Amritpal Absconding: ਅੰਮ੍ਰਿਤਪਾਲ ਸਿੰਘ ਫ਼ਰਾਰ, ਫੜਨ ਲਈ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਜਾਰੀ

ਪੁਲਿਸ ਦਾ ਕਹਿਣਾ ਹੈ ਕਿ ‘ਵਾਰਿਸ ਪੰਜਾਬ ਦੇ’ ਵਿੱਚੋਂ ਹੁਣ ਤੱਕ 78 ਗ੍ਰਿਫ਼ਤਾਰ ਕੀਤੇ ਗਏ ਹਨ, ਜਦੋਂ ਕਿ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ

By  Jasmeet Singh March 19th 2023 09:52 AM -- Updated: March 19th 2023 11:53 AM
Amritpal Absconding: ਅੰਮ੍ਰਿਤਪਾਲ ਸਿੰਘ ਫ਼ਰਾਰ, ਫੜਨ ਲਈ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਜਾਰੀ

ਚੰਡੀਗੜ੍ਹ: ਪੁਲਿਸ ਨੇ ਕਿਹਾ ਹੈ ਕਿ ਖਾਲਿਸਤਾਨ ਪੱਖੀ ਕਾਰਕੁੰਨ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਐਤਵਾਰ ਨੂੰ ਦੂਜੇ ਦਿਨ ਵੀ ਵਿਸ਼ਾਲ ਤਲਾਸ਼ੀ ਮੁਹਿੰਮ ਜਾਰੀ ਰਹੀ।

ਜਲੰਧਰ ਦੇ ਪੁਲਿਸ ਕਮਿਸ਼ਨਰ ਕੁਲਦੀਪ ਸਿੰਘ ਚਾਹਲ ਨੇ ਸ਼ਨੀਵਾਰ ਦੇਰ ਰਾਤ ਜਲੰਧਰ ਦੇ ਨਕੋਦਰ ਨੇੜੇ ਪੱਤਰਕਾਰਾਂ ਨੂੰ ਦੱਸਿਆ ਕਿ ਉਹ ਹੁਣ ਫ਼ਰਾਰ ਹੈ ਅਤੇ ਅਸੀਂ ਉਸਦੀ ਭਾਲ ਕਰ ਰਹੇ ਹਾਂ ਅਤੇ ਅਸੀਂ ਜਲਦੀ ਹੀ ਉਸਨੂੰ ਗ੍ਰਿਫਤਾਰ ਕਰ ਲਵਾਂਗੇ।

ਚਾਹਲ ਨੇ ਦੱਸਿਆ ਕਿ ਅੰਮ੍ਰਿਤਪਾਲ ਸਿੰਘ ਦੇ ਛੇ ਤੋਂ ਸੱਤ ਗੰਨਮੈਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਸ਼ਨਿੱਚਰਵਾਰ ਨੂੰ ਅੰਮ੍ਰਿਤਪਾਲ ਖ਼ਿਲਾਫ਼ ਇੱਕ ਵੱਡੀ ਕਾਰਵਾਈ ਸ਼ੁਰੂ ਕੀਤੀ ਸੀ, ਜਿਸ ਵਿੱਚ ਪੁਲਿਸ ਨੇ ਉਸਦੀ ਅਗਵਾਈ ਵਾਲੀ ਇੱਕ ਜਥੇਬੰਦੀ ਦੇ 78 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਸੀ।


ਉਨ੍ਹਾਂ ਅੱਗੇ ਦੱਸਿਆ ਕਿ ਪਰ ਪਰਚਾਰਕ ਨੇ ਪੁਲਿਸ ਨੂੰ ਚਕਮਾ ਦੇ ਦਿੱਤਾ ਅਤੇ ਜਲੰਧਰ ਜ਼ਿਲ੍ਹੇ ਵਿੱਚ ਜਦੋਂ ਉਸ ਦੇ ਕਾਫਲੇ ਨੂੰ ਰੋਕਿਆ ਗਿਆ ਤਾਂ ਉਹ ਫ਼ਰਾਰ ਹੋ ਚੁੱਕਿਆ ਸੀ। ਅਧਿਕਾਰੀਆਂ ਨੇ ਕਈ ਥਾਵਾਂ 'ਤੇ ਸੁਰੱਖਿਆ ਵਧਾ ਦਿੱਤੀ ਅਤੇ ਐਤਵਾਰ ਦੁਪਹਿਰ ਤੱਕ ਰਾਜ ਵਿੱਚ ਇੰਟਰਨੈਟ ਅਤੇ ਐਸਐਮਐਸ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ।

ਸਿੰਘ ਦੀ ਅਗਵਾਈ ਵਾਲੇ 'ਵਾਰਿਸ ਪੰਜਾਬ ਦੇ' ਗਰੁੱਪ ਦੇ ਮੈਂਬਰਾਂ ਜਿਨ੍ਹਾਂ ਵਿਰੁੱਧ ਕਈ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਦੇ ਵਿਰੁੱਧ ਪੁਲਿਸ ਨੇ ਸ਼ਨਿੱਚਰਵਾਰ ਨੂੰ ਰਾਜ ਵਿੱਚ ਵੱਡੇ ਪੱਧਰ 'ਤੇ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ 78 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਕਈਆਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ।

