UK ’ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਸੱਦਾ; ਸਿੱਖ ਪਛਾਣ, ਗੁਰਮਤਿ ਕਦਰਾਂ-ਕੀਮਤਾਂ ਅਤੇ ਏਕਤਾ ਨੂੰ ਮਜ਼ਬੂਤ ਬਣਾਈਏ
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉੱਥੇ ਸੰਗਤ ਕਾਇਮ ਹੋਈ। ਗੁਰੂ ਸਾਹਿਬ ਸਰੀਰ ਕਰਕੇ ਭਾਵੇਂ ਅੱਗੇ ਚਲੇ ਗਏ ਪਰ ਸਿੱਖਾਂ ਨੂੰ ਗੁਰਬਾਣੀ ਨਾਲ ਜੋੜ ਕਿ ਗਏ। ਅੱਜ ਵੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਰਾਹੀਂ ਗੁਰਬਾਣੀ ਨਾਲ ਜੁੜੇ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਗ਼ਰੀਬ ਨਿਵਾਜ ਹਯੇਜ਼ ਲੰਡਨ ਵਿਖੇ ਅਫ਼ਗਾਨਿਸਤਾਨ ਦੀ ਸਿੱਖ ਸੰਗਤ ਵੱਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ 27ਵੇਂ ਬਾਲਾ ਪ੍ਰੀਤਮ ਗੁਰਮਤਿ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਇਹ ਸਮਾਗਮ ਅਫ਼ਗਾਨੀ ਅਤੇ ਯੂਕੇ ਦੀ ਸਿੱਖ ਸੰਗਤ - ਨਿਹਕਾਮੀ ਸੇਵਾ ਟ੍ਰਸਟ ਯੂਕੇ, ਗੁਰੂ ਹਰਿਗੋਬਿੰਦ ਸਾਹਿਬ ਟ੍ਰਸਟ ਯੂਕੇ, ਗੁਰਦੁਆਰਾ ਗੁਰੂ ਨਾਨਕ ਗ਼ਰੀਬ ਨਿਵਾਜ ਵੱਲੋਂ ਸਾਂਝੇ ਤੌਰ ਉੱਤੇ ਕਰਵਾਏ ਗਏ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ, ਉੱਥੇ ਸੰਗਤ ਕਾਇਮ ਹੋਈ। ਗੁਰੂ ਸਾਹਿਬ ਸਰੀਰ ਕਰਕੇ ਭਾਵੇਂ ਅੱਗੇ ਚਲੇ ਗਏ ਪਰ ਸਿੱਖਾਂ ਨੂੰ ਗੁਰਬਾਣੀ ਨਾਲ ਜੋੜ ਕਿ ਗਏ। ਅੱਜ ਵੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਦੁਆਰਾ ਸਾਹਿਬਾਨ ਰਾਹੀਂ ਗੁਰਬਾਣੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਵਿਦੇਸ਼ਾਂ ਦੀ ਧਰਤੀ ਉੱਤੇ ਸਿੱਖ ਗੁਰੂ ਘਰਾਂ ਅੰਦਰ ਹਫ਼ਤਾਵਾਰੀ ਸਮਾਗਮ, ਇਕੱਤਰਤਾ ਕਰਕੇ ਸੰਗਤ ਕਰਦੇ ਹਨ ਇਹ ਹਮੇਸ਼ਾ ਕਾਇਮ ਰਹਿਣਾ ਚਾਹੀਦਾ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਸਿੱਖੀ ਨਾਲ ਜੁੜੀ ਰਹੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜ ਕੇ ਰੱਖਣਾ ਬਹੁਤ ਜ਼ਰੂਰੀ ਹੈ।
ਜਥੇਦਾਰ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਬਹੁਤ ਸਿੱਧੀ, ਖੁੱਲ੍ਹੀ ਅਤੇ ਸੌਖੀ ਹੈ, ਜਿਸ ਵਿੱਚ ਕੱਟੜਤਾ, ਛੂਤ ਛਾਤ ਨਹੀਂ ਹੈ, ਇਹ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਂਦੀ ਹੈ।
ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਇੱਛਾ ਹੈ ਕਿ ਜੋ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਸਿੱਖ ਬੱਚੇ ਬੱਚੀਆਂ ਦੇ ਜਥੇ ਗੁਰਬਾਣੀ ਕੀਰਤਨ ਕਰਦੇ ਹਨ, ਲਹਿੰਦੇ ਪੰਜਾਬ ਤੋਂ ਅਜਿਹੇ ਸਮਾਗਮਾਂ ਵਿੱਚ ਵਿਦੇਸ਼ਾਂ ਅੰਦਰ ਉਨ੍ਹਾਂ ਬੱਚਿਆਂ ਦੇ ਜਥਿਆਂ ਨੂੰ ਵਿਸ਼ੇਸ਼ ਰੂਪ ਵਿੱਚ ਸੱਦਿਆ ਜਾਵੇ। ਉਨ੍ਹਾਂ ਕਿਹਾ ਕਿ ਗੁਰਬਾਣੀ ਕੀਰਤਨ ਰਾਗ ਅਧਾਰਤ ਸਹਿਜ ਵਿੱਚ ਹੋਣਾ ਚਾਹੀਦਾ ਹੈ, ਕੰਨ ਰਸ ਨਹੀਂ ਬਣਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕੀਰਤਨੀ ਜਥਿਆਂ ਨੂੰ ਗੁਰਮਤਿ ਸੰਗੀਤ ਪ੍ਰਣਾਲੀ ਤੋਂ ਬਾਹਰ ਨਹੀਂ ਜਾਣਾ ਚਾਹੀਦਾ।
ਜਥੇਦਾਰ ਗੜਗੱਜ ਨੇ ਨਿਹਕਾਮੀ ਸੇਵਾ ਟ੍ਰਸਟ ਯੂਕੇ ਦੇ ਆਗੂ ਭਾਈ ਗਜਿੰਦਰ ਸਿੰਘ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਸੰਗਤ ਨੂੰ ਇਨ੍ਹਾਂ ਦਾ ਸਹਿਯੋਗ ਕਰਨ ਲਈ ਆਖਿਆ।
ਬੀਤੇ ਸਮੇਂ ਯੂਕੇ ਅੰਦਰ ਵਾਪਰੀ ਇੱਕ ਘਟਨਾ ਦੇ ਸੰਦਰਭ ਵਿੱਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਨੂੰ ਗੁਰੂ ਨੇ ਸ਼ਸਤਰ ਦਿੱਤੇ ਹਨ, ਇਹ ਸਾਡੇ ਉੱਤੇ ਗੁਰੂ ਦੀ ਬਖਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਸਿੱਖ ਸ਼ਸਤਰ ਦੀ ਗਲਤ ਵਰਤੋਂ ਨਹੀਂ ਕਰਦੇ ਅਤੇ ਗੁਰੂ ਦੇ ਜ਼ਾਬਤੇ ਤੇ ਅਨੁਸ਼ਾਸਨ ਵਿੱਚ ਰਹਿੰਦੇ ਹਨ। ਸਿੱਖ ਦਾ ਸ਼ਸਤਰ ਮਜ਼ਲੂਮ ਦੀ ਰਾਖੀ ਤੇ ਆਤਮ ਰੱਖਿਆ ਲਈ ਹੈ, ਇਹ ਕਿਸੇ ਉੱਤੇ ਜ਼ੁਲਮ ਨਹੀਂ ਕਰਦਾ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਇਹ ਫਰਜ਼ ਹੈ ਕਿ ਉਹ ਜਿਸ ਮੁਲਕ ਵਿੱਚ ਰਹਿ ਰਹੇ ਹਨ ਉਸ ਦੇ ਵਫ਼ਾਦਾਰ ਰਹਿਣ ਅਤੇ ਉੱਥੋਂ ਦੀ ਤਰੱਕੀ ਲਈ ਯੋਗਦਾਨ ਪਾਉਣ। ਉਨ੍ਹਾਂ ਕਿਹਾ ਕਿ ਸਿੱਖ ਜਿਸ ਮੁਲਕ ਵਿੱਚ ਵੀ ਹਨ ਉੱਥੋਂ ਦੇ ਕਾਨੂੰਨ ਦੇ ਜ਼ਾਬਤੇ ਵਿੱਚ ਰਹਿ ਕੇ ਕਾਰਜ ਕਰਨ। ਸਿੱਖ ਜਬਰ ਅਤੇ ਜ਼ੁਲਮ ਖਿਲਾਫ਼ ਹਮੇਸ਼ਾ ਲੜਦਾ ਹੈ ਲੇਕਿਨ ਕਿਸੇ ਨਾਲ ਧੱਕਾ ਨਹੀਂ ਕਰਦਾ।ਉਨ੍ਹਾਂ ਸੰਗਤ ਨੂੰ ਸਮਾਜ ਸੇਵਾ ਤੇ ਮਨੁੱਖਤਾ ਦੀ ਭਲਾਈ ਦੇ ਕਾਰਜ ਕਰਨ ਲਈ ਆਖਿਆ।
ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਹਰ ਸਿੱਖ ਪਰਿਵਾਰ ਨੇ ਆਪਣੇ ਬੱਚਿਆਂ ਦੇ ਨਾਵਾਂ ਦੇ ਨਾਲ ਸਿੰਘ ਅਤੇ ਕੌਰ ਜ਼ਰੂਰ ਲਗਾਉਣਾ ਹੈ, ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਸ਼ ਕੀਤੀ ਸਾਡੇ ਇੱਕ ਪਰਿਵਾਰ ਅਤੇ ਵਿਲੱਖਣ ਪਛਾਣ ਦੀ ਨਿਸ਼ਾਨੀ ਹੈ। ਅਸੀਂ ਇੱਕ ਸਾਂਝਾ ਪਰਿਵਾਰ ਹਾਂ, ਦੁੱਖ ਸੁੱਖ ਦੇ ਭਾਈਵਾਲ਼ ਹਾਂ ਇਸ ਲਈ ਇੱਕ ਦੂਜੇ ਦੀ ਮਦਦ ਕਰਨੀ ਹੈ। ਉਨ੍ਹਾਂ ਕਿਹਾ ਕਿ ਸਿੱਖਾਂ ਨੇ ਬੱਚਿਆਂ ਦੇ ਨਾਮ ਚੜ੍ਹਦੀ ਕਲਾ ਵਾਲੇ ਰੱਖਣੇ ਹਨ, ਅੱਜ ਕੱਲ੍ਹ ਨਾਵਾਂ ਪਿੱਛੇ ਗੋਤ ਲਗਾਉਣ ਦਾ ਰੁਝਾਨ ਹੈ, ਨਾਵਾਂ ਵਿੱਚੋਂ ਸਿੰਘ ਤੇ ਕੌਰ ਮਨਫੀ ਹੋ ਰਹੇ ਹਨ, ਇਹ ਠੀਕ ਗੱਲ ਨਹੀਂ ਹੈ।
ਉਨ੍ਹਾਂ ਕਿਹਾ ਕਿ ਸਿੱਖਾਂ ਜੋੜਿਆਂ ਨੇ ਤਿੰਨ ਤੋਂ ਚਾਰ ਬੱਚੇ ਵੀ ਕਰਨੇ ਹਨ, ਇਹ ਸਾਡੇ ਲਈ ਸਮਾਜਿਕ ਤੇ ਕੌਮੀ ਤੌਰ ਉੱਤੇ ਬਹੁਤ ਜ਼ਰੂਰੀ ਹੈ। ਗੁਰੂ ਨੇ ਸਾਨੂੰ ਕਿਰਤੀ ਬਣਾਇਆ ਹੈ ਇਸ ਲਈ ਇਹ ਚਿੰਤਾ ਨਾ ਕਰੀਏ ਕਿ ਜੇਕਰ ਵੱਧ ਬੱਚੇ ਹੋਣਗੇ ਤਾਂ ਉਨ੍ਹਾਂ ਪਾਲਣ ਪੋਸ਼ਣ, ਪੜ੍ਹਾਈ ਕਿਵੇਂ ਹੋਵੇਗੀ, ਗੁਰੂ ਉੱਤੇ ਭਰੋਸਾ ਰੱਖੀਏ।
ਜਥੇਦਾਰ ਗੜਗੱਜ ਨੇ ਕਿਹਾ ਕਿ ਯੂਕੇ ਵਿੱਚ ਸਿੱਖ ਬੱਚੀਆਂ ਨੂੰ ਵਰਗਲਾਉਣ ਦੇ ਮਾਮਲੇ ਵੀ ਸਾਹਮਣੇ ਆ ਰਹੇ ਹਨ, ਜਿਸ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣਾ ਹੈ ਅਤੇ ਆਪਣੇ ਬੱਚਿਆਂ ਨੂੰ ਸਿੱਖੀ ਤੇ ਗੁਰੂ ਘਰ ਨਾਲ ਜੋੜ ਕੇ ਰੱਖਣਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਇਹ ਦਰਜ ਹੈ ਕਿ ਸਿੱਖ ਬੱਚੀ ਦਾ ਵਿਆਹ ਸਿੱਖ ਬੱਚੇ ਨਾਲ ਹੀ ਹੋ ਸਕਦਾ ਹੈ, ਆਪਣੇ ਬੱਚਿਆਂ ਨਾਲ ਵੱਧ ਤੋਂ ਵੱਧ ਸਮਾਂ ਬਤੀਤ ਕਰੀਏ ਤੇ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਜਾਣੀਏ ਤੇ ਉਨ੍ਹਾਂ ਨਾਲ ਲਗਾਤਾਰ ਗੱਲਬਾਤ ਕਰੀਏ। ਉਨ੍ਹਾਂ ਕਿਹਾ ਕਿ ਇਹ ਸਿੱਖ ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਬੱਚਿਆਂ ਨੂੰ ਘਰਾਂ ਵਿੱਚ ਸਿੱਖੀ ਵਾਲਾ ਮਾਹੌਲ ਦੇਣ ਤਾਂ ਜੋ ਇਹ ਵਾੜ ਬੱਚਿਆਂ ਨੂੰ ਬਚਾ ਕੇ ਰੱਖੇ।
ਉਨ੍ਹਾਂ ਸੰਗਤ ਨੂੰ ਸਮੂਹ ਭਾਈਚਾਰਿਆਂ ਤੇ ਕੌਮਾਂ ਨੂੰ ਗਲਵੱਕੜੀ ਵਿੱਚ ਲੈਣ, ਕਿਸੇ ਨਾਲ ਨਫ਼ਰਤ ਜਾਂ ਇਰਖਾ ਨਾ ਕਰਨਾ ਦਾ ਸੰਦੇਸ਼ ਵੀ ਦਿੱਤਾ। ਉਨ੍ਹਾਂ ਵਿਦੇਸ਼ਾਂ ਵਿੱਚ ਵੱਸਦੀ ਸੰਗਤ ਨੂੰ ਸੱਦਾ ਦਿੱਤਾ ਕਿ ਉਹ ਸ੍ਰੀ ਨਨਕਾਣਾ ਸਾਹਿਬ, ਸ੍ਰੀ ਦਰਬਾਰ ਸਾਹਿਬ, ਪੰਜੇ ਤਖ਼ਤ ਸਾਹਿਬਾਨ ਅਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਦਰਸ਼ਨਾਂ ਲਈ ਜ਼ਰੂਰ ਆਉਣ।
ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖਾਂ ਦਾ ਸਰਵਉੱਚ ਤਖ਼ਤ ਹੈ, ਜਿਸ ਅੱਗੇ ਕੋਈ ਵੀ ਹਾਕਮ ਨਹੀਂ ਅੜ ਸਕਦਾ। ਉਨ੍ਹਾਂ ਸੰਗਤ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਜੁੜੇ ਰਹਿਣ ਦਾ ਵੀ ਸੰਦੇਸ਼ ਦਿੱਤਾ।
ਇਸ ਮੌਕੇ ਭਾਈ ਗਜਿੰਦਰ ਸਿੰਘ ਖ਼ਾਲਸਾ, ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਗ੍ਰੰਥੀ ਗਿਆਨੀ ਮਲਕੀਤ ਸਿੰਘ, ਸਿੱਖ ਵਿਦਵਾਨ ਭਾਈ ਗੁਰਬਖਸ਼ ਸਿੰਘ ਗੁਲਸ਼ਨ, ਨਾਨਕਸਰ ਬੜੂੰਦੀ ਤੋਂ ਬਾਬਾ ਅਮਰ ਸਿੰਘ ਜੀ, ਵਰਿੰਦਰ ਸਿੰਘ, ਹਰਪ੍ਰੀਤ ਸਿੰਘ, ਅਸ਼ਪਾਲ ਸਿੰਘ, ਹਰਿੰਦਰ ਸਿੰਘ, ਗੁਰਿੰਦਰ ਸਿੰਘ, ਮਨਜੀਤ ਸਿੰਘ, ਲੋਚ ਸਿੰਘ, ਅਮਰਜੀਤ ਸਿੰਘ, ਚਰਨ ਸਿੰਘ, ਸੁਖਦੀਪ ਸਿੰਘ ਰੰਧਾਵਾ, ਅਜੀਤ ਸਿੰਘ, ਨਿੱਜੀ ਸਹਾਇਕ ਬਲਦੇਵ ਸਿੰਘ, ਮੀਡੀਆ ਸਲਾਹਕਾਰ ਜਸਕਰਨ ਸਿੰਘ ਆਦਿ ਹਾਜ਼ਰ ਸਨ।