Bathinda Cantt ਦੀ ਜਾਸੂਸੀ ਕਰਨ ਵਾਲੇ ਮੋਚੀ ਨੂੰ ਫੌਜੀ ਅਧਿਕਾਰੀਆਂ ਨੇ ਦਬੋਚਿਆ

ਜਾਣਕਾਰੀ ਅਨੁਸਾਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਫੌਜੀ ਕੈਂਪਾਂ ਵਿੱਚ ਨਿੱਜੀ ਪੱਧਰ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਬਠਿੰਡਾ ਛਾਉਣੀ ਵਿੱਚ ਵੀ, ਛਾਉਣੀ ਦੇ ਅੰਦਰ ਨਿੱਜੀ ਤੌਰ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਫੌਜ ਦੇ ਖੁਫੀਆ ਵਿੰਗ ਵੱਲੋਂ ਕਈ ਦਿਨਾਂ ਤੋਂ ਜਾਂਚ ਕੀਤੀ ਜਾ ਰਹੀ ਸੀ।

By  Aarti April 29th 2025 10:18 AM

Bathinda News :  ਬਠਿੰਡਾ ਕੈਂਟ ਵਿੱਚ ਮੋਚੀ ਦਾ ਕੰਮ ਕਰਨ ਵਾਲੇ ਇੱਕ ਨੌਜਵਾਨ ਨੂੰ ਫੌਜ ਦੇ ਅਧਿਕਾਰੀਆਂ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਪੁੱਛਗਿੱਛ ਤੋਂ ਬਾਅਦ, ਆਰਮੀ ਇੰਟੈਲੀਜੈਂਸ ਵਿੰਗ ਨੇ ਉਸਨੂੰ ਕੈਂਟ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ। ਕੈਂਟ ਪੁਲਿਸ ਨੇ ਉਸਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਮਾਮਲੇ ਵਿੱਚ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਰਾਮ (26) ਵਜੋਂ ਹੋਈ ਹੈ, ਜੋ ਕਿ ਸਮਸਤੀਪੁਰ, ਬਿਹਾਰ ਦਾ ਰਹਿਣ ਵਾਲਾ ਸੀ ਅਤੇ ਪਿਛਲੇ 10 ਸਾਲਾਂ ਤੋਂ ਬੇਅੰਤ ਨਗਰ, ਬਠਿੰਡਾ ਵਿੱਚ ਰਹਿ ਰਿਹਾ ਸੀ।

ਦੱਸ ਦਈਏ ਕਿ ਮੁਲਜ਼ਮ ਦੇ ਮੋਬਾਈਲ ਫੋਨ ਤੋਂ ਹੋਈ ਵਟਸਐਪ ਚੈਟ ਤੋਂ ਪਤਾ ਲੱਗਾ ਕਿ ਉਹ ਬਠਿੰਡਾ ਕੈਂਟ ਦੀ ਜਾਸੂਸੀ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਦੇਸ਼ ਭਰ ਵਿੱਚ ਫੌਜੀ ਕੈਂਪਾਂ ਵਿੱਚ ਨਿੱਜੀ ਪੱਧਰ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਬਠਿੰਡਾ ਛਾਉਣੀ ਵਿੱਚ ਵੀ, ਛਾਉਣੀ ਦੇ ਅੰਦਰ ਨਿੱਜੀ ਤੌਰ 'ਤੇ ਕੰਮ ਕਰਨ ਵਾਲੇ ਲੋਕਾਂ ਦੀ ਫੌਜ ਦੇ ਖੁਫੀਆ ਵਿੰਗ ਵੱਲੋਂ ਕਈ ਦਿਨਾਂ ਤੋਂ ਜਾਂਚ ਕੀਤੀ ਜਾ ਰਹੀ ਸੀ। 

ਇਸ ਜਾਂਚ ਦੌਰਾਨ ਫੌਜ ਦੇ ਖੁਫੀਆ ਵਿੰਗ ਦੀ ਟੀਮ ਨੇ ਛਾਉਣੀ ਵਿੱਚ ਇੱਕ ਮੋਚੀ ਤੋਂ ਪੁੱਛਗਿੱਛ ਕੀਤੀ ਅਤੇ ਫਿਰ ਉਸਦੇ ਮੋਬਾਈਲ ਫੋਨ ਦੀ ਜਾਂਚ ਕੀਤੀ। ਉਨ੍ਹਾਂ ਨੂੰ ਇੱਕ ਵਟਸਐਪ ਚੈਟ ਮਿਲੀ ਜਿਸ ਵਿੱਚ ਉਹ ਪਾਕਿਸਤਾਨ ਦੀ ਇੱਕ ਕੁੜੀ ਨਾਲ ਗੱਲ ਕਰ ਰਿਹਾ ਸੀ। ਹਾਲਾਂਕਿ ਉਕਤ ਗੱਲਬਾਤ 2023 ਦੀ ਹੈ, ਜਦੋਂ ਫੌਜੀ ਅਧਿਕਾਰੀਆਂ ਨੇ ਉਸ ਤੋਂ ਪੁੱਛਗਿੱਛ ਕੀਤੀ ਤਾਂ ਉਸਨੇ ਦੱਸਿਆ ਕਿ ਉਸਦੀ ਪਾਕਿਸਤਾਨ ਦੀ ਇੱਕ ਕੁੜੀ ਨਾਲ ਦੋਸਤੀ ਹੋ ਗਈ ਸੀ। ਜਿਸ ਤੋਂ ਬਾਅਦ ਉਕਤ ਲੜਕੀ ਨੇ ਉਸਨੂੰ ਪੈਸਿਆਂ ਦਾ ਲਾਲਚ ਦਿੱਤਾ। 

ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਉਹ ਉਕਤ ਪਾਕਿਸਤਾਨੀ ਕੁੜੀ ਨੂੰ ਬਠਿੰਡਾ ਕੈਂਟ ਬਾਰੇ ਜਾਣਕਾਰੀ ਭੇਜ ਰਿਹਾ ਸੀ। ਇਹ ਗੱਲ ਸਾਹਮਣੇ ਆਈ ਹੈ ਕਿ ਉਕਤ ਪਾਕਿਸਤਾਨੀ ਔਰਤ ਨੇ ਉਸਨੂੰ ਕਈ ਵਾਰ ਪੈਸੇ ਵੀ ਭੇਜੇ ਹਨ।

ਇਹ ਵੀ ਪੜ੍ਹੋ : Canada ’ਚ ਆਮ ਆਦਮੀ ਪਾਰਟੀ ਦੇ ਆਗੂ ਦੀ 21 ਸਾਲਾਂ ਧੀ ਦੀ ਹੋਈ ਸ਼ੱਕੀ ਹਲਾਤਾਂ ’ਚ ਮੌਤ; ਸਮੁੰਦਰ ਕੰਢੇ ਮਿਲੀ ਸੀ ਲਾਸ਼

Related Post