ਪੁਲਿਸ ਦੀ ਇਹ ਕਾਰਵਾਈ ਅੰਮ੍ਰਿਤਪਾਲ ਸਿੰਘ ਦੇ ‘ਖਾਲਸਾ ਵਹੀਰ’ ਦੀ ਸ਼ੁਰੂਆਤ ਤੋਂ ਇੱਕ ਦਿਨ ਪਹਿਲਾਂ ਹੋਈ ਹੈ, ਜੋ ਮੁਕਤਸਰ ਜ਼ਿਲ੍ਹੇ ਤੋਂ ਸ਼ੁਰੂ ਹੋਣਾ ਸੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਰਾਜ-ਵਿਆਪੀ ਆਪ੍ਰੇਸ਼ਨ ਦੌਰਾਨ ਪੁਲਿਸ ਨੇ ਇੱਕ .315 ਬੋਰ ਰਾਈਫਲ, ਸੱਤ 12 ਬੋਰ ਰਾਈਫਲਾਂ, ਇੱਕ ਰਿਵਾਲਵਰ ਅਤੇ ਵੱਖ-ਵੱਖ ਕੈਲੀਬਰ ਦੇ 373 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਪੰਜਾਬ 'ਚ ਕਈ ਥਾਵਾਂ 'ਤੇ ਵਾਹਨਾਂ ਦੀ ਜ਼ਬਰਦਸਤ ਚੈਕਿੰਗ ਕਰਕੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ 'ਵਾਰਿਸ ਪੰਜਾਬ ਦੇ' ਦੇ ਪੈਰੋਕਾਰ ਵਰਗਾਂ ਵਿੱਚ ਬੇਸਹਿਮਤੀ ਫੈਲਾਉਣ, ਕਤਲ ਦੀ ਕੋਸ਼ਿਸ਼, ਪੁਲਿਸ ਮੁਲਾਜ਼ਮਾਂ 'ਤੇ ਹਮਲਾ ਕਰਨ ਅਤੇ ਜਨਤਾ ਦੇ ਫਰਜ਼ਾਂ ਦੀ ਕਾਨੂੰਨੀ ਪੂਰਤੀ ਵਿੱਚ ਰੁਕਾਵਟ ਪੈਦਾ ਕਰਨ ਦੇ ਚਾਰ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ। 

24 ਫਰਵਰੀ ਨੂੰ ਅਜਨਾਲਾ ਪੁਲਿਸ ਸਟੇਸ਼ਨ 'ਤੇ ਹਮਲੇ ਲਈ 'ਵਾਰਿਸ ਪੰਜਾਬ ਦੇ' ਦੇ ਸਮਰਥਕਾਂ ਵਿਰੁੱਧ ਐਫਆਈਆਰ ਦਰਜ ਕੀਤੀ ਗਈ ਹੈ। ਪਿਛਲੇ ਮਹੀਨੇ ਅੰਮ੍ਰਿਤਪਾਲ ਅਤੇ ਉਸਦੇ ਸਮਰਥਕ, ਜਿਨ੍ਹਾਂ ਵਿੱਚੋਂ ਕੁਝ ਨੇ ਤਲਵਾਰਾਂ ਅਤੇ ਬੰਦੂਕਾਂ ਲੈ ਕੇ, ਬੈਰੀਕੇਡ ਤੋੜ ਕੇ ਅੰਮ੍ਰਿਤਸਰ ਸ਼ਹਿਰ ਦੇ ਬਾਹਰਵਾਰ ਅਜਨਾਲਾ ਥਾਣੇ ਵਿੱਚ ਦਾਖਲ ਹੋ ਗਏ, ਅੰਮ੍ਰਿਤਪਾਲ ਦੇ ਇੱਕ ਸਾਥੀ ਦੀ ਰਿਹਾਈ ਲਈ ਪੁਲਿਸ ਨਾਲ ਝੜਪ ਹੋ ਗਈ ਸੀ।

ਇਸ ਘਟਨਾ ਤੋਂ ਬਾਅਦ, ਜਿਸ ਵਿੱਚ ਪੁਲਿਸ ਸੁਪਰਡੈਂਟ ਰੈਂਕ ਦੇ ਇੱਕ ਅਧਿਕਾਰੀ ਸਮੇਤ ਛੇ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਸਨ, ਸੂਬੇ ਦੀ 'ਆਪ' ਸਰਕਾਰ ਨੂੰ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਉਸ 'ਤੇ ਕੱਟੜਪੰਥੀਆਂ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਦੁਬਈ ਤੋਂ ਪਰਤੇ ਅੰਮ੍ਰਿਤਪਾਲ ਸਿੰਘ ਨੂੰ ਪਿਛਲੇ ਸਾਲ ‘ਵਾਰਿਸ ਪੰਜਾਬ ਦੇ’ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ, ਜਿਸ ਦੀ ਸਥਾਪਨਾ ਅਦਾਕਾਰ ਅਤੇ ਕਾਰਕੁੰਨ ਦੀਪ ਸਿੱਧੂ ਨੇ ਕੀਤੀ ਸੀ, ਜਿਸ ਦੀ ਪਿਛਲੇ ਸਾਲ ਫਰਵਰੀ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਹਾਲਾਂਕਿ ਸਿੱਧੂ ਦੇ ਕੁਝ ਸਮਰਥਕਾਂ ਦਾ ਇਹ ਮੰਨਣਾ ਹੈ ਕਿ ਸਿੱਧੂ ਨੂੰ ਏਜੰਸੀਆਂ ਦੇ ਇਸ਼ਾਰੇ 'ਤੇ ਕਤਲ ਕੀਤਾ ਗਿਆ ਸੀ।

Related Post