Loot & Murder Case : ਅੰਮ੍ਰਿਤਸਰ ਪੁਲਿਸ ਨੇ 6 ਘੰਟਿਆਂ ਚ ਹੱਲ ਕੀਤਾ ਲੁੱਟ ਤੇ ਕਤਲ ਕੇਸ, ਸ਼ੇਅਰ ਮਾਰਕੀਟ, ਪਿਤਾ ਦਾ ਹਥਿਆਰ ਸਮੇਤ ਪੜ੍ਹੋ ਹੈਰਾਨੀਜਨਕ ਖੁਲਾਸੇ

Amritsar Loot & Murder Case : ਪੁਲਿਸ ਨੇ ਮੁਲਜ਼ਮ ਕੋਲੋਂ ਲੁੱਟ ਦੀ ਰਕਮ ਅਤੇ ਵਾਰਦਾਤ 'ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ਹਿਰ ਦੇ ਚਮਰੰਗ ਰੋਡ ਵਾਸੀ ਰਵਨੀਤ ਸਿੰਘ ਵੱਜੋਂ ਹੋਈ ਹੈ।

By  KRISHAN KUMAR SHARMA May 26th 2025 08:12 PM -- Updated: May 26th 2025 08:37 PM
Loot & Murder Case : ਅੰਮ੍ਰਿਤਸਰ ਪੁਲਿਸ ਨੇ 6 ਘੰਟਿਆਂ ਚ ਹੱਲ ਕੀਤਾ ਲੁੱਟ ਤੇ ਕਤਲ ਕੇਸ, ਸ਼ੇਅਰ ਮਾਰਕੀਟ, ਪਿਤਾ ਦਾ ਹਥਿਆਰ ਸਮੇਤ ਪੜ੍ਹੋ ਹੈਰਾਨੀਜਨਕ ਖੁਲਾਸੇ

Amritsar Loot & Murder Case : ਅੰਮ੍ਰਿਤਸਰ ਪੁਲਿਸ ਨੇ ਸ਼ਹਿਰ ਦੇ ਹਾਲ ਗੇਟ ਵਿਖੇ ਦੁਪਹਿਰ ਸਮੇਂ ਇੱਕ ਮਨੀ ਐਕਸਚੇਂਜਰ ਦੇ ਕਤਲ ਅਤੇ ਲੁੱਟ ਦੀ ਘਟਨਾ ਨੂੰ 6 ਘੰਟਿਆਂ ਵਿੱਚ ਹੀ ਹੱਲ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਲੁੱਟ ਦੀ ਰਕਮ ਅਤੇ ਵਾਰਦਾਤ 'ਚ ਵਰਤਿਆ ਹਥਿਆਰ ਵੀ ਬਰਾਮਦ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਸ਼ਹਿਰ ਦੇ ਚਮਰੰਗ ਰੋਡ ਵਾਸੀ ਰਵਨੀਤ ਸਿੰਘ ਵੱਜੋਂ ਹੋਈ ਹੈ, ਜੋ ਕਿ 12ਵੀਂ ਪਾਸ ਹੈ ਅਤੇ ਉਮਰ 27 ਸਾਲ ਹੈ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਇਥੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਹਿਰ ਸਮੇਂ ਮਨੀ ਐਕਸਚੇਂਜਰ ਪਿਓ-ਪੁੱਤ ਕੁਲਦੀਪ ਕੁਮਾਰ ਤੇ ਦਿਨੇਸ਼ ਕੁਮਾਰ ਨਾਲ ਲੁੱਟ ਦੀ ਵਾਰਦਾਤ ਵਾਪਰੀ ਸੀ, ਜਿਸ ਦੌਰਾਨ ਮੁਲਜ਼ਮ ਨੇ ਇੱਕ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਦੋਵਾਂ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਸੀ। ਉਪਰੰਤ ਪਿਤਾ ਕੁਲਦੀਪ ਕੁਮਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ ਸੀ, ਜਦਕਿ ਦਿਨੇਸ਼ ਕੁਮਾਰ ਜ਼ੇਰੇ ਇਲਾਜ ਹੈ।

