Jalandhar ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ,ਕਈ ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦੀ ਆਸ਼ੰਕਾ
Jalandhar Factory Ammonia Gas leak : ਜਲੰਧਰ ਦੇ ਸਰਜੀਕਲ ਕੰਪਲੈਕਸ 'ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਤੇ 30 ਲੋਕਾਂ ਦੇ ਫੈਕਟਰੀ ਅੰਦਰ ਫਸੇ ਹੋਣ ਦਾ ਖਦਸ਼ਾ ਹੈ। ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਉਤੇ ਪੁੱਜ ਗਏ ਹਨ
Jalandhar Factory Ammonia Gas leak : ਜਲੰਧਰ ਦੇ ਸਰਜੀਕਲ ਕੰਪਲੈਕਸ 'ਚ ਫੈਕਟਰੀ ਤੋਂ ਅਮੋਨੀਆ ਗੈਸ ਲੀਕ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ੁਰੂਆਤੀ ਜਾਣਕਾਰੀ ਅਨੁਸਾਰ ਫੈਕਟਰੀ ਦੇ ਅੰਦਰ ਲਗਭਗ 30 ਲੋਕ ਫਸੇ ਹੋਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ ਹਨ। ਅੰਦਰ ਫਸੇ ਲੋਕਾਂ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਜ਼ਖਮੀਆਂ ਨੂੰ ਨਜ਼ਦੀਕੀ ਹਸਪਤਾਲ ਭੇਜਣ ਦੀਆਂ ਤਿਆਰੀਆਂ ਵੀ ਕੀਤੀਆਂ ਗਈਆਂ ਹਨ। ਪੁਲਿਸ ਨੇ ਆਲੇ ਦੁਆਲੇ ਦੇ ਇਲਾਕੇ ਨੂੰ ਖਾਲੀ ਕਰਨ ਅਤੇ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਣ ਦੀ ਅਪੀਲ ਕੀਤੀ ਹੈ। ਸਰਜੀਕਲ ਕੰਪਲੈਕਸ ਵਿੱਚ ਸਥਿਤ ਮੈਟਰੋ ਮਿਲਕ ਪ੍ਰੋਡਕਟਸ ਕੰਪਨੀ ਵਿੱਚ ਇਹ ਗੈਸ ਲੀਕ ਹੋਈ ਹੈ।
ਫੈਕਟਰੀ ਵਿੱਚ 8 ਮਹੀਨਿਆਂ ਤੋਂ ਕੰਮ ਕਰ ਰਹੇ ਅਸ਼ੋਕ ਕੁਮਾਰ ਨੇ ਕਿਹਾ ਕਿ ਲਗਭਗ 4 ਵਜੇ ਪਤਾ ਲੱਗਾ ਕਿ ਗੈਸ ਲੀਕ ਹੋਈ ਹੈ। ਫੈਕਟਰੀ ਵਿੱਚ ਲਗਭਗ 40 ਲੋਕ ਸਨ। ਜਿਨ੍ਹਾਂ ਨੂੰ ਪਿਛਲੇ ਪਾਸਿਓਂ ਬਾਹਰ ਕੱਢਿਆ ਗਿਆ। ਸਾਰਿਆਂ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਗੈਸ ਲੀਕ ਹੋਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਫਾਇਰ ਬ੍ਰਿਗੇਡ ਅਤੇ ਪ੍ਰਸ਼ਾਸਨ ਦੀਆਂ ਟੀਮਾਂ ਅੰਦਰ ਪਹੁੰਚ ਗਈਆਂ ਹਨ ਅਤੇ ਉਹ ਸਥਿਤੀ ਨੂੰ ਕਾਬੂ ਕਰਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ। ਫਿਲਹਾਲ ਸਾਰਿਆਂ ਨੂੰ ਬਾਹਰ ਕੱਢਿਆ ਗਿਆ ਹੈ।
