Asian Judo Championship : ਪੰਜਾਬ ਦੇ ਹਰਸ਼ਰਮ ਨੇ ਅੰਤਰਰਾਸ਼ਟਰੀ ਪੱਧਰ 'ਤੇ ਪਾਈ ਧਮਾਲ, ਜੂਡੋ ਟੂਰਨਾਮੈਂਟ 'ਚ ਜਿੱਤਿਆ ਕਾਂਸੀ ਤਗਮਾ
Asian Junior Judo Championship Jordan : ਜਾਰਡਨ ਵਿੱਚ ਹੋਈ ਏਸ਼ੀਅਨ ਕੈਡੇਟ ਐਂਡ ਜੂਨੀਅਰ ਜੂਡੋ ਚੈਂਪੀਅਨਸ਼ਿਪ ਵਿੱਚ ਕਾਂਸੀ ਤਗਮਾ ਜਿੱਤ ਕੇ ਦੇਸ਼ ਅਤੇ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲੇ ਅੰਮ੍ਰਿਤਸਰ ਦੇ ਹੋਣਹਾਰ ਜੂਡੋ ਖਿਡਾਰੀ ਹਰਸ਼ਰਮ (Harsharam) ਦੇ ਵਤਨ ਪਰਤਣ 'ਤੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਢੋਲ-ਢਮੱਕਿਆਂ, ਫੁੱਲਾਂ ਦੇ ਹਾਰਾਂ ਅਤੇ ਜ਼ੋਰਦਾਰ ਨਾਅਰਿਆਂ ਨਾਲ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਜੂਡੋ ਐਸੋਸੀਏਸ਼ਨ ਦੇ ਅਹੁਦੇਦਾਰ, ਕੋਚ, ਖਿਡਾਰੀ ਅਤੇ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਮੌਜੂਦ ਸਨ।
ਹਰਸ਼ਰਮ ਨੇ ਆਪਣੇ ਪਹਿਲੇ ਟੂਰਨਾਮੈਂਟ 'ਚ ਹੀ ਜਿੱਤਿਆ ਤਗਮਾ (Judo Championship 2026)
ਹਰਸ਼ਰਮ ਨੇ ਆਪਣੇ ਪਹਿਲੇ ਹੀ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਂਸੀ ਦਾ ਤਗਮਾ ਜਿੱਤਿਆ। ਉਨ੍ਹਾਂ ਨੇ ਆਪਣੀ ਕੈਟਾਗਰੀ ਵਿੱਚ ਕਰੀਬ 20 ਖਿਡਾਰੀਆਂ ਦੇ ਮੁਕਾਬਲੇ ਦੌਰਾਨ ਕੁੱਲ ਪੰਜ ਮੁਕਾਬਲੇ ਖੇਡੇ, ਜਿਨ੍ਹਾਂ ਵਿੱਚੋਂ ਚਾਰ ਵਿੱਚ ਜਿੱਤ ਦਰਜ ਕੀਤੀ। ਉਨ੍ਹਾਂ ਨੇ ਕਿਰਗਿਸਤਾਨ, ਤਾਈਪੇ, ਉਜ਼ਬੇਕਿਸਤਾਨ ਅਤੇ ਫਲਸਤੀਨ ਦੇ ਖਿਡਾਰੀਆਂ ਨਾਲ ਸਖ਼ਤ ਟੱਕਰ ਲੈਂਦਿਆਂ ਇਹ ਸਫਲਤਾ ਹਾਸਲ ਕੀਤੀ। ਹਰਸ਼ਰਮ ਇਸ ਸਮੇਂ ਬੈਂਗਲੁਰੂ ਸਥਿਤ ਇੰਸਪਾਇਰ ਇੰਸਟੀਚਿਊਟ ਆਫ਼ ਸਪੋਰਟ (IIS) ਵਿੱਚ ਟ੍ਰੇਨਿੰਗ ਕਰ ਰਹੇ ਹਨ।
ਹਰਸ਼ਰਮ ਦੀ ਪ੍ਰਾਪਤੀ ਪਿੱਛੇ ਕੌਣ ?
ਮੀਡੀਆ ਨਾਲ ਗੱਲਬਾਤ ਕਰਦਿਆਂ ਹਰਸ਼ਰਮ ਨੇ ਕਿਹਾ ਕਿ ਇਹ ਪ੍ਰਾਪਤੀ ਪਿਛਲੇ ਚਾਰ ਸਾਲਾਂ ਦੀ ਲਗਾਤਾਰ ਸਖ਼ਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੀ ਇਸ ਜਿੱਤ ਦਾ ਸਿਹਰਾ ਆਪਣੇ ਕੋਚ ਕਰਮਜੀਤ ਸਿੰਘ ਅਤੇ ਆਪਣੇ ਪਿਤਾ ਇੰਸਪੈਕਟਰ ਪਵਨ ਕੁਮਾਰ ਨੂੰ ਦਿੰਦੇ ਹਨ, ਜਿਨ੍ਹਾਂ ਨੇ ਹਰ ਕਦਮ 'ਤੇ ਉਨ੍ਹਾਂ ਦਾ ਹੌਸਲਾ ਵਧਾਇਆ। ਉਨ੍ਹਾਂ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਟ੍ਰੇਨਿੰਗ ਨਾਲ ਹਰ ਟੀਚਾ ਹਾਸਲ ਕੀਤਾ ਜਾ ਸਕਦਾ ਹੈ।
ਹਰਸ਼ਰਮ ਕਦੋਂ ਤੋਂ ਜੂਡੋ ਦੀ ਕਰ ਰਿਹਾ ਸੀ ਤਿਆਰੀ ?