ਵਾਰਦਾਤ ਲਈ ਮੁਲਜ਼ਮ ਨੇ ਵਰਤਿਆ ਸੀ ਆਪਣੇ ਪਿਤਾ ਦਾ ਹਥਿਆਰ

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਪੁਲਿਸ ਨੇ ਇਸ ਲੁੱਟ ਤੇ ਕਤਲ ਮਾਮਲੇ ਨੂੰ 6 ਘੰਟਿਆਂ ਵਿੱਚ ਹੱਲ ਕਰ ਲਿਆ ਹੈ ਅਤੇ ਮੁਲਜ਼ਮ ਰਵਨੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲੁੱਟ ਦੀ ਰਕਮ 10.50 ਲੱਖ ਰੁਪਏ ਬਰਾਮਦ ਕਰ ਲਈ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਸ਼ਹਿਰ ਦੇ ਚਮਰੰਗ ਰੋਡ ਦਾ ਰਹਿਣ ਵਾਲਾ ਹੈ ਅਤੇ ਉਸ ਦਾ ਪਿਤਾ ਲੱਕੜ ਦਾ ਕੰਮ ਕਰਦਾ ਹੈ ਅਤੇ ਮੁਲਜ਼ਮ ਨੇ ਵਾਰਦਾਤ ਦੌਰਾਨ ਵੀ ਆਪਣੇ ਪਿਤਾ ਦਾ ਔਜਾਰ ਵਰਤਿਆ ਸੀ, ਜਿਸ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਲਿਆ ਹੈ। ਇਸਤੋਂ ਇਲਾਵਾ ਵਾਰਦਾਤ 'ਚ ਵਰਤਿਆ ਮੋਟਰਸਾਈਕਲ ਤੇ ਇੱਕ ਮੋਬਾਈਲ ਵੀ ਬਰਾਮਦ ਕੀਤਾ ਹੈ। 

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਰਵਨੀਤ ਸਿੰਘ ਦੀ ਦੁਕਾਨਦਾਰ ਨਾਲ ਪੁਰਾਣੀ ਜਾਣ-ਪਛਾਣ ਸੀ। ਇਸ ਦੇ ਨਾਲ ਹੀ ਮੁਲਜ਼ਮ ਸ਼ੇਅਰ ਮਾਰਕੀਟ ਵੀ ਕਰਦਾ ਸੀ ਅਤੇ ਕਾਫੀ ਪੈਸਾ ਗੁਆ ਚੁੱਕਿਆ ਸੀ। ਮੁਲਜ਼ਮ ਨੇ ਦੁਕਾਨਦਾਰ ਨਾਲ ਹੁਣ 500-500 ਰੁਪਏ ਦੇ ਨਵੇਂ ਨੋਟ ਲੈਣ ਦੀ ਡੀਲ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਮੁਲਜ਼ਮ ਨੇ ਵਾਰਦਾਤ ਤੋਂ ਬਾਅਦ ਖੁਦ ਹੀ 112 ਨੰਬਰ 'ਤੇ ਪੁਲਿਸ ਨੂੰ ਆਪਣਾ ਫੋਨ ਲੁੱਟੇ ਜਾਣ ਦੀ ਝੂਠੀ ਜਾਣਕਾਰੀ ਦਿੱਤੀ ਸੀ ਅਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਅਰਾਮ ਨਾਲ ਆਪਣੇ ਘਰ ਚਲਾ ਗਿਆ ਤੇ ਖੂਨ ਨਾਲ ਲਿਬੜੇ ਕੱਪੜੇ ਧੋਤੇ ਤੇ ਹਥਿਆਰ ਛੁਪਾ ਦਿੱਤਾ ਸੀ।

ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਐਫਆਈਆਰ ਨੰਬਰ U/S 103, 309(4),109,118(1) BNS ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Related Post