Jalandhar News : ANTF ਦੀ ਨਸ਼ਾ ਤਸਕਰਾਂ ਨਾਲ ਮੁੱਠਭੇੜ, ਪੁਲਿਸ ਨੂੰ ਵੇਖਦੇ ਹੀ ਚਲਾਈਆਂ ਗੋਲੀਆਂ, ਜਵਾਬੀ ਕਾਰਵਾਈ ਚ 1 ਜ਼ਖਮੀ, 2 ਫਰਾਰ

Jalandhar News : ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਪਿੰਡ ਗੋਰਸੀਆ 'ਚ ਇੱਕ ਵੱਡੀ ਕਾਰਵਾਈ ਕਰਦਿਆਂ ਬਦਨਾਮ ਨਸ਼ਾ ਤਸਕਰ ਸੰਨੀ ਸਿੰਘ ਦੇ ਟਿਕਾਣੇ 'ਤੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਪੁਲਿਸ ਅਤੇ ਤਸਕਰਾਂ ਵਿਚਕਾਰ ਮੁੱਠਭੇੜ ਹੋਈ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ

By  Shanker Badra August 8th 2025 10:32 AM

Jalandhar News : ਪੰਜਾਬ ਪੁਲਿਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ANTF) ਨੇ ਸ਼ੁੱਕਰਵਾਰ ਸਵੇਰੇ ਜਲੰਧਰ ਦੇ ਪਿੰਡ ਗੋਰਸੀਆ 'ਚ ਇੱਕ ਵੱਡੀ ਕਾਰਵਾਈ ਕਰਦਿਆਂ ਬਦਨਾਮ ਨਸ਼ਾ ਤਸਕਰ ਸੰਨੀ ਸਿੰਘ ਦੇ ਟਿਕਾਣੇ 'ਤੇ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਪੁਲਿਸ ਅਤੇ ਤਸਕਰਾਂ ਵਿਚਕਾਰ ਮੁੱਠਭੇੜ ਹੋਈ, ਜਿਸ ਵਿੱਚ ਦੋਵਾਂ ਪਾਸਿਆਂ ਤੋਂ ਗੋਲੀਆਂ ਚੱਲੀਆਂ।

ਪੰਜਾਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਜਲੰਧਰ ਦੇ ਗੋਰਸੀਆ ਪਿੰਡ 'ਚ ਸੰਨੀ ਸਿੰਘ ਆਪਣੇ ਸਾਥੀਆਂ ਨਾਲ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੀ ਤਿਆਰੀ ਕਰ ਰਿਹਾ ਹੈ। ਜਿਵੇਂ ਹੀ ANTF ਟੀਮ ਉੱਥੇ ਪਹੁੰਚੀ ਤਾਂ ਮੁਲਜ਼ਮਾਂ ਨੇ ਅਚਾਨਕ ਪੁਲਿਸ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੰਨੀ ਸਿੰਘ ਨੇ ਆਪਣੇ ਦੋ ਸਾਥੀਆਂ ਨਾਲ ਪੁਲਿਸ 'ਤੇ ਹਮਲਾ ਕਰ ਦਿੱਤਾ। ਜਵਾਬ ਵਿੱਚ ਪੁਲਿਸ ਨੇ ਵੀ ਫਾਇਰਿੰਗ ਕੀਤੀ।

ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਸਨੀ ਸਿੰਘ ਦਾ ਸਾਥੀ ਦਵਿੰਦਰ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ,ਜਿਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਦੇ ਨਾਲ ਹੀ ਸਨੀ ਸਿੰਘ ਅਤੇ ਉਸਦਾ ਸਾਥੀ ਮੌਕੇ ਤੋਂ ਭੱਜ ਗਏ ਸਨ। ਉਨ੍ਹਾਂ ਦੀ ਭਾਲ ਜਾਰੀ ਹੈ। ਜ਼ਖਮੀਆਂ ਦਾ ਪੁਲਿਸ ਸੁਰੱਖਿਆ ਹੇਠ ਇਲਾਜ ਕੀਤਾ ਜਾ ਰਿਹਾ ਹੈ।

ਮੁਲਜ਼ਮ ਦੇ ਬਾਕੀ ਸਾਥੀ ਮੌਕੇ ਤੋਂ ਫਰਾਰ 

ਇਸ ਦੌਰਾਨ ਮੁੱਖ ਆਰੋਪੀ ਸੰਨੀ ਸਿੰਘ ਅਤੇ ਉਸਦਾ ਦੂਜਾ ਸਾਥੀ ਮੌਕੇ ਤੋਂ ਭੱਜ ਗਏ। ਪੁਲਿਸ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਤਲਾਸ਼ੀ ਮੁਹਿੰਮ ਜਾਰੀ ਹੈ। ਏਐਨਟੀਐਫ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈ ਪੰਜਾਬ ਸਰਕਾਰ ਦੀ ਡਰੱਗ ਮਾਫੀਆ ਵਿਰੁੱਧ ਜ਼ੀਰੋ ਟਾਲਰੈਂਸ ਨੀਤੀ ਤਹਿਤ ਕੀਤੀ ਗਈ ਹੈ।

ਪੁਲਿਸ ਅਨੁਸਾਰ ਸੰਨੀ ਸਿੰਘ ਅਤੇ ਉਸਦੇ ਸਾਥੀਆਂ ਵਿਰੁੱਧ ਪਹਿਲਾਂ ਹੀ ਕਈ ਅਪਰਾਧਿਕ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰ ਰੱਖਣ ਵਰਗੇ ਗੰਭੀਰ ਦੋਸ਼ ਸ਼ਾਮਲ ਹਨ। ਪੁਲਿਸ ਦੇ ਇਸ ਦਲੇਰਾਨਾ ਆਪ੍ਰੇਸ਼ਨ ਦੌਰਾਨ ਕੋਈ ਵੀ ਜਵਾਨ ਜ਼ਖਮੀ ਨਹੀਂ ਹੋਇਆ। ਫਰਾਰ ਆਰੋਪੀ ਦੀ ਭਾਲ ਤੇਜ਼ ਕਰ ਦਿੱਤੀ ਗਈ ਹੈ, ਕਈ ਪੁਲਿਸ ਟੀਮਾਂ ਛਾਪੇਮਾਰੀ ਕਰ ਰਹੀਆਂ ਹਨ ਅਤੇ ਆਰੋਪੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Post