Jalandhar ਚ 13 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਚ ਲਾਪਰਵਾਹੀ ਵਰਤਣ ਵਾਲਾ ASI ਮੰਗਤ ਰਾਮ ਬਰਖ਼ਾਸਤ

Jalandhar Girl Murder Case : ਜਲੰਧਰ ਦੇ ਪੱਛਮੀ ਹਲਕੇ ਦੇ ਪਾਰਸ ਅਸਟੇਟ ਵਿੱਚ 13 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਵਿਭਾਗ ਨੇ ਏ.ਐਸ.ਆਈ. ਮੰਗਤ ਰਾਮ ਨੂੰ ਬਰਖ਼ਾਸਤ ਕਰ ਦਿੱਤਾ ਹੈ। 13 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿਚ ਏ.ਐਸ.ਆਈ. ਮੰਗਤ ਰਾਮ ਦੀ ਲਾਪਰਵਾਹੀ ਪਾਈ ਗਈ ਸੀ। ਡਿਊਟੀ ਦੌਰਾਨ ਏ.ਐਸ.ਆਈ. ਮੰਗਤ ਰਾਮ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਗਲਤ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਉਸ ਘਰ ਵਿਚ ਨਹੀਂ ਹੈ, ਜਿਥੇ ਉਸ ਦਾ ਕਤਲ ਕੀਤਾ ਗਿਆ ਸੀ

By  Shanker Badra November 27th 2025 12:11 PM -- Updated: November 27th 2025 12:19 PM

Jalandhar Girl Murder Case :  ਜਲੰਧਰ ਦੇ ਪੱਛਮੀ ਹਲਕੇ ਦੇ ਪਾਰਸ ਅਸਟੇਟ ਵਿੱਚ 13 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਵਿਭਾਗ ਨੇ ਏ.ਐਸ.ਆਈ. ਮੰਗਤ ਰਾਮ ਨੂੰ ਬਰਖ਼ਾਸਤ ਕਰ ਦਿੱਤਾ ਹੈ। 13 ਸਾਲਾ ਨਾਬਾਲਗ ਲੜਕੀ ਦੇ ਕਤਲ ਮਾਮਲੇ ਵਿਚ ਏ.ਐਸ.ਆਈ. ਮੰਗਤ ਰਾਮ ਦੀ ਲਾਪਰਵਾਹੀ ਪਾਈ ਗਈ ਸੀ। ਡਿਊਟੀ ਦੌਰਾਨ ਏ.ਐਸ.ਆਈ. ਮੰਗਤ ਰਾਮ ਨੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਗਲਤ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਧੀ ਉਸ ਘਰ ਵਿਚ ਨਹੀਂ ਹੈ, ਜਿਥੇ ਉਸ ਦਾ ਕਤਲ ਕੀਤਾ ਗਿਆ ਸੀ। 

ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਮਾਮਲੇ 'ਚ ਅਣਗਹਿਲੀ ਵਰਤਣ ਦੇ ਦੋਸ਼ 'ਚ ASI ਮੰਗਤ ਰਾਮ ਨੂੰ ਬਰਖਾਸਤ ਕੀਤਾ ਹੈ। ਕਮਿਸ਼ਨਰ ਧਨਪ੍ਰੀਤ ਕੌਰ ਨੇ ਏ.ਐਸ.ਆਈ. ਮੰਗਤ ਰਾਮ ਨੂੰ ਬਰਖ਼ਾਸਤ ਕਰਨ ਦੀ ਜਾਣਕਾਰੀ ਦਿੱਤੀ ਹੈ। ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਏ.ਐਸ.ਆਈ. ਮੰਗਤ ਰਾਮ ਨੂੰ ਇਸ ਮਾਮਲੇ ਵਿਚ ਲਾਪਰਵਾਹੀ ਅਤੇ ਡਿਊਟੀ ਦੌਰਾਨ ਸਹੀ ਜਾਣਕਾਰੀ ਨਾ ਦੇਣ ਕਾਰਨ ਪੁਲਿਸ ਵਿਭਾਗ ਵਲੋਂ ਬਰਖਾਸਤ ਕਰ ਦਿੱਤਾ ਗਿਆ ਹੈ। 

CP ਧਨਪ੍ਰੀਤ ਕੌਰ ਨੇ ਪੀੜਤ ਪਰਿਵਾਰ ਨਾਲ ਕੀਤੀ ਸੀ ਮੁਲਾਕਾਤ  

ਉਕਤ ਘਟਨਾ ਦੇ ਚੌਥੇ ਦਿਨ ਮੰਗਲਵਾਰ ਨੂੰ ਜਲੰਧਰ ਦੀ ਪਹਿਲੀ ਮਹਿਲਾ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਰੰਧਾਵਾ ਪੀੜਤ ਪਰਿਵਾਰ ਦੇ ਘਰ ਪਹੁੰਚੀ ਅਤੇ ਲੜਕੀ ਦੀ ਮਾਂ ਅਤੇ ਭਰਾ ਨਾਲ ਮੁਲਾਕਾਤ ਕੀਤੀ ਸੀ। ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕਿਹਾ ਕਿ ਇਸ ਦੁੱਖ਼ ਦੀ ਘੜੀ ਵਿਚ ਕਮਿਸ਼ਨਰੇਟ ਪੁਲਸ ਪਰਿਵਾਰ ਦੇ ਨਾਲ ਖੜ੍ਹੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਇਆ ਜਾਵੇਗਾ। ਸੀਪੀ ਨੇ ਕਿਹਾ ਕਿ ਇਸ ਮਾਮਲੇ ਦੀ ਪੁਲਸ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕੋਈ ਪੁਲਸ ਮੁਲਾਜ਼ਮ ਹੀ ਕਿਉਂ ਨਾ ਹੋਵੇ।

