ਅੰਮ੍ਰਿਤਸਰ ਪੁਲਿਸ ਨੇ ਹਾਈਕੋਰਟ ਦੇ ਫਰਜ਼ੀ ਜੱਜ ਨੂੰ ਕੀਤਾ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ

By  Pardeep Singh December 13th 2022 09:05 AM

ਅੰਮ੍ਰਿਤਸਰ : ਅੰਮ੍ਰਿਤਸਰ 'ਚ ਫਰਜ਼ੀ ਜੱਜ ਬਣ ਕੇ ਘੁੰਮ ਰਹੇ ਦਿੱਲੀ ਹਾਈ ਕੋਰਟ ਦੇ ਜੱਜ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਫਰਜ਼ੀ ਜੱਜ ਅੰਮ੍ਰਿਤਸਰ ਦੇ ਏ.ਸੀ.ਪੀ ਨਾਰਥ ਵਰਿੰਦਰ ਖੋਸਾ ਨੂੰ ਫੋਨ ਕਰਕੇ ਜਾਲ 'ਚ ਫਸ ਗਿਆ। ਏ.ਸੀ.ਪੀ ਵਰਿੰਦਰ ਖੋਸਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੂੰ ਫਰਜ਼ੀ ਜੱਜ 'ਤੇ ਸ਼ੱਕ ਹੋਇਆ, ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ।

ਮੁਲਜ਼ਮ ਦੀ ਪਛਾਣ ਮਿਸ਼ੂ ਧੀਰ ਵਾਸੀ ਸ਼ਾਸਤਰੀ ਨਗਰ, ਮਜੀਠਾ ਰੋਡ ਵਜੋਂ ਹੋਈ ਹੈ। ਮੁਲਜ਼ਮ ਮੀਸ਼ੂ ਨੇ ਆਪਣੇ ਪਰਿਵਾਰ ਨੂੰ ਸੁਰੱਖਿਆ ਦੇਣ ਲਈ ਏਸੀਪੀ ਉੱਤਰੀ ਵਰਿੰਦਰ ਖੋਸਾ ਨੂੰ ਫ਼ੋਨ ਕੀਤਾ ਸੀ। ਮੁਲਜ਼ਮ ਨੇ ਆਪਣੀ ਪਛਾਣ ਦਿੱਲੀ ਹਾਈ ਕੋਰਟ ਦੇ ਜਸਟਿਸ ਮੀਸ਼ੂ ਧੀਰ ਵਜੋਂ ਦਿੱਤੀ ਪਰ ਗੱਲਬਾਤ ਦੌਰਾਨ ਉਸ ਨੇ ਅਜਿਹੀਆਂ ਗੱਲਾਂ ਕਹੀਆਂ, ਜਿਸ 'ਤੇ ਏਸੀਪੀ ਨਾਰਥ ਨੂੰ ਸ਼ੱਕ ਹੋ ਗਿਆ।

ਆਪਣੇ ਆਪ ਨੂੰ ਜੱਜ ਕਹਾਉਣ ਵਾਲੇ ਮੀਸ਼ੂ ਨੇ ਏਸੀਪੀ ਨਾਰਥ ਨੂੰ ਵੀ ਫੋਨ 'ਤੇ ਆਪਣੀ ਸੁਰੱਖਿਆ ਬਾਰੇ ਦੱਸਿਆ। ਮੁਲਜ਼ਮ ਨੇ ਦੱਸਿਆ ਕਿ ਉਸ ਕੋਲ 8 ਸੁਰੱਖਿਆ ਮੁਲਾਜ਼ਮ ਹਨ, ਪਰ ਉਸ ਨੂੰ ਅੰਮ੍ਰਿਤਸਰ ਵਿੱਚ ਰਹਿਣ ਵਾਲੀ ਆਪਣੀ ਮਾਂ ਦੀ ਸੁਰੱਖਿਆ ਦੀ ਲੋੜ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੂੰ ਪਤਾ ਲੱਗਾ ਹੈ ਕਿ ਕੋਈ ਪੀਸੀਆਰ ਵੀ ਇਲਾਕੇ ਵਿੱਚ ਚੱਕਰ ਨਹੀਂ ਲਗਾ ਰਿਹਾ ਹੈ।

ਜਦੋਂ ਪੁਲਿਸ ਨੇ ਮੁਲਜ਼ਮ ਦੇ ਘਰ ਛਾਪਾ ਮਾਰਿਆ ਤਾਂ ਉਸ ਕੋਲ  ਜੱਜ ਦਾ ਪਛਾਣ ਪੱਤਰ ਨਹੀਂ ਸੀ। ਮੁਲਜ਼ਮ ਦੇ ਘਰ ਜੋ ਕਾਰ ਖੜ੍ਹੀ ਸੀ, ਉਸ ’ਤੇ ਨੀਲੀ ਬੱਤੀ ਲੱਗੀ ਹੋਈ ਸੀ। ਇਸ ਤੋਂ ਇਲਾਵਾ ਕਾਰ ਦੇ ਅੱਗੇ ਜੁਡੀਸ਼ੀਅਲ ਮੈਜਿਸਟਰੇਟ ਦੀ ਨੇਮ ਪਲੇਟ ਵੀ ਲੱਗੀ ਹੋਈ ਸੀ।

ਪੁਲਿਸ ਨੇ ਮੁਲਜ਼ਮ ਮੀਸ਼ੂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 467, 468 ਅਤੇ 471 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮ ਦੀ ਗੱਡੀ ਵੀ ਜ਼ਬਤ ਕਰ ਲਈ ਗਈ ਹੈ, ਜਿਸ ’ਤੇ ਉਹ ਜੁਡੀਸ਼ੀਅਲ ਮੈਜਿਸਟਰੇਟ ਦੀ ਪਲੇਟ ਲਗਾ ਕੇ ਘੁੰਮਦਾ ਸੀ।

Related Post