Goindwal Jail Gangwar : ਗੋਇੰਦਵਾਲ ਜੇਲ੍ਹ ਗੈਂਗਵਾਰ ਮਾਮਲੇ ਚ ਏਡੀਜੀ ਜੇਲ੍ਹ ਦੀ ਵੱਡੀ ਕਾਰਵਾਈ, ਸਹਾਇਕ ਸੁਪਰਡੈਂਟ ਮੁਅੱਤਲ

ਗੋਇੰਦਵਾਲ : ਗੋਇੰਦਵਾਲ ਜੇਲ੍ਹ ਵਿਚ ਹੋਈ ਗੈਂਗਵਾਰ ਮਗਰੋਂ ਏਡੀਜੀਪੀ ਜੇਲ੍ਹ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ। ਜੇਲ੍ਹ ਵਿਚ ਵਾਪਰੀ ਘਟਨਾ ਦੀ ਗਾਜ਼ ਸਹਾਇਕ ਸੁਪਰਡੈਂਟ ਉਤੇ ਡਿੱਗੀ ਹੈ। ਜੇਲ੍ਹ ਦੇ ਦੌਰੇ ਦੌਰਾਨ ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਨੇ ਸਹਾਇਕ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ।
ਏਡੀਜੀਪੀ ਜੇਲ੍ਹ ਬੀ ਚੰਦਰਸ਼ੇਖਰ ਨੇ ਗੋਇੰਦਵਾਲ ਸਾਹਿਬ ਦਾ ