Sikh Anand Marriage Act: ਜੰਮੂ ਕਸ਼ਮੀਰ ’ਚ ਰਹਿੰਦੇ ਸਿੱਖਾਂ ਲਈ ਵੱਡੀ ਖੁਸ਼ਖ਼ਬਰੀ, ਅਨੰਦ ਮੈਰਿਜ ਐਕਟ ਹੋਇਆ ਲਾਗੂ

By  Aarti December 13th 2023 11:50 AM

Sikh Anand Marriage Act: ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ-ਕਸ਼ਮੀਰ 'ਚ ਆਨੰਦ ਮੈਰਿਜ ਐਕਟ ਲਾਗੂ ਹੋ ਗਿਆ ਹੈ। ਇਸ ਨਾਲ ਸਿੱਖ ਕੌਮ ਦੀ ਚਿਰੋਕਣੀ ਮੰਗ ਪੂਰੀ ਹੋ ਗਈ ਹੈ। ਜੰਮੂ ਅਤੇ ਕਸ਼ਮੀਰ ਸਰਕਾਰ ਦੇ ਕਾਨੂੰਨ, ਨਿਆਂ ਅਤੇ ਸੰਸਦੀ ਮਾਮਲਿਆਂ ਦੇ ਵਿਭਾਗ ਨੇ ਐਸਓ-597 ਨੂੰ ਜਾਰੀ ਕਰ ਦਿੱਤਾ ਹੈ।

ਦੱਸ ਦਈਏ ਕਿ ਉਪ ਰਾਜਪਾਲ ਨੇ ਅਨੰਦ ਮੈਰਿਜ ਐਕਟ 1909 ਦੀ ਧਾਰਾ 6 ਅਤੇ 19 ਅਪ੍ਰੈਲ 2016 ਦੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਆਦੇਸ਼ ਦੁਆਰਾ ਪ੍ਰਦਾਨ ਕੀਤੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਜੰਮੂ ਅਤੇ ਕਸ਼ਮੀਰ ਆਨੰਦ ਮੈਰਿਜ ਰਜਿਸਟ੍ਰੇਸ਼ਨ ਨਿਯਮ 2023 ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਨੇ ਕਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਧਾਰਾ 370 ਹਟਾਉਣ ਦੇ ਫੈਸਲੇ ਨੂੰ ਬਰਕਰਾਰ ਰੱਖਣ ਨਾਲ ਕੇਂਦਰ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਜੰਮੂ-ਕਸ਼ਮੀਰ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ 'ਤੇ ਲੈ ਜਾਣਗੀਆਂ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 5 ਅਗਸਤ 2019 ਨੂੰ ਨਵੇਂ ਜੰਮੂ-ਕਸ਼ਮੀਰ ਦੀ ਨੀਂਹ ਰੱਖੀ ਗਈ ਸੀ।

ਕਾਬਿਲੇਗੌਰ ਹੈ ਕਿ ਸਿੱਖ ਭਾਈਚਾਰੇ ਦੇ ਲੋਕਾਂ ਦੇ ਵਿਆਹਾਂ ਦੀ ਰਜਿਸਟ੍ਰੇਸ਼ਨ ਹੁਣ ਇਸ ਕਾਨੂੰਨ ਤਹਿਤ ਹੋਵੇਗੀ। ਆਨੰਦ ਮੈਰਿਜ ਐਕਟ ਤਹਿਤ ਸਰਟੀਫਿਕੇਟ ਜਾਰੀ ਕਰਨ ਲਈ ਸਬੰਧਤ ਤਹਿਸੀਲਦਾਰ ਇਸ ਦਾ ਰਜਿਸਟਰਾਰ ਹੋਵੇਗਾ। ਰਜਿਸਟਰਾਰ ਵਿਆਹ ਦੀ ਰਜਿਸਟ੍ਰੇਸ਼ਨ ਦੀ ਮਿਤੀ ਤੋਂ ਪੰਦਰਾਂ ਦਿਨਾਂ ਦੇ ਅੰਦਰ ਆਨੰਦ ਮੈਰਿਜ ਦੇ ਸਰਟੀਫਿਕੇਟ ਦੀਆਂ ਦੋ ਕਾਪੀਆਂ ਪਾਰਟੀਆਂ ਨੂੰ ਮੁਫ਼ਤ ਜਾਰੀ ਕਰੇਗਾ।

ਇਹ ਵੀ ਪੜ੍ਹੋ: ਧੋਖਾਧੜੀ ਰਾਹੀਂ ਡੀ-ਫਾਰਮੇਸੀ ਦੀਆਂ ਡਿਗਰੀਆਂ ਲੈਣ ਵਾਲੇ 9 ਕੈਮਿਸਟ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫ਼ਤਾਰ

Related Post