PTC News
Search
🔍 Search

SAD BJP Alliance : ਕਦੋਂ ਹੱਲ ਹੋਣਗੇ ਕਰਤਾਰਪੁਰ ਕੋਰੀਡਰ ਅਤੇ ਬੰਦੀ ਸਿੰਘਾਂ ਦੇ ਮਸਲੇ ? ਅਮਿਤ ਸ਼ਾਹ ਦੇ ਬਿਆਨ ਦੇ ਕੀ ਹਨ ਮਾਇਨੇ ?

Punjab Election : 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕੁੱਝ ਵੱਡੇ ਮੁੱਦਿਆਂ 'ਤੇ ਅਹਿਮ ਫੈਸਲੇ ਲਏ ਜਾ ਸਕਦੇ ਹਨ, ਜਿਨ੍ਹਾਂ ਵਿੱਚ ਦੋ ਮੁੱਖ ਮੁੱਦੇ ਕਰਤਾਰਪੁਰ ਕੋਰੀਡੋਰ ਅਤੇ ਬੰਦੀ ਸਿੰਘਾਂ ਦੇ ਅਹਿਮ ਹਨ।

By  KRISHAN KUMAR SHARMA November 24th 2026 03:47 PM -- Updated: November 24th 2026 03:54 PM

Punjab Election 2027 : ਪੰਜਾਬ ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਗਠਜੋੜ (SAD BJP Alliance) ਵਿਚਾਲੇ ਸਾਲ 2020 ਵਿੱਚ ਆਈ ਤਰੇੜ ਨੂੰ ਦੋਵਾਂ ਪਾਰਟੀਆਂ ਦੇ ਆਗੂਆਂ ਨੇ ਆਪਣੀ ਸਮਝਦਾਰੀ ਨਾਲ ਮੁੜ ਪੂਰ ਦਿੱਤਾ ਹੈ। ਦੋਵਾਂ ਪਾਰਟੀਆਂ ਵਿਚਾਲੇ ਕਈ ਮੁੱਦਿਆਂ 'ਤੇ ਪਿਛਲੇ ਦੋ-ਤਿੰਨ ਸਾਲਾਂ ਤੋਂ ਖਿੱਚੋਤਾਣ ਚੱਲ ਰਹੀ ਹੈ, ਜੋ ਆਗਾਮੀ ਵਿਧਾਨ ਸਭਾ ਚੋਣਾਂ 'ਚ ਸਹਿਮਤੀ 'ਤੇ ਖ਼ਤਮ ਹੁੰਦੀ ਜਾਪ ਰਹੀ ਹੈ। ਇਹ ਸੰਕੇਤ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ (Amit Shah) ਦੇ ਮੰਗਲਵਾਰ ਨੂੰ ਦਿੱਤੇ ਬਿਆਨਾਂ ਤੋਂ ਮਿਲਦੇ ਹਨ ਕਿ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਕੁੱਝ ਵੱਡੇ ਮੁੱਦਿਆਂ 'ਤੇ ਅਹਿਮ ਫੈਸਲੇ ਲਏ ਜਾ ਸਕਦੇ ਹਨ, ਜਿਨ੍ਹਾਂ ਵਿੱਚ ਦੋ ਮੁੱਖ ਮੁੱਦੇ ਕਰਤਾਰਪੁਰ ਕੋਰੀਡੋਰ ਅਤੇ ਬੰਦੀ ਸਿੰਘਾਂ ਦੇ ਅਹਿਮ ਹਨ।

ਅਮਿਤ ਸ਼ਾਹ ਨੇ ਕੀ ਦਿੱਤਾ ਬਿਆਨ

ਅਮਿਤ ਸ਼ਾਹ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ, ''ਮੈਂ ਜੋ ਬੋਲਿਆ ਹਾਂ, ਸੋਚ ਸਮਝ ਕੇ ਬੋਲਿਆ ਹਾਂ, ਪੰਜਾਬ ਦੇ ਕਲਿਆਣ ਲਈ ਦੋਵੇਂ ਮੁੱਦਿਆਂ, ਸਾਰਿਆਂ 'ਤੇ ਦੋਵਾਂ ਪਾਰਟੀਆਂ ਨੇ ਸਾਰਥਕ ਚਰਚਾ ਕੀਤੀ ਹੈ, ਜਿਸ ਪਿੱਛੋਂ ਹੀ ਅਸੀਂ ਗਠਜੋੜ ਦਾ ਐਲਾਨ ਕੀਤਾ ਹੈ।''

