Amritpal Singh Surrendered: 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਪੁਲਿਸ ਅੱਗੇ ਕੀਤਾ ਆਤਮ ਸਮਰਪਣ

ਲਗਾਤਾਰ ਜਾਰੀ ਛਾਪੇਮਾਰੀ ਦੌਰਾਨ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਮੋਗਾ ਜ਼ਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ ਹੈ।

By  Jasmeet Singh April 23rd 2023 07:59 AM -- Updated: April 23rd 2023 09:41 AM

ਮੋਗਾ: ਲਗਾਤਾਰ ਜਾਰੀ ਛਾਪੇਮਾਰੀ ਦੌਰਾਨ ਇੱਕ ਵੱਡੀ ਸਫਲਤਾ ਪ੍ਰਾਪਤ ਕਰਦੇ ਹੋਏ, 'ਵਾਰਿਸ ਪੰਜਾਬ ਦੇ' ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ ਮੋਗਾ ਜ਼ਿਲ੍ਹੇ ਦੇ ਰੋਡੇ ਪਿੰਡ ਤੋਂ ਗ੍ਰਿਫਤਾਰ ਕਰ ਲਿਆ ਹੈ।

ਅੰਮ੍ਰਿਤਪਾਲ ਨੂੰ ਡਿਬਰੂਗੜ੍ਹ ਲੈ ਕੇ ਰਵਾਨਾ ਹੋਈ ਪੁਲਿਸ 

ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਪੁਲਿਸ ਅੰਮ੍ਰਿਤਪਾਲ ਨੂੰ ਬਠਿੰਡਾ ਤੋਂ ਡਿਬਰੂਗੜ੍ਹ ਲੈ ਕੇ ਰਵਾਨਾ ਹੋ ਗਈ ਹੈ। ਬਠਿੰਡਾ ਏਅਰਪੋਰਟ ਤੇ ਹੀ ਅੰਮ੍ਰਿਤਪਾਲ ਦਾ ਮੈਡੀਕਲ ਵੀ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਅਜਨਾਲਾ ਕੋਰਟ ’ਚ ਅੰਮ੍ਰਿਤਪਾਲ ਦੀ ਆਨਲਾਈਨ ਪੇਸ਼ੀ ਹੋਈ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ 9 ਸਾਥੀ ਪਹਿਲਾਂ ਹੀ ਡਿਬਰੂਗੜ੍ਹ ਜੇਲ੍ਹ ’ਚ ਬੰਦ ਹਨ। 


ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦਾ ਵੱਡਾ ਖੁਲਾਸਾ

ਅੰਮ੍ਰਿਤਪਾਲ ਦੀ ਗ੍ਰਿਫਤਾਰੀ ’ਤੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦਾ ਖੁਲਾਸਾ ਹੋਇਆ ਹੈ। ਜਿਸ ਚ ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਖੁਦ ਆਪਣੀ ਗ੍ਰਿਫਤਾਰੀ ਦਿੱਤੀ ਹੈ। ਉਨ੍ਹਾਂ ਨੂੰ ਰਾਤ 12:30 ਵਜੇ ਜਾਣਕਾਰੀ ਮਿਲੀ ਸੀ। ਗੁਰਦੁਆਰਾ ਸਾਹਿਬ ਤੋਂ ਬਾਹਰ ਆ ਕੇ ਅੰਮ੍ਰਿਤਪਾਲ ਨੇ ਸਰੰਡਰ ਕੀਤਾ ਹੈ। ਫਿਲਹਾਲ ਪੁਲਿਸ ਅੰਮ੍ਰਿਤਪਾਲ ਨੂੰ ਨਾਲ ਲੈ ਕੇ ਬਠਿੰਡਾ ਲਈ ਰਵਾਨਾ ਹੋ ਚੁੱਕੀ ਹੈ। 

ਪੁਲਿਸ ਦੀ ਲੋਕਾਂ ਨੂੰ ਅਪੀਲ 

ਪੁਲਿਸ ਨੇ ਟਵੀਟ ਕਰਕੇ ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਿਸੇ ਵੀ ਤਰ੍ਹਾਂ ਦੀ ਫੇਕ ਨਿਊਜ਼ ਸ਼ੇਅਰ ਨਾ ਕਰੋ।