ਖਿਡਾਰੀ ਦੇ ਕੋਚ ਕਰਮਜੀਤ ਸਿੰਘ ਨੇ ਦੱਸਿਆ ਕਿ ਸਾਲ 2022 ਤੋਂ ਹਰਸ਼ਰਮ ਨੂੰ ਤਿਆਰ ਕੀਤਾ ਜਾ ਰਿਹਾ ਹੈ ਅਤੇ ਉਹ ਰੋਜ਼ਾਨਾ ਅੱਠ ਘੰਟੇ ਸਖ਼ਤ ਅਭਿਆਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੀ ਧਰਤੀ ਪਹਿਲਾਂ ਵੀ ਕਈ ਅੰਤਰਰਾਸ਼ਟਰੀ ਖਿਡਾਰੀ ਦੇ ਚੁੱਕੀ ਹੈ ਅਤੇ ਹਰਸ਼ਰਮ ਦੀ ਇਹ ਜਿੱਤ ਆਉਣ ਵਾਲੇ ਸਮੇਂ ਵਿੱਚ ਹੋਰ ਖਿਡਾਰੀਆਂ ਲਈ ਪ੍ਰੇਰਣਾ ਬਣੇਗੀ।
ਜੂਡੋ ਐਸੋਸੀਏਸ਼ਨ ਨੇ ਹਰਸ਼ਰਮ ਨੂੰ ਤਗਮਾ ਜਿੱਤਣ 'ਤੇ ਦਿੱਤੀ ਵਧਾਈ
ਜੂਡੋ ਐਸੋਸੀਏਸ਼ਨ ਦੇ ਪ੍ਰਧਾਨ ਜਤਿੰਦਰ ਕੁਮਾਰ ਨੇ ਹਰਸ਼ਰਮ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਹਰਸ਼ਰਮ ਨੇ ਚਾਰ ਸਾਲਾਂ ਦੀ ਦਿਨ-ਰਾਤ ਦੀ ਮਿਹਨਤ ਨਾਲ ਇਹ ਸਫਲਤਾ ਹਾਸਲ ਕੀਤੀ ਹੈ ਅਤੇ ਉਮੀਦ ਹੈ ਕਿ ਉਹ ਅਗਲੇ ਸਾਲ ਦੇਸ਼ ਲਈ ਸੋਨ ਤਗਮਾ ਵੀ ਜਿੱਤਣਗੇ। ਉਨ੍ਹਾਂ ਨਾਲ ਹੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਨਾਲ ਜੁੜਨ ਦੀ ਅਪੀਲ ਕੀਤੀ ਅਤੇ ਮੰਗ ਕੀਤੀ ਕਿ ਹਰ ਪਿੰਡ ਅਤੇ ਸ਼ਹਿਰ ਵਿੱਚ ਖੇਡ ਅਕੈਡਮੀਆਂ ਸਥਾਪਤ ਕੀਤੀਆਂ ਜਾਣ ਤਾਂ ਜੋ ਨੌਜਵਾਨਾਂ ਨੂੰ ਸਹੀ ਦਿਸ਼ਾ ਮਿਲ ਸਕੇ।
ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਬਲਵਿੰਦਰ ਸਿੰਘ ਅਤੇ ਹੋਰ ਅਹੁਦੇਦਾਰਾਂ ਨੇ ਕਿਹਾ ਕਿ ਹਰਸ਼ਰਮ ਦੀ ਇਸ ਇਤਿਹਾਸਕ ਪ੍ਰਾਪਤੀ ਨਾਲ ਅੰਮ੍ਰਿਤਸਰ, ਪੰਜਾਬ ਅਤੇ ਪੂਰੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਪੱਧਰ 'ਤੇ ਰੌਸ਼ਨ ਹੋਇਆ ਹੈ। ਉਨ੍ਹਾਂ ਆਸ ਜਤਾਈ ਕਿ ਹਰਸ਼ਰਮ ਦੀ ਸਫਲਤਾ ਤੋਂ ਪ੍ਰੇਰਿਤ ਹੋ ਕੇ ਹੋਰ ਬੱਚੇ ਵੀ ਖੇਡਾਂ ਵਿੱਚ ਆਪਣਾ ਭਵਿੱਖ ਬਣਾਉਣ ਲਈ ਅੱਗੇ ਆਉਣਗੇ।
ਇਹ ਵੀ ਪੜ੍ਹੋ... Maruti Suzuki Car Price: ਗਾਹਕਾਂ ਨੂੰ ਵੱਡਾ ਝਟਕਾ, ਅਗਸਤ ਤੋਂ ਮਹਿੰਗੀਆਂ ਹੋਣਗੀਆਂ ਮਾਰੂਤੀ ਸੁਜ਼ੂਕੀ ਦੀਆਂ ਕਾਰਾਂ
- PTC NEWS