ਕੰਧ ਤੋੜ ਕੇ ਲੋਕਾਂ ਨੂੰ ਕੱਢਿਆ ਬਾਹਰ
ਫਾਇਰ ਬ੍ਰਿਗੇਡ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਗੈਸ ਲੀਕ ਹੋਣ ਕਾਰਨ ਲੋਕ ਫਸ ਗਏ ਹਨ। ਇਸ ਤੋਂ ਬਾਅਦ ਸਾਡੀਆਂ ਟੀਮਾਂ ਤੁਰੰਤ ਮੌਕੇ 'ਤੇ ਪਹੁੰਚ ਗਈਆਂ। ਸਭ ਤੋਂ ਪਹਿਲਾਂ ਟੀਮਾਂ ਨੇ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਕੀਤੀ।
ਇਸ ਦੌਰਾਨ ਸਭ ਤੋਂ ਪਹਿਲਾਂ ਕਰੇਨ ਦੀ ਮਦਦ ਨਾਲ ਪਿਛਲੇ ਦੀ ਕੰਧ ਤੋੜੀ ਗਈ। ਇਸ ਤੋਂ ਬਾਅਦ ਲੋਕਾਂ ਨੂੰ ਕੱਢਣ ਦੀ ਪ੍ਰਕਿਰਿਆ ਸ਼ੁਰੂ ਹੋਈ। ਜਿਨ੍ਹਾਂ ਲੋਕਾਂ ਦੀ ਸਿਹਤ ਖਰਾਬ ਸੀ, ਉਨ੍ਹਾਂ ਨੂੰ ਸਿੱਧੇ ਹਸਪਤਾਲ ਲਿਜਾਇਆ ਗਿਆ। ਕੁਝ ਰਿਹਾਇਸ਼ੀ ਇਲਾਕਿਆਂ ਦੇ ਲੋਕ ਵੀ ਗੈਸ ਕਾਰਨ ਪ੍ਰਭਾਵਿਤ ਹੋਏ।
ਜਲੰਧਰ ਵਿਖੇ ਅਮੋਨੀਆ ਗੈਸ ਲੀਕ ਹੋਣ ਦੀ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ : ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਸਥਾਨਕ ਸਪੋਰਟਸ ਐਂਡ ਸਰਜੀਕਲ ਕੰਪਲੈਕਸ ਵਿਖੇ ਮੈਸ ਮੈਟਰੋ ਮਿਲਕ ਪ੍ਰੋਡਕਟਸ ਵਿੱਚ ਸੇਫਟੀ ਰਿਲੀਜ਼ ਵਾਲਵ ਵਿੱਚੋਂ ਅਮੋਨੀਆ ਗੈਸ ਲੀਕ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ 5 ਮਿੰਟਾਂ ਦੇ ਅੰਦਰ ਫਾਇਰ ਬ੍ਰਿਗੇਡ ਦੀ ਟੀਮ ਮੌਕੇ ’ਤੇ ਪਹੁੰਚ ਗਈ ਸੀ, ਜਿਨ੍ਹਾਂ ਵੱਲੋਂ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ 35 ਦੇ ਕਰੀਬ ਵਰਕਰਾਂ ਨੂੰ ਐਮਰਜੈਂਸੀ ਐਗਜ਼ਿਟ ਰਾਹੀਂ ਬਾਹਰ ਕੱਢਿਆ ਗਿਆ। ਉਨ੍ਹਾਂ ਕਿਹਾ ਕਿ ਘਟਨਾ ਦੇ ਇਕ ਘੰਟੇ ਦੇ ਅੰਦਰ ਹੀ ਸਥਿਤੀ ਨੂੰ ਕੰਟਰੋਲ ਕਰ ਲਿਆ ਗਿਆ ਸੀ। ਡਾ. ਅਗਰਵਾਲ ਨੇ ਦੱਸਿਆ ਕਿ ਗੈਸ ਦੀ ਹੋਰ ਲੀਕੇਜ ਨੂੰ ਰੋਕਣ ਲਈ ਵੇਰਕਾ ਮਿਲਕ ਪਲਾਂਟ ਤੋਂ ਵਿਸ਼ੇਸ਼ ਟੀਮ ਨੂੰ ਬੁਲਾਇਆ ਗਿਆ ਸੀ, ਜਿਨ੍ਹਾਂ ਵੱਲੋਂ ਏਅਰ ਕੰਪਰੈਸ਼ਰ ਦੀਆਂ ਪ੍ਰੈਸ਼ਰ ਲਾਈਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਥਿਤੀ ਬਿਲਕੁੱਲ ਕਾਬੂ ਹੇਠ ਹੈ।