ਸਰੰਡਰ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਕੀਤਾ ਸੰਬੋਧਨ

ਸਰੰਡਰ ਕਰਨ ਤੋਂ ਪਹਿਲਾਂ ਅੰਮ੍ਰਿਤਪਾਲ ਨੇ ਪਿੰਡ ਰੋਡੇ ਦੇ ਗੁਰਦੁਆਰਾ ਸਾਹਿਬ ਤੋਂ ਸੰਬੋਧਨ ਕੀਤਾ ਸੀ। ਜਿਸ ’ਚ ਅੰਮ੍ਰਿਤਪਾਲ ਨੇ ਕਿਹਾ ਕਿ ਇਸੇ ਧਰਤੀ ’ਤੇ ਰਹਿ ਕੇ ਹਰ ਕੇਸ ਦਾ ਸਾਹਮਣਾ ਕਰਾਂਗਾ। ਉਸਦੀ ਗ੍ਰਿਫਤਾਰੀ ਅੰਤ ਨਹੀਂ ਸ਼ੁਰੂਆਤ ਹੈ। 

ਗ੍ਰਹਿ ਮੰਤਰੀ ਦਾ ਅੰਮ੍ਰਿਤਪਾਲ ’ਤੇ ਬਿਆਨ

ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਅਤੇ ਉਸਦੇ ਲੰਬੇ ਸਮੇਂ ਤੋਂ ਫਰਾਰ ਹੋਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ, “ਇਹ ਕਦੇ-ਕਦੇ ਹੋ ਸਕਦਾ ਹੈ, ਪਹਿਲਾਂ ਉਹ ਖੁੱਲ੍ਹੇਆਮ ਘੁੰਮਦਾ ਸੀ, ਪਰ ਹੁਣ ਉਹ ਆਪਣੀਆਂ ਗਤੀਵਿਧੀਆਂ ਨੂੰ ਜਾਰੀ ਨਹੀਂ ਰੱਖ ਸਕਦਾ।" 


ਅੰਮ੍ਰਿਤਪਾਲ ਦੇ ਸਾਥੀਆਂ ’ਤੇ ਪੁਲਿਸ ਦਾ ਸ਼ਿਕੰਜਾ

ਫ਼ਰਾਰ ਅੰਮ੍ਰਿਤਪਾਲ ਸਿੰਘ ਦੇ ਦੋ ਹੋਰ ਸਾਥੀਆਂ ਨੂੰ 18 ਅਪ੍ਰੈਲ ਨੂੰ ਪੰਜਾਬ ਅਤੇ ਦਿੱਲੀ ਪੁਲਿਸ ਵੱਲੋਂ ਸਾਂਝੇ ਆਪ੍ਰੇਸ਼ਨ ਦੌਰਾਨ ਪੰਜਾਬ ਦੇ ਮੁਹਾਲੀ ਵਿਖੇ ਗ੍ਰਿਫਤਾਰ ਕੀਤਾ ਗਿਆ ਸੀ। 15 ਅਪ੍ਰੈਲ ਨੂੰ ਪੰਜਾਬ ਪੁਲਿਸ ਨੇ ਉਸ ਦੇ ਕਰੀਬੀ ਜੋਗਾ ਸਿੰਘ ਨੂੰ ਸ੍ਰੀ ਫ਼ਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਸਰਹਿੰਦ ਤੋਂ ਗ੍ਰਿਫ਼ਤਾਰ ਕੀਤਾ ਸੀ। ਖਾਲਿਸਤਾਨੀ ਸਮਰਥਕ ਆਗੂ ਪਪਲਪ੍ਰੀਤ ਸਿੰਘ ਦੇ ਇੱਕ ਹੋਰ ਨਜ਼ਦੀਕੀ ਨੂੰ 10 ਅਪ੍ਰੈਲ ਨੂੰ ਪੰਜਾਬ ਪੁਲਿਸ ਅਤੇ ਇਸਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਵੱਲੋਂ ਕੀਤੀ ਗਈ ਇੱਕ ਕਾਰਵਾਈ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ।

ਪੁਲਿਸ ਨੇ ਅੰਮ੍ਰਿਤਪਾਲ ਨੂੰ ਐਲਾਨ ਕੀਤਾ ਸੀ ਭਗੌੜਾ

ਜਦੋਂ ਅੰਮ੍ਰਿਤਪਾਲ  ਮਾਰਚ ਦੇ ਸ਼ੁਰੂ ਵਿੱਚ ਫ਼ਰਾਰ ਹੋਇਆ ਤਾਂ ਉਸ ਵੇਲੇ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਨੂੰ "ਭਗੌੜਾ" ਘੋਸ਼ਿਤ ਕਰ ਦਿੱਤਾ ਗਿਆ ਸੀ। ਉਸ ਦੀਆਂ ਦੋ ਕਾਰਾਂ ਜ਼ਬਤ ਕਰ ਲਈਆਂ ਗਈਆਂ ਅਤੇ ਬੰਦੂਕਧਾਰੀਆਂ ਨੂੰ ਕਾਬੂ ਕਰ ਲਿਆ ਗਿਆ ਸੀ। 

ਦੱਸ ਦਈਏ ਪੁਲਿਸ ਜਾਂਚ ਵਿੱਚ ਇਹ ਸਾਹਮਣੇ ਆਇਆ ਸੀ ਕਿ ਅੰਮ੍ਰਿਤਪਾਲ ਦੇ ਸੁਰੱਖਿਆ ਬਲਾਂ ਦੇ ਹਥਿਆਰਾਂ ਨੂੰ ਕਾਨੂੰਨੀ ਤੌਰ 'ਤੇ ਖਰੀਦਿਆ ਗਿਆ ਸੀ। ਲਗਭਗ ਇੱਕ ਮਹੀਨਾ ਪਹਿਲਾਂ ਪੰਜਾਬ ਪੁਲਿਸ ਨੇ 'ਵਾਰਿਸ ਪੰਜਾਬ ਦੇ' ਦੇ ਮੁਖੀ ਵਿਰੁੱਧ ਲੁੱਕਆਊਟ ਸਰਕੂਲਰ ਅਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਸੀ।


18 ਮਾਰਚ ਤੋਂ ਫਰਾਰ ਸੀ ਅੰਮ੍ਰਿਤਪਾਲ

ਅੰਮ੍ਰਿਤਪਾਲ 18 ਮਾਰਚ ਤੋਂ ਹੀ ਫ਼ਰਾਰ ਸੀ, ਉਸ ਦਿਨ ਪੰਜਾਬ ਪੁਲਿਸ ਨੇ ਉਸ ਲਈ ਵੱਡੇ ਪੱਧਰ 'ਤੇ ਛਾਪੇਮਾਰੀ ਸ਼ੁਰੂ ਕੀਤੀ ਸੀ।ਇਹ ਕਾਰਵਾਈ 23 ਫਰਵਰੀ ਨੂੰ ਅੰਮ੍ਰਿਤਪਾਲ ਦੇ ਸਮਰਥਕਾਂ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ 'ਤੇ ਉਸ ਦੇ ਇਕ ਸਹਿਯੋਗੀ ਲਵਪ੍ਰੀਤ ਤੂਫਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੁਲਿਸ ਥਾਣੇ ਨੂੰ ਘੇਰਾ ਪਾਉਣ ਤੋਂ ਲਗਭਗ ਤਿੰਨ ਹਫਤਿਆਂ ਬਾਅਦ ਹੋਈ ਸੀ।

ਇਹ ਵੀ ਪੜ੍ਹੋ: ਅਰੁਨਾਚਲ ਪ੍ਰਦੇਸ਼ ’ਚ ਸ੍ਰੀ ਗੁਰੂ ਨਾਨਕ ਦੇਵ ਦੇ ਗੁਰਦੁਆਰੇ ਨੂੰ ਬੋਧੀ ਅਸਥਾਨ ’ਚ ਤਬਦੀਲ ਕਰਨਾ ਸਿੱਖਾਂ ’ਤੇ ਹਮਲਾ- ਐਡਵੋਕੇਟ ਧਾਮੀ

Related Post