ਦੱਸ ਦੇਈਏ ਕਿ 13 ਸਾਲਾ ਕੁੜੀ ਆਪਣੀ ਸਹੇਲੀ ਦੇ ਘਰ ਗਈ ਸੀ ਪਰ ਵਾਪਸ ਨਹੀਂ ਆਈ। ਪੁਲਿਸ ਨੂੰ ਸੂਚਿਤ ਕੀਤਾ ਗਿਆ। ਕੁਝ ਲੋਕਾਂ ਨੇ ਉਸ ਨੂੰ ਦੋਸ਼ੀ ਦੇ ਘਰ ਜਾਂਦੇ ਦੇਖਿਆ ਸੀ। ਪੁਲਿਸ ਨੇ ਘਰ ਦੀ ਤਲਾਸ਼ੀ ਲਈ ਪਰ ਕੁਝ ਨਹੀਂ ਮਿਲਿਆ। ਬਾਅਦ ਵਿੱਚ ਜਦੋਂ ਗੁਆਂਢੀਆਂ ਨੇ ਭਾਲ ਕੀਤੀ ਤਾਂ ਉਸ ਦੀ ਲਾਸ਼ ਦੋਸ਼ੀ ਦੇ ਘਰ ਦੇ ਬਾਥਰੂਮ ਵਿੱਚ ਮਿਲੀ। ਕਤਲ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਹਰਮਿੰਦਰ ਸਿੰਘ ਉਰਫ਼ ਹੈਪੀ ਨੂੰ ਅਦਾਲਤ ਨੇ 9 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਹਾਲਾਂਕਿ ਪਰਿਵਾਰ ਨੇ ਮੰਗ ਕੀਤੀ ਹੈ ਕਿ ਮਾਮਲੇ ਦੀ ਸੁਣਵਾਈ ਫਾਸਟ-ਟਰੈਕ ਅਦਾਲਤ ਵਿੱਚ ਕੀਤੀ ਜਾਵੇ ਤਾਂ ਜੋ ਦੋਸ਼ੀ ਨੂੰ ਜਲਦੀ ਤੋਂ ਜਲਦੀ ਸਜ਼ਾ ਦਿੱਤੀ ਜਾ ਸਕੇ। ਪਰਿਵਾਰ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। 

ਮ੍ਰਿਤਕਾ ਦੇ ਭਰਾ ਨੇ ਕਿਹਾ ਕਿ ਉਸ ਦੀ ਭੈਣ ਦੇ ਕਾਤਲ ਨੂੰ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਦੀ ਮੌਤ ਹੋ ਚੁੱਕੀ ਹੈ, ਜੋ ਕਿ ਡੀ. ਸੀ. ਆਫਿਸ ਵਿਚ ਕੰਮ ਕਰਦੇ ਸਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਸ ਨੂੰ ਨੌਕਰੀ ਮਿਲੀ ਸੀ। ਅਜੇ ਉਸ ਦੀ ਉਮਰ ਸਿਰਫ਼ 19 ਸਾਲ ਦੀ ਹੈ। ਉਹ ਨੌਕਰੀ ਕਰਕੇ ਆਪਣੀ ਭੈਣ ਨੂੰ ਪੜ੍ਹਾ ਰਿਹਾ ਸੀ ਅਤੇ ਘਰ ਦਾ ਗੁਜ਼ਾਰਾ ਚਲਾ ਰਿਹਾ ਸੀ। ਉਹ ਆਪਣੀ ਭੈਣ ਨੂੰ ਉੱਚ ਮੁਕਾਮ ਤਕ ਪਹੁੰਚਾਉਣਾ ਸੀ ਪਰ ਉਸ ਦੀ ਸਹੇਲੀ ਦਾ ਪਿਤਾ ਹੀ ਇੰਨੀ ਗੰਦੀ ਹਰਕਤ ਕਰ ਸਕਦਾ ਹੈ, ਅਜਿਹਾ ਉਨ੍ਹਾਂ ਕਦੀ ਸੋਚਿਆ ਵੀ ਨਹੀਂ ਸੀ। ਉਸ ਨੇ ਕਿਹਾ ਕਿ ਉਨ੍ਹਾਂ ਵਾਰਦਾਤ ਵਾਲੇ ਦਿਨ ਹੀ ਮੁਲਜ਼ਮ ਨੂੰ ਜਾਨੋਂ ਮਾਰ ਦੇਣਾ ਸੀ ਪਰ ਪੁਲਸ ਉਸ ਦਾ ਬਚਾਅ ਕਰ ਕੇ ਲੈ ਗਈ। ਉਸ ਨੇ ਕਿਹਾ ਕਿ ਮੁਲਜ਼ਮ ਹਰਮਿੰਦਰ ਸਿੰਘ ਨੇ ਜਿਸ ਤਰ੍ਹਾਂ ਦੀ ਉਸ ਦੀ ਭੈਣ ਨੂੰ ਬੇਰਹਿਮੀ ਨਾਲ ਗਲਾ ਘੁੱਟ ਕੇ ਮਾਰਿਆ ਹੈ, ਉਸ ਨੂੰ ਵੀ ਉਸੇ ਤਰ੍ਹਾਂ ਦੀ ਮੌਤ ਮਿਲਣੀ ਚਾਹੀਦੀ ਹੈ।

Related Post