ਅਮਿਤ ਸ਼ਾਹ ਨੇ ਕਿਹਾ ਕਿ ਇਹ ਦੇਰੀ ਇਸ ਲਈ ਹੋਈ, ਕਿਉਂਕਿ ਉਹ ਚਾਹੁੰਦੇ ਹਨ ਕਿ ਗਠਜੋੜ ਲੰਮੇ ਸਮੇਂ ਦਹਾਕਿਆਂ ਤੱਕ ਬਣਿਆ ਰਹੇ। ਇਸ ਲਈ ਭਾਜਪਾ ਅਤੇ ਅਕਾਲੀ ਦਲ ਵਿਚਾਲੇ ਲੰਬੀ ਚਰਚਾ ਵੀ ਹੋਈ ਹੈ, ਭਾਜਪਾ ਆਗੂਆਂ ਅਤੇ ਸੁਖਬੀਰ ਸਿੰਘ ਬਾਦਲ, ਦੋਵੇਂ ਧਿਰਾਂ ਦੇ ਆਗੂਆਂ ਦੀਆਂ ਆਪਣੇ-ਆਪਣੇ ਹਿੱਤ ਅਤੇ ਮੰਗਾਂ ਸਨ, ਜਿਸ ਤੋਂ ਬਾਅਦ ਹੀ ਸਾਂਝਾ ਰੋਡ ਮੈਪ ਤਿਆਰ ਹੋਇਆ, ਜਿਸ ਲਈ ਸੁਭਾਵਿਕ ਹੈ ਕਿ ਉਸ ਵਿੱਚ ਦੇਰੀ ਤਾਂ ਹੁੰਦੀ ਹੀ ਹੈ।

ਅਮਿਤ ਸ਼ਾਹ ਨੇ ਜ਼ੋਰ ਦੇ ਕੇ ਕਿਹਾ, "ਅਸੀਂ ਆਉਣ ਵਾਲੀਆਂ ਚੋਣਾਂ ਵਿੱਚ ਯਕੀਨੀ ਤੌਰ 'ਤੇ ਐਨ.ਡੀ.ਏ. (NDA) ਦੀ ਸਰਕਾਰ ਬਣਾਵਾਂਗੇ ਅਤੇ ਪੰਜਾਬ ਵਿੱਚ ਇੱਕ ਵਾਰ ਫਿਰ ਖੁਸ਼ਹਾਲੀ ਬਹਾਲ ਕਰਾਂਗੇ।"

ਬੰਦੀ ਸਿੰਘਾਂ ਦਾ ਮਸਲਾ ਕਿਉਂ ਅਹਿਮ ? (Bandi Sings)

ਸ਼੍ਰੋਮਣੀ ਅਕਾਲੀ ਦਲ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹਮੇਸ਼ਾ ਹੀ ਤਤਪਰਤਾ ਵਿਖਾਈ ਗਈ ਹੈ। ਇਹ ਪਾਰਟੀ ਦੀ ਮੁੱਖ ਮੰਗ ਵੀ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਕੇ 30-30 ਸਾਲਾਂ ਤੋਂ ਜੇਲ੍ਹਾਂ ਵਿੱਚ ਬੈਠੇ ਸਿੱਖਾਂ ਨੂੰ ਇਨਸਾਫ਼ ਦਿੱਤਾ ਜਾਵੇ।

ਅਕਾਲੀ ਦਲ ਇਸ ਮਸਲੇ ਨੂੰ ਸੰਗਰੂਰ ਜ਼ਿਮਨੀ ਚੋਣ 'ਚ ਵੀ ਲਿਆਂਦਾ ਗਿਆ ਸੀ, ਜਦੋਂ ਕਮਲਦੀਪ ਕੌਰ ਰਾਜੋਆਣਾ ਨੂੰ ਉਮੀਦਵਾਰ ਬਣਾਇਆ ਗਿਆ ਸੀ। ਉਪਰੰਤ, ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਦਸਤਖਤੀ ਮੁਹਿੰਮ ਵੀ ਚਲਾਈ ਗਈ ਸੀ, ਜਿਸ ਨੂੰ ਪੰਜ ਵਾਰ ਦੇ ਮੁੱਖ ਮੰਤਰੀ ਰਹੇ ਸਵਰਗੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਸ਼ੁਰੂ ਕਰਵਾਇਆ ਸੀ।

ਇਸ ਪਿੱਛੋਂ ਪੰਜਾਬ ਰਾਜਪਾਲ ਨੂੰ ਪਾਰਟੀ ਵੱਲੋਂ ਮੰਗ ਪੱਤਰ ਅਤੇ ਕੇਂਦਰ ਸਰਕਾਰ ਨੂੰ ਵੀ ਇਸ ਮੁੱਦੇ 'ਤੇ ਗੌਰ ਕਰਨ ਲਈ ਕਿਹਾ ਗਿਆ ਸੀ।

ਸਾਂਸਦ ਹਰਸਿਮਰਤ ਕੌਰ ਬਾਦਲ ਵੀ ਇਸ ਸਬੰਧ 'ਚ ਕੇਂਦਰ ਨੂੰ ਕਈ ਵਾਰ ਗੁਹਾਰ ਲਗਾ ਚੁੱਕੇ ਹਨ।

ਅਕਾਲੀ ਦਲ ਲਈ ਕਰਤਾਰਪੁਰ ਲਾਂਘੇ ਦੀ ਮਹੱਤਤਾ ? (Kartarpur Corridor)

ਕਰਤਾਰਪੁਰ ਲਾਂਘਾ, ਸ਼੍ਰੋਮਣੀ ਅਕਾਲੀ ਦਲ ਦਾ ਇੱਕ ਹੋਰ ਮੁੱਖ ਮੁੱਦਾ ਹੈ, ਜੋ ਸਿੱਖ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਦੱਸ ਦਈਏ ਕਿ ਕਰਤਾਰਪੁਰ ਸਾਹਿਬ ਲਾਂਘਾ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਨੂੰ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਗੁਰਦੁਆਰਾ ਦਰਬਾਰ ਸਾਹਿਬ ਨਾਲ ਜੋੜਦਾ ਹੈ, ਜੋ ਕਿ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਅਸਥਾਨਾਂ ਵਿੱਚੋਂ ਇੱਕ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਸਨ।

ਅਕਾਲੀ ਦਲ ਦੀ ਚਾਰਾਜੋਈ

- 15 ਸਤੰਬਰ 2025 ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਨੂੰ ਕੋਰੀਡਰ ਖੋਲ੍ਹਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਚਿੱਠੀ ਲਿਖੀ।

- ਉਪਰੰਤ, ਸੁਖਬੀਰ ਸਿੰਘ ਬਾਦਲ ਵੱਲੋਂ 17 ਜੁਲਾਈ 2026 ਨੂੰ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਨੂੰ ਇਸ ਮੁੱਦੇ 'ਤੇ ਚਿੱਠੀ ਲਿਖੀ ਗਈ।

- 31 ਜੁਲਾਈ ਨੂੰ ਸਾਂਸਦ ਹਰਸਿਮਰਤ ਕੌਰ ਬਾਦਲ ਵੱਲੋਂ ਸੰਸਦ 'ਚ ਵੀ ਮੁੱਦਾ ਚੁੱਕਿਆ ਅਤੇ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਸੀ।

ਹਾਲਾਂਕਿ, ਕੇਂਦਰ ਸਰਕਾਰ ਵੱਲੋਂ ਲਾਂਘੇ ਨੂੰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਪਿੱਛੇ ਮੌਜੂਦਾ ਸੁਰੱਖਿਆ ਸਥਿਤੀ ਦਾ ਹਵਾਲਾ ਦਿੰਦਿਆਂ ਕਿਹਾ ਸੀ ਕਿ ਇਸਨੂੰ ਇਸ ਸਮੇਂ ਬਹਾਲ ਨਹੀਂ ਕੀਤਾ ਜਾ ਸਕਦਾ।

ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਦਿੱਤੇ ਸੰਕੇਤ (Amit Shah Statement on Kartarpur Corridor)

ਅਮਿਤ ਸ਼ਾਹ ਨੇ ਕਿਹਾ, "ਕਰਤਾਰਪੁਰ ਸਾਹਿਬ ਲਾਂਘੇ ਦੀ ਮੰਗ ਆਜ਼ਾਦੀ ਦੇ ਸਮੇਂ ਵੀ ਸੀ। ਜੇ ਅਸੀਂ ਉਸ ਸਮੇਂ ਉੱਥੇ ਹੁੰਦੇ ਤਾਂ ਕਰਤਾਰਪੁਰ ਸਾਹਿਬ ਭਾਰਤ ਵਿੱਚ ਹੁੰਦਾ। ਕਾਂਗਰਸ ਦੀ ਲਾਪਰਵਾਹੀ ਕਾਰਨ ਸਾਡੇ ਕੋਲ ਇਹ ਨਹੀਂ ਹੈ। ਅਸੀਂ ਲਾਂਘਾ ਬਣਾਇਆ ਸੀ, ਪਰ ਇਸਨੂੰ ਆਪ੍ਰੇਸ਼ਨ ਸਿੰਦੂਰ ਦੌਰਾਨ ਬੰਦ ਕਰ ਦਿੱਤਾ ਗਿਆ ਸੀ। ਸਥਿਤੀ ਆਮ ਹੋਣ 'ਤੇ ਇਸਨੂੰ ਦੁਬਾਰਾ ਖੋਲ੍ਹਿਆ ਜਾਵੇਗਾ। ਅਸੀਂ ਇਸਨੂੰ ਬਣਾਇਆ ਹੈ, ਇਸ ਲਈ ਅਸੀਂ ਵੀ ਚਾਹੁੰਦੇ ਹਾਂ ਕਿ ਇਸਨੂੰ ਖੁੱਲ੍ਹਾ ਰੱਖਿਆ ਜਾਵੇ। ਇਸਨੂੰ ਰਾਸ਼ਟਰੀ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤਾ ਗਿਆ ਸੀ। ਇਸ 'ਤੇ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ।"

ਜੇਕਰ ਅਮਿਤ ਸ਼ਾਹ ਦੇ ਬਿਆਨ ਨੂੰ ਵਾਚਿਆ ਜਾਵੇ ਤਾਂ ਪੰਜਾਬ ਚੋਣਾਂ ਦੇ ਐਨ ਮੌਕੇ ਇਨ੍ਹਾਂ ਦੋਵਾਂ ਮੁੱਦਿਆਂ 'ਤੇ ਪੰਜਾਬ ਦੀ ਸਿਆਸਤ 'ਚ ਵੱਡਾ ਧਮਾਕਾ ਹੋ ਸਕਦਾ ਹੈ ਅਤੇ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਦੋਵਾਂ ਮੁੱਦਿਆਂ 'ਚ ਸਾਰਥਕ ਕਦਮ ਚੁੱਕਿਆ ਜਾ ਸਕਦਾ ਹੈ। ਫਿਲਹਾਲ, ਕੇਂਦਰੀ ਮੰਤਰੀ ਅਨੁਸਾਰ, ਦੋਵਾਂ ਮੁੱਦਿਆਂ 'ਤੇ ਦੋਵੇਂ ਪਾਰਟੀਆਂ ਵਿਚਾਲੇ ਅਜੇ ਹੋਰ ਵੀ ਡੂੰਘੀ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ... SAD BJP Alliance : 2020 'ਚ ਕਿਉਂ ਆਈ ਸੀ ਪੰਜਾਬ ਦੇ 24 ਸਾਲ ਪੁਰਾਣੇ ਰਿਸ਼ਤੇ 'ਚ ਤਰੇੜ ? ਵੇਖੋ ਕੀ ਹੈ ਗਠਜੋੜ ਦਾ ਇਤਿਹਾਸ

Related Post