PSCST : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਵੱਲੋਂ 43ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ
PSCST 43rd Foundation Day : ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ (PSCST) ਵੱਲੋਂ ਸੋਮਵਾਰ ਨੂੰ ਆਪਣਾ 43ਵਾਂ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪੰਜਾਬ ਸਰਕਾਰ ਦੇ ਵਿਗਿਆਨ, ਤਕਨਾਲੋਜੀ ਤੇ ਵਾਤਾਵਰਣ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ (ਆਈਏਐਸ) ਨੇ ਕਿਹਾ ਕਿ ਰਾਜ ਸਰਕਾਰ ਮਜ਼ਬੂਤ ਰਿਸਰਚ ਤੇ ਨਵੀਨਤਾ ਇਕੋਸਿਸਟਮ ਤਿਆਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਨੇ ‘ਨੌਲਜ ਸਿਟੀ’ ਦੇ ਵਿਕਾਸ ਅਤੇ ਸਰਕਾਰ, ਸਿੱਖਿਆ ਸੰਸਥਾਵਾਂ, ਰਿਸਰਚ ਸੰਗਠਨਾਂ, ਉਦਯੋਗਾਂ ਅਤੇ ਸਟਾਰਟਅੱਪਸ ਵਿਚਕਾਰ ਸਹਿਯੋਗ ਵਧਾਉਣ ਉੱਤੇ ਜ਼ੋਰ ਦਿੱਤਾ।
ਵਿਸ਼ੇਸ਼ ਸਕੱਤਰ ਡਾ. ਸ਼ੈਲੇਂਦਰ ਕੌਰ (ਆਈਐਫਐਸ) ਨੇ ਪਿਛਲੇ 43 ਸਾਲਾਂ ਵਿੱਚ ਪੀਐਸਸੀਐਸਟੀ ਦੇ ਯੋਗਦਾਨ ਦੀ ਸ਼ਲਾਘਾ ਕੀਤੀ, ਜਦਕਿ ਐਗਜ਼ੈਕਟਿਵ ਡਾਇਰੈਕਟਰ ਪ੍ਰੀਤਪਾਲ ਸਿੰਘ ਨੇ ਦੱਸਿਆ ਕਿ ਕੌਂਸਲ 8,000 ਤੋਂ ਵੱਧ ਉਦਯੋਗਿਕ ਇਕਾਈਆਂ ਨੂੰ ਸਾਫ਼ ਤਕਨਾਲੋਜੀ ਅਤੇ ਊਰਜਾ ਦੱਖਲਤਾ ਖੇਤਰ ਵਿੱਚ ਵਿਗਿਆਨਕ ਸਹਾਇਤਾ ਦੇ ਰਹੀ ਹੈ। ਉਨ੍ਹਾਂ ਨੇ ‘ਸੈਂਟਰ ਫਾਰ ਰਿਸਰਚ, ਇਨੋਵੇਸ਼ਨ, ਪਾਲਿਸੀ ਐਂਡ ਟੈਕਨਾਲੋਜੀ ਐਡਵਾਂਸਮੈਂਟ’ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ।

ਆਈਆਈਟੀ ਰੋਪੜ ਦੇ ਡਾਇਰੈਕਟਰ ਪ੍ਰੋ. ਰਾਜੀਵ ਆਹੂਜਾ ਨੇ ਕਿਹਾ ਕਿ ਭਵਿੱਖ ਲਈ ਨੌਜਵਾਨਾਂ ਦੇ ਹੁਨਰ ਵਿਕਾਸ, ਸਟਾਰਟਅੱਪ ਸੰਸਕ੍ਰਿਤੀ ਅਤੇ ਉਦਯੋਗ-ਅਕਾਦਮਿਕ ਸਾਂਝ ਨੂੰ ਮਜ਼ਬੂਤ ਕਰਨਾ ਬਹੁਤ ਜ਼ਰੂਰੀ ਹੈ। ਇਸੇ ਦੌਰਾਨ ਨਾਬੀ ਦੇ ਐਗਜ਼ੈਕਟਿਵ ਡਾਇਰੈਕਟਰ ਪ੍ਰੋ. ਅਸ਼ਵਨੀ ਪਰੀਕ ਨੇ ਪੋਸ਼ਣ ਸੁਰੱਖਿਆ ਲਈ ਵਿਗਿਆਨ ਆਧਾਰਿਤ ਨਵੀਨਤਾ ਅਤੇ ਸਾਂਝੇ ਰਿਸਰਚ ਉਪਰਾਲਿਆਂ ’ਤੇ ਜ਼ੋਰ ਦਿੱਤਾ। ਜਾਇੰਟ ਡਾਇਰੈਕਟਰ ਡਾ. ਦਪਿੰਦਰ ਬਕਸ਼ੀ ਨੇ ਕੌਂਸਲ ਦੇ ਸਹਿਯੋਗੀ ਸੰਸਥਾਵਾਂ ਅਤੇ ਨਵੀਨਤਾ ਇਕੋਸਿਸਟਮ ਦੇ ਯੋਗਦਾਨ ਦੀ ਪ੍ਰਸ਼ੰਸਾ ਕੀਤੀ।
ਇਸ ਮੌਕੇ ਡਾ. ਲੱਜਾ ਦੇਵੀ ਗੋਇਲ (ਏਆਈਆਈਐਮਐਸ ਬਠਿੰਡਾ), ਸੁਸ਼ਰੀ ਨਿਤਿਕਾ ਖੁਰਾਨਾ (ਚੰਡੀਗੜ੍ਹ ਐਂਜਲਜ਼ ਨੈੱਟਵਰਕ), ਸ਼੍ਰੀ ਜੋਤੀ ਸਰੂਪ (ਉਨਾਤੀ ਕੋਆਪਰੇਟਿਵ, ਤਲਵਾਡਾ), ਪ੍ਰੋ. ਮਨੂ ਸ਼ਰਮਾ (ਪੰਜਾਬ ਯੂਨੀਵਰਸਿਟੀ) ਅਤੇ ਡਾ. ਵਿਪਾਸ਼ਾ (ਐਸਐਚਈ ਸਟਾਰਟਅੱਪ) ਨੂੰ ਵਿਗਿਆਨ, ਤਕਨਾਲੋਜੀ ਅਤੇ ਨਵੀਨਤਾ ਖੇਤਰ ਵਿੱਚ ਉਨ੍ਹਾਂ ਦੇ ਉੱਤਮ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪੀਐਸਸੀਐਸਟੀ ਦੀ ਸਮਾਰਿਕਾ ਅਤੇ ਬੌਧਿਕ ਸੰਪਦਾ ਅਧਿਕਾਰਾਂ (ਆਈਪੀਆਰ) ਬਾਰੇ ਟਿਸਕ ਬੁਲੇਟਿਨ ਦਾ ਵੀ ਜਾਰੀਕਰਨ ਕੀਤਾ ਗਿਆ।
- PTC NEWS