ਪੈਟਰੋਲ-ਡੀਜ਼ਲ ਪਿੱਛੋਂ ਲੋਕਾਂ ਨੂੰ ਬੱਸ ਕਿਰਾਏ ਦਾ ਲੱਗਣ ਜਾ ਰਿਹੈ ਝਟਕਾ! PRTC ਜਲਦ ਭੇਜੇਗੀ ਸਰਕਾਰ ਨੂੰ ਪ੍ਰਸਤਾਵ

By  Ravinder Singh February 10th 2023 02:03 PM

ਚੰਡੀਗੜ੍ਹ : ਪੰਜਾਬ 'ਚ ਹੁਣ ਸਰਕਾਰੀ ਬੱਸਾਂ 'ਚ ਸਫਰ ਕਰਨਾ ਮਹਿੰਗਾ ਹੋਣ ਜਾ ਰਿਹਾ ਹੈ। ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ (ਪੀਆਰਟੀਸੀ) ਨੇ ਬੱਸ ਦਾ ਕਿਰਾਏ 'ਤੇ 10 ਪੈਸੇ ਪ੍ਰਤੀ ਖਰਚਾ ਵਧਾਉਣ ਦੀ ਤਿਆਰੀ ਕਰ ਲਈ ਹੈ। ਪੰਜਾਬ ਸਰਕਾਰ ਵੱਲੋਂ ਇਸ ਸੰਬੰਧੀ ਇਹ ਰਿਪੋਰਟ ਪੇਸ਼ ਕੀਤੀ ਜਾ ਰਹੀ ਹੈ। ਹਰੀ ਝੰਡੀ ਮਿਲਦੇ ਸਾਰ ਹੀ ਲੋਕਾਂ ਦੀ ਜੇਬ ਉਤੇ ਬੋਝ ਵਧੇਗਾ।


ਪੀਆਰਟੀਸੀ ਦੇ ਜਨਰਲ ਮੈਨੇਜਰ (ਅਪਰੇਸ਼ਨ) ਸੁਰਿੰਦਰ ਸਿੰਘ ਨੇ ਦੱਸਿਆ ਕਿ ਡੀਜ਼ਲ ਦੇ ਰੇਟ ਵਧਣ ਨਾਲ ਨਿਗਮ ਉਤੇ ਵਿੱਤੀ ਬੋਝ ਵਧ ਗਿਆ ਹੈ। ਅਜਿਹੇ 'ਚ ਬੱਸ ਦਾ ਕਿਰਾਇਆ ਵਧਾਉਣ ਲਈ ਸਰਕਾਰ ਨੂੰ ਪ੍ਰਸਤਾਵ ਭੇਜਿਆ ਜਾ ਰਿਹਾ ਹੈ। ਉਮੀਦ ਹੈ ਕਿ ਸਰਕਾਰ ਇਸ ਨੂੰ ਮਨਜ਼ੂਰੀ ਦੇਵੇਗੀ। ਪੰਜਾਬ ਸਰਕਾਰ ਵੱਲੋਂ ਹਾਲ ਹੀ 'ਚ ਡੀਜ਼ਲ ਦੇ ਰੇਟ ਵਿਚ 90 ਪੈਸੇ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਡੀਜ਼ਲ ਦੀ ਕੀਮਤ 88.34 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ।

ਇਸ ਨਾਲ ਪੀਆਰਟੀਸੀ ਉਤੇ ਵਿੱਤੀ ਬੋਝ ਵਧ ਗਿਆ ਹੈ। ਪ੍ਰਾਪਤ ਅੰਕੜਿਆਂ ਅਨੁਸਾਰ ਇਸ ਸਮੇਂ ਪੀਆਰਟੀਸੀ ਦੇ ਬੇੜੇ 'ਚ 1238 ਬੱਸਾਂ ਹਨ। ਡੀਜ਼ਲ ਦੇ ਰੇਟ ਵਧਣ ਕਾਰਨ ਪੀਆਰਟੀਸੀ ਦਾ ਰੋਜ਼ਾਨਾ ਖ਼ਰਚਾ ਵਧ ਗਿਆ ਹੈ। ਪੀਆਰਟੀਸੀ ਜਦਕਿ ਪਹਿਲਾਂ ਹੀ ਮਾੜੀ ਵਿੱਤੀ ਸਥਿਤੀ ਨਾਲ ਜੂਝ ਰਿਹਾ ਹੈ।

ਨਿਗਮ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤੋਂ ਪਹਿਲਾਂ ਜੁਲਾਈ 2020 ਵਿਚ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਸਰਕਾਰੀ ਬੱਸਾਂ ਦੇ ਕਿਰਾਏ ਵਿਚ ਛੇ ਪੈਸੇ ਪ੍ਰਤੀ ਕਿਲੋਮੀਟਰ ਦਾ ਵਾਧਾ ਕੀਤਾ ਗਿਆ ਸੀ। ਉਸ ਸਮੇਂ ਡੀਜ਼ਲ ਦਾ ਰੇਟ 70 ਰੁਪਏ ਪ੍ਰਤੀ ਲੀਟਰ ਸੀ, ਜਦੋਂ ਕਿ ਹੁਣ ਡੀਜ਼ਲ ਦਾ ਰੇਟ 90 ਰੁਪਏ ਨੂੰ ਛੂਹ ਰਿਹਾ ਹੈ। ਫਿਲਹਾਲ ਬੱਸ ਦਾ ਕਿਰਾਇਆ 1.22 ਰੁਪਏ ਪ੍ਰਤੀ ਕਿਲੋਮੀਟਰ ਹੈ। ਪੀਆਰਟੀਸੀ ਸਰਕਾਰ ਨੂੰ ਪ੍ਰਸਤਾਵ ਭੇਜ ਕੇ ਕਿਰਾਇਆ 10 ਪੈਸੇ ਪ੍ਰਤੀ ਕਿਲੋਮੀਟਰ ਵਧਾ ਕੇ 1.32 ਰੁਪਏ ਕਰਨ ਦੀ ਮੰਗ ਕਰੇਗੀ।

ਇਹ ਵੀ ਪੜ੍ਹੋ : ਹਾਈ ਕੋਰਟ ਵੱਲੋਂ ਇੰਡੋ-ਕੈਨੇਡੀਅਨ ਟਰਾਂਸਪੋਰਟ ਕੰਪਨੀ ਦੇ ਤਿੰਨ ਪਰਮਿਟ ਬਹਾਲ ਕਰਨ ਦੇ ਹੁਕਮ

ਪੀਆਰਟੀਸੀ ਦੇ 350 ਕਰੋੜ ਰੁਪਏ ਪੰਜਾਬ ਸਰਕਾਰ ਵੱਲ ਬਕਾਇਆ ਹਨ। ਇਸ 'ਚੋਂ 250 ਕਰੋੜ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਲਈ ਹਨ। ਇਸ ਸਹੂਲਤ ਦੇ ਬਦਲੇ ਨਿਗਮ ਨੂੰ ਜੁਲਾਈ 2022 ਤੋਂ ਸਰਕਾਰ ਤੋਂ ਕੋਈ ਅਦਾਇਗੀ ਨਹੀਂ ਮਿਲ ਰਹੀ। ਜਦਕਿ ਪੀਆਰਟੀਸੀ ਦੀਆਂ ਬੱਸਾਂ 'ਚ ਸਫ਼ਰ ਕਰਨ ਵਾਲੀਆਂ ਔਰਤਾਂ ਦੀ ਗਿਣਤੀ ਹਰ ਮਹੀਨੇ ਲਗਾਤਾਰ ਵੱਧ ਰਹੀ ਹੈ। ਇਸ ਪੈਸੇ ਦੀ ਅਦਾਇਗੀ ਨਾ ਹੋਣ ਕਾਰਨ ਨਿਗਮ ਲਈ ਆਪਣੇ ਮੁਲਾਜ਼ਮਾਂ ਨੂੰ ਤਨਖ਼ਾਹ ਤੇ ਪੈਨਸ਼ਨ ਦੇਣਾ ਔਖਾ ਹੋ ਰਿਹਾ ਹੈ। ਸਥਿਤੀ ਇਹ ਹੈ ਕਿ ਮੁਲਾਜ਼ਮਾਂ ਨੂੰ ਅਜੇ ਤੱਕ ਜਨਵਰੀ ਮਹੀਨੇ ਦੀ ਤਨਖ਼ਾਹ ਤੇ ਪੈਨਸ਼ਨ ਨਹੀਂ ਮਿਲੀ ਹੈ।

Related Post