Punjab News: ਵਿਆਹ ਦੇ ਝਗੜੇ ਸਬੰਧੀ ਸ਼ਿਕਾਇਤ ਦੇ ਮਾਮਲੇ ਵਿੱਚ 4,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ, ਵਿਜੀਲੈਂਸ ਵੱਲੋਂ ਗ੍ਰਿਫ਼ਤਾਰ

By  Shameela Khan September 25th 2023 05:47 PM -- Updated: September 25th 2023 06:07 PM

ਲੁਧਿਆਣਾ: ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਅੱਜ ਵੁਮੈਨ ਸੈੱਲ ਲੁਧਿਆਣਾ ਵਿੱਖੇ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏ.ਐਸ.ਆਈ.) ਸੁਖਦੇਵ ਸਿੰਘ ਨੂੰ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਅਭਿਸ਼ੇਖ ਸ਼ਰਮਾ ਵਾਸੀ ਨਿਊ ਸ਼ਿਮਲਾਪੁਰੀ, ਲੁਧਿਆਣਾ ਦੀ ਸ਼ਿਕਾਇਤ 'ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਲੁਧਿਆਣਾ ਵਿਖੇ ਪਹੁੰਚ ਕਰਕੇ ਦੱਸਿਆ ਕਿ ਉਹ ਪ੍ਰਾਈਵੇਟ ਨੌਕਰੀ ਕਰਦਾ ਹੈ ਅਤੇ ਉਸਦਾ ਆਪਣੀ ਪਤਨੀ ਨਾਲ ਵਿਆਹ ਸਬੰਧੀ ਝਗੜਾ ਚੱਲ ਰਿਹਾ ਹੈ ਅਤੇ ਇਸਦੀ ਸ਼ਿਕਾਇਤ ਏ.ਐਸ.ਆਈ ਸੁਖਦੇਵ ਸਿੰਘ ਕੋਲ ਵਿਚਾਰ ਅਧੀਨ ਹੈ।

ਸ਼ਿਕਾਇਤਕਰਤਾ ਨੇ ਅੱਗੇ ਦੋਸ਼ ਲਾਇਆ ਕਿ ਉਕਤ ਏ.ਐਸ.ਆਈ ਉਸ ਤੋਂ ਪਹਿਲਾਂ ਵੀ 7000 ਰੁਪਏ ਕਿਸ਼ਤਾਂ ਵਿੱਚ ਲੈ ਚੁੱਕਾ ਹੈ ਅਤੇ ਉਸਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰਨ ਦੀ ਧਮਕੀ ਦੇ ਕੇ ਉਸ ਤੋਂ 50,000 ਰੁਪਏ ਹੋਰ ਮੰਗ ਰਿਹਾ ਹੈ।

ਉਸਨੇ ਅੱਗੇ ਦੱਸਿਆ ਕਿ ਉਸਦੇ ਅਤੇ ਉਕਤ ਏ.ਐਸ.ਆਈ. ਦਰਮਿਆਨ ਸੌਦਾ ਤੈਅ ਹੋਇਆ ਹੈ ਜਿਸ ਅਨੁਸਾਰ ਉਕਤ ਏ.ਐਸ.ਆਈ. 14,000 ਰੁਪਏ ਰਿਸ਼ਵਤ ਲਈ ਰਾਜ਼ੀ ਹੋ ਗਿਆ ਹੈ ਜਿਸ ਵਿੱਚੋਂ ਉਹ 4,000 ਰੁਪਏ ਖੁਦ ਰੱਖੇਗਾ ਅਤੇ 10,000 ਰੁਪਏ ਮਹਿਲਾ ਸੈੱਲ ਲੁਧਿਆਣਾ ਦੇ ਇੰਚਾਰਜ ਨੂੰ ਦੇਵੇਗਾ।ਬੁਲਾਰੇ ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋਸ਼ੀ ਪੁਲਿਸ ਮੁਲਾਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 4,000 ਰੁਪਏ ਦੀ ਰਿਸ਼ਵਤ ਲੈਂਦਿਆਂ ਮੌਕੇ ‘ਤੇ ਕਾਬੂ ਕਰ ਲਿਆ ਗਿਆ।

ਇਸ ਸਬੰਧੀ ਭ੍ਰਿਸ਼ਟਾਚਾਰ ਦੀ ਰੋਕਥਾਮ ਬਾਰੇ ਕਾਨੂੰਨ ਦੀ ਧਾਰਾ 7 ਅਧੀਨ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਰੇਂਜ ਵਿੱਚ ਐਫ.ਆਈ.ਆਰ. ਨੰ 24 ਮਿਤੀ 25.9.23 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨੂੰ ਭਲਕੇ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨਾਲ ਹੀ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਪੜਤਾਲ ਦੌਰਾਨ ਮਹਿਲਾ ਸੈੱਲ ਦੇ ਇੰਚਾਰਜ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ।

Related Post