ਚੀਨ-ਅਮਰੀਕਾ 'ਚ ਕੋਰੋਨਾ ਦੇ ਕਹਿਰ ਮਗਰੋਂ ਕੇਂਦਰ ਚੌਕਸ, ਸੂਬਿਆਂ ਨੂੰ ਹਦਾਇਤਾਂ ਜਾਰੀ

By  Ravinder Singh December 21st 2022 08:31 AM -- Updated: December 21st 2022 08:34 AM

ਨਵੀਂ ਦਿੱਲੀ : ਚੀਨ ਤੇ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਅਚਾਨਕ ਵਾਧੇ ਕਾਰਨ ਕੇਂਦਰ ਸਰਕਾਰ ਚੌਕਸ ਹੋ ਗਈ ਹੈ। ਸਰਕਾਰ ਨੇ ਸਾਰੇ ਸੂਬਿਆਂ ਨੂੰ ਪੱਤਰ ਲਿਖ ਕੇ ਕੋਵਿਡ ਦੇ ਨਵੇਂ ਕੇਸਾਂ ਦੀ ਜੀਨੋਮ ਸੀਕਵੈਂਸਿੰਗ ਕਰਨ ਦੀ ਹਦਾਇਤ ਦਿੱਤੀ ਹੈ। ਸਿਹਤ ਸਕੱਤਰ ਰਾਜੇਸ਼ ਭੂਸ਼ਣ ਵੱਲੋਂ NCDC ਅਤੇ ICMR ਨੂੰ ਪੱਤਰ ਲਿਖਿਆ ਗਿਆ ਹੈ। ਇਸ ਵਿਚ ਕਿਹਾ ਗਿਆ ਹੈ ਕਿ ਸਾਰੇ ਸੂਬਿਆਂ ਨੂੰ ਜੀਨੋਮ ਸੀਕਵੈਂਸਿੰਗ 'ਤੇ ਜ਼ੋਰ ਦੇਣਾ ਹੋਵੇਗਾ। ਫਿਲਹਾਲ ਦੇਸ਼ 'ਚ ਕੋਰੋਨਾ ਦੇ ਜ਼ਿਆਦਾ ਮਾਮਲੇ ਨਹੀਂ ਹਨ, ਮੌਤਾਂ 'ਚ ਵੀ ਕਾਫੀ ਕਮੀ ਆਈ ਹੈ ਪਰ ਕਿਉਂਕਿ ਇਹ ਵਾਇਰਸ ਪੂਰੀ ਦੁਨੀਆ ਵਿੱਚ ਮੁੜ ਤੋਂ ਫੈਲ ਰਿਹਾ ਹੈ, ਅਜਿਹੇ ਵਿੱਚ ਸਰਕਾਰ ਵੀ ਲਾਪਰਵਾਹੀ ਨਹੀਂ ਵਰਤਣਾ ਚਾਹੁੰਦੀ। ਕੇਂਦਰ ਸਰਕਾਰ ਨੇ ਅੱਜ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਸਮੀਖਿਆ ਮੀਟਿੰਗ ਵੀ ਬੁਲਾਈ ਹੈ।



ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਜੇਕਰ ਕੋਰੋਨਾ ਦੇ ਨਵੇਂ ਵੇਰੀਐਂਟ ਦੀ ਸਮੇਂ ਸਿਰ ਪਛਾਣ ਕਰਨੀ ਹੈ ਤਾਂ ਇਸ ਦੇ ਲਈ ਜੀਨੋਮ ਸੀਕਵੈਂਸਿੰਗ ਜ਼ਰੂਰੀ ਹੈ। ਸੂਬਿਆਂ ਨੂੰ ਜੀਨੋਮ ਸੀਕਵੈਂਸਿੰਗ ਲਈ ਨਮੂਨੇ ਭੇਜਣ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਦੁਨੀਆ ਦੇ ਕਈ ਵੱਡੇ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਅਚਾਨਕ ਵਧ ਗਏ ਹਨ। ਖਾਸ ਤੌਰ 'ਤੇ ਅਮਰੀਕਾ, ਬ੍ਰਾਜ਼ੀਲ, ਚੀਨ, ਕੋਰੀਆ ਅਤੇ ਜਾਪਾਨ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਅਚਾਨਕ ਉਛਾਲ ਦੇਖਿਆ ਜਾ ਰਿਹਾ ਹੈ। ਇਸ ਕਾਰਨ ਕੇਂਦਰ ਸਰਕਾਰ ਅਲਰਟ ਮੋਡ 'ਤੇ ਆ ਗਈ ਹੈ। ਸਰਕਾਰ ਨੇ ਸਾਰੇ ਰਾਜਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ।


ਕੇਂਦਰ ਸਰਕਾਰ ਨੂੰ ਸ਼ੱਕ ਹੈ ਕਿ ਕੋਰੋਨਾ ਦਾ ਨਵਾਂ ਰੂਪ ਸਾਹਮਣੇ ਆਇਆ ਹੈ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਮਾਮਲਿਆਂ ਵਿੱਚ ਅਚਾਨਕ ਵਾਧਾ ਹੋ ਸਕਦਾ ਹੈ। ਕੇਂਦਰ ਨੇ ਰਾਜ ਸਰਕਾਰਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਦੁਨੀਆ ਦੇ ਕਈ ਦੇਸ਼ਾਂ 'ਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ, ਉਸ ਤੋਂ ਇਹ ਸਮਝਿਆ ਜਾ ਸਕਦਾ ਹੈ ਕਿ ਕੋਰੋਨਾ ਅਜੇ ਖ਼ਤਮ ਨਹੀਂ ਹੋਇਆ ਹੈ। ਅਜਿਹੇ 'ਚ ਕੋਰੋਨਾ ਦੇ ਰੁਝਾਨ 'ਤੇ ਨਜ਼ਰ ਰੱਖਣੀ ਜ਼ਰੂਰੀ ਹੈ।


ਇਕ ਹਫ਼ਤੇ 'ਚ ਕੋਰੋਨਾ ਦੇ 1200 ਨਵੇਂ ਮਾਮਲੇ

ਕਾਬਿਲੇਗੌਰ ਕਿ ਭਾਰਤ 'ਚ ਇਕ ਹਫ਼ਤੇ 'ਚ ਅਜੇ ਵੀ ਕੋਰੋਨਾ ਦੇ 1200 ਨਵੇਂ ਮਾਮਲੇ ਆ ਰਹੇ ਹਨ, ਜਦਕਿ ਦੁਨੀਆ ਭਰ 'ਚ ਹਫਤਾਵਾਰੀ 35 ਲੱਖ ਮਾਮਲੇ ਸਾਹਮਣੇ ਆ ਰਹੇ ਹਨ, ਮਤਲਬ ਕਿ ਜਨ ਸਿਹਤ ਦੀ ਚੁਣੌਤੀ ਅਜੇ ਖ਼ਤਮ ਨਹੀਂ ਹੋਈ ਹੈ।


ਜੀਨੋਮ ਕੀ ਹੈ?

ਸਧਾਰਨ ਸ਼ਬਦਾਂ ਵਿੱਚ, ਜੀਨੋਮ ਕ੍ਰਮ ਇੱਕ ਵਾਇਰਸ ਦੇ ਬਾਇਓਡਾਟਾ ਦੀ ਤਰ੍ਹਾਂ ਹੈ। ਵਾਇਰਸ ਕਿਸ ਤਰ੍ਹਾਂ ਦਾ ਹੁੰਦਾ ਹੈ, ਇਹ ਕਿਸ ਤਰ੍ਹਾਂ ਦਾ ਵਾਇਰਸ ਲੱਗਦਾ ਹੈ, ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸਾਨੂੰ ਜੀਨੋਮ ਰਾਹੀਂ ਜਾਣਕਾਰੀ ਮਿਲਦੀ ਹੈ। ਇਸ ਵਾਇਰਸ ਦੇ ਵੱਡੇ ਸਮੂਹ ਨੂੰ ਜੀਨੋਮ ਕਿਹਾ ਜਾਂਦਾ ਹੈ। ਵਾਇਰਸ ਬਾਰੇ ਜਾਣਨ ਦੀ ਵਿਧੀ ਨੂੰ ਜੀਨੋਮ ਸੀਕਵੈਂਸਿੰਗ  ਕਿਹਾ ਜਾਂਦਾ ਹੈ। ਇਸ ਤੋਂ ਹੀ ਕੋਰੋਨਾ ਦੇ ਨਵੇਂ ਸਟ੍ਰੇਨ ਦਾ ਪਤਾ ਲੱਗਾ ਹੈ।


ਦੇਸ਼ 'ਚ ਜੀਨੋਮ ਸੀਕਵੈਂਸਿੰਗ ਲਈ ਹਨ ਸਿਰਫ਼ 10 ਲੈਬਾਂ 

ਇਸ ਸਮੇਂ ਦੇਸ਼ 'ਚ ਸਿਰਫ਼ 10 ਜੀਨੋਮ ਸੀਕਵੈਂਸਿੰਗ  ਲੈਬ ਹਨ। ਇਨ੍ਹਾਂ ਵਿੱਚ ਸ਼ਾਮਲ ਹਨ- ਇੰਸਟੀਚਿਊਟ ਆਫ਼ ਜੀਨੋਮਿਕਸ ਐਂਡ ਇੰਟੀਗ੍ਰੇਟਿਵ ਬਾਇਓਲੋਜੀ (ਨਵੀਂ ਦਿੱਲੀ), ਸੀਐਸਆਈਆਰ-ਆਰਕੀਓਲੋਜੀ ਫਾਰ ਸੈਲੂਲਰ ਐਂਡ ਮੋਲੀਕਿਊਲਰ ਬਾਇਓਲੋਜੀ (ਹੈਦਰਾਬਾਦ), ਡੀਬੀਟੀ - ਇੰਸਟੀਚਿਊਟ ਆਫ਼ ਲਾਈਫ ਸਾਇੰਸਜ਼ (ਭੁਵਨੇਸ਼ਵਰ), ਡੀਬੀਟੀ-ਇਨ ਐਸਟੀਈਐਮ-ਐਨਸੀਬੀਐਸ (ਬੈਂਗਲੁਰੂ), ਡੀਬੀਟੀ - ਨੈਸ਼ਨਲ ਇੰਸਟੀਚਿਊਟ ਬਾਇਓਮੈਡੀਕਲ ਜੀਨੋਮਿਕਸ (NIBMG),(ਕਲਿਆਣੀ, ਪੱਛਮੀ ਬੰਗਾਲ), ICMR- ਨੈਸ਼ਨਲ ਇੰਸਟੀਚਿਊਟ ਆਫ਼ ਵਾਇਰੋਲੋਜੀ (ਪੁਣੇ)।

Related Post