੇ ਮੈਂਬਰਾਂ ਨੂੰ ਭਾਜਪਾ ਵਿੱਚ ਜਾ ਕੇ ਸਿਆਸਤ ਕਰਨ ਦਾ ਇੰਨਾ ਹੀ ਸ਼ੌਕ ਹੈ ਤਾਂ ਉਹ ਪਹਿਲਾਂ ਤੁਰੰਤ ਆਪਣੀ ਦਿੱਲੀ ਗੁਰਦੁਆਰਾ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ।

ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਦੀ ਦੂਜੇ ਧਰਮਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖ਼ਲ ਦੇਣ ਦੀ ਇਹ ਨੀਤੀ ਬਹੁਤ ਹੀ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਮੈਂਬਰਾਂ ਨੂੰ ਸੰਗਤ ਵੱਲੋਂ ਇਸ ਭਰੋਸੇ ਨਾਲ ਚੁਣਿਆ ਜਾਂਦਾ ਹੈ ਕਿ ਉਹ ਧਾਰਮਿਕ ਭਾਵਨਾਵਾਂ ਅਤੇ ਰਵਾਇਤਾਂ ਅਨੁਸਾਰ ਕਾਰਜ ਕਰਨਗੇ, ਪਰੰਤੂ ਜਦੋਂ ਗੁਰਦੁਆਰਾ ਪ੍ਰਬੰਧਾਂ ਲਈ ਚੁਣੇ ਮੈਂਬਰਾਂ ਵੱਲੋਂ ਸਿੱਖ ਵਿਰੋਧੀ ਸੋਚ ਰੱਖਣ ਵਾਲੀ ਪਾਰਟੀ ਵਿੱਚ ਜਾਣ ਦੀ ਹਰਕਤ ਕੀਤੀ ਜਾਂਦੀ ਹੈ ਤਾਂ ਸੰਗਤ ਦੀਆਂ ਭਾਵਨਾਵਾਂ ਨੂੰ ਭਾਰੀ ਸੱਟ ਵੱਜਣੀ ਕੁਦਰਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਿੱਖ ਸੰਗਤ ਨੇ ਦਿੱਲੀ ਗੁਰਦੁਆਰਾ ਕਮੇਟੀ ਦੇ ਇਨ੍ਹਾਂ ਮੈਂਬਰਾਂ ਨੂੰ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਅਤੇ ਗੁਰੂ ਘਰਾਂ ਦਾ ਸੁਚੱਜਾ ਪ੍ਰਬੰਧ ਚਲਾਉਣ ਲਈ ਚੁਣਿਆ ਸੀ ਨਾ ਕਿ ਸਿੱਖ-ਵਿਰੋਧੀ ਪਾਰਟੀ ਵਿੱਚ ਸਿਆਸਤ ਕਰਨ ਲਈ। ਐਡਵੋਕੇਟ ਧਾਮੀ ਨੇ ਕਿਹਾ ਕਿ ਭਾਜਪਾ ਸਿੱਖ ਮਾਮਲਿਆਂ ਵਿੱਚ ਸਿੱਧੇ ਦਖ਼ਲ ਦੇ ਰਾਹ ਉੱਤੇ ਤੁਰੀ ਹੋਈ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਪ੍ਰਵਾਨ ਨਹੀਂ ਕਰੇਗੀ। ਉਨ੍ਹਾਂ ਕਿਹਾ ਸਿੱਖ ਭਾਜਪਾ ਦੀ ਅਜਿਹੀਆਂ ਹਰਕਤਾਂ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ।

ਐਡਵੋਕੇਟ ਧਾਮੀ ਨੇ ਕਿਹਾ ਕਿ ਪਹਿਲਾਂ ਹੀ ਦਿੱਲੀ ਗੁਰਦੁਆਰਾ ਕਮੇਟੀ ਦਾ ਸਮੁੱਚਾ ਪ੍ਰਬੰਧ ਭਾਜਪਾ ਦੇ ਪ੍ਰਭਾਵ ਹੇਠ ਕੰਮ ਕਰ ਰਿਹਾ ਹੈ ਅਤੇ ਹੁਣ ਸਿੱਖ ਸੰਸਥਾ ਦਿੱਲੀ ਕਮੇਟੀ ਕੁਝ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀ ਹਰਕਤ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ ਭਾਜਪਾ ਦੀ ਨੀਤੀ ਗੁਰੂ ਘਰਾਂ ਦੇ ਪ੍ਰਬੰਧਾਂ ਵਿੱਚ ਦਖ਼ਲ ਦੇਣ ਅਤੇ ਸਿੱਖ ਮਸਲਿਆਂ ਨੂੰ ਉਲਝਾਉਣ ਵਾਲੀ ਹੈ।

Related Post