ਨਾਭਾ ਜੇਲ੍ਹ ਮਗਰੋਂ ਪਟਿਆਲਾ ਜੇਲ੍ਹ 'ਚ 217 ਕੈਦੀ ਕਾਲੇ ਪੀਲੀਏ ਦੀ ਲਪੇਟ 'ਚ ਆਏ

By  Ravinder Singh November 9th 2022 11:10 AM

ਪਟਿਆਲਾ : ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਤੋਂ ਬਾਅਦ ਹੁਣ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ 217 ਕੈਦੀ ਹੈਪੇਟਾਈਟਸ-ਸੀ (ਕਾਲਾ ਪੀਲੀਆ) ਲਪੇਟ ਵਿਚ ਆ ਗਏ ਹਨ। ਇਹ ਖੁਲਾਸਾ ਪਟਿਆਲਾ ਜੇਲ੍ਹ ਵਿੱਚ ਵੱਡੇ ਪੱਧਰ ਉਤੇ ਕੀਤੀ ਗਈ ਮੈਡੀਕਲ ਜਾਂਚ ਵਿੱਚ ਹੋਇਆ ਹੈ। ਜੇਲ੍ਹ ਦੇ ਇਕ ਉੱਚ ਅਧਿਕਾਰੀ ਨੇ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਹੈਪੇਟਾਈਟਸ-ਸੀ ਤੋਂ ਪੀੜਤ ਇਨ੍ਹਾਂ ਕੈਦੀਆਂ ਦੇ ਹੋਰ ਲੋੜੀਂਦੇ ਟੈਸਟ ਵੀ ਕਰਵਾਏ ਜਾਣਗੇ। ਇਸ ਤੋਂ ਇਹ ਸਪੱਸ਼ਟ ਹੋ ਜਾਵੇਗਾ ਕਿ ਇਸ ਬਿਮਾਰੀ ਦਾ ਵਾਇਰਸ ਸਰੀਰ ਵਿੱਚ ਕਿਸ ਹੱਦ ਤੱਕ ਫੈਲਿਆ ਹੈ। ਇਸ ਤੋਂ ਤੁਰੰਤ ਬਾਅਦ ਇਲਾਜ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ।

ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ ਵੀ 800 ਕੈਦੀਆਂ ਤੇ ਹਵਾਲਾਤੀਆਂ ਦੇ ਟੈਸਟ ਕੀਤੇ ਗਏ ਸਨ। ਇਸ 'ਚ 148 ਕੈਦੀ ਹੈਪੇਟਾਈਟਸ-ਸੀ ਦੇ ਮਰੀਜ਼ ਪਾਏ ਗਏ ਸਨ। ਹਾਈ-ਪ੍ਰੋਫਾਈਲ ਪਟਿਆਲਾ ਜੇਲ੍ਹ ਜੋ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ, ਵਿੱਚ ਇਸ ਸਮੇਂ 2500 ਦੇ ਕਰੀਬ ਕੈਦੀ ਅਤੇ ਹਵਾਲਾਤੀ ਬੰਦ ਹਨ। ਇਨ੍ਹਾਂ ਵਿੱਚੋਂ 10 ਦੇ ਕਰੀਬ ਗੈਂਗਸਟਰ ਹਨ। ਹਾਲ ਹੀ 'ਚ ਪੰਜਾਬ ਦੀਆਂ ਜੇਲ੍ਹਾਂ 'ਚ ਚਲਾਈ ਗਈ ਡਰੱਗ ਸਕਰੀਨਿੰਗ ਮੁਹਿੰਮ ਦੌਰਾਨ ਵੀ ਵੱਡੀ ਗਿਣਤੀ 'ਚ ਕੈਦੀ ਅਤੇ ਹਵਾਲਾਤੀ ਨਸ਼ੇ ਦੀ ਲਤ ਦੇ ਸ਼ਿਕਾਰ ਪਾਏ ਗਏ।

ਇਹ ਵੀ ਪੜ੍ਹੋ : ਐੱਸਜੀਪੀਸੀ ਦੇ ਪ੍ਰਧਾਨ ਦੀ ਚੋਣ ਅੱਜ, ਹਰਜਿੰਦਰ ਸਿੰਘ ਧਾਮੀ ਤੇ ਬੀਬੀ ਜਗੀਰ ਕੌਰ ਵਿਚਾਲੇ ਟੱਕਰ

ਡਾਕਟਰਾਂ ਅਨੁਸਾਰ ਹੈਪੇਟਾਈਟਸ-ਸੀ ਫੈਲਣ ਦਾ ਮੁੱਖ ਕਾਰਨ ਇੱਕੋ ਸਰਿੰਜ ਤੋਂ ਨਸ਼ਾ ਲੈਣਾ ਹੈ। ਹਾਲ ਹੀ ਵਿੱਚ ਨਾਭਾ, ਪਟਿਆਲਾ ਵਿੱਚ ਸਥਿਤ ਨਵੀਂ ਜ਼ਿਲ੍ਹਾ ਜੇਲ੍ਹ ਵਿੱਚ 800 ਕੈਦੀਆਂ ਅਤੇ ਹਵਾਲਾਤੀ ਦੀ ਜਾਂਚ ਦੌਰਾਨ ਕਾਲੇ ਪੀਲੀਏ ਦੇ 148 ਪੀੜਤ ਪਾਏ ਗਏ। ਹੁਣ ਪਟਿਆਲਾ ਕੇਂਦਰੀ ਜੇਲ੍ਹ ਵਿੱਚ ਬੰਦ 1500 ਕੈਦੀਆਂ ਤੇ ਹਵਾਲਾਤੀਆਂ ਦੇ ਟੈਸਟ ਕੀਤੇ ਗਏ ਹਨ। ਇਨ੍ਹਾਂ ਵਿੱਚੋਂ 217 ਕਾਲੇ ਪੀਲੀਏ ਤੋਂ ਪੀੜਤ ਹਨ।

ਹੈਪੇਟਾਈਟਸ ਸੀ ਕਿੰਨਾ ਘਾਤਕ

ਡਾਕਟਰਾਂ ਅਨੁਸਾਰ ਹੈਪੇਟਾਈਟਸ-ਸੀ ਵਾਇਰਸ ਦੀ ਲਾਗ ਹੈ। ਇਸ ਨਾਲ ਲੀਵਰ ਦੀ ਬਿਮਾਰੀ ਹੋ ਜਾਂਦੀ ਹੈ। ਇਹ ਕਈ ਵਾਰ ਜਿਗਰ ਨੂੰ ਬਹੁਤ ਗੰਭੀਰ ਨੁਕਸਾਨ ਪਹੁੰਚਾਉਂਦਾ ਹੈ। ਇਸ ਨਾਲ ਲੀਵਰ ਫੇਲ੍ਹ ਹੋਣਾ ਜਾਂ ਕੈਂਸਰ ਵੀ ਹੋ ਸਕਦਾ ਹੈ। ਇਹ ਵਾਇਰਸ ਸੰਕਰਮਿਤ ਖ਼ੂਨ ਰਾਹੀਂ ਫੈਲਦਾ ਹੈ।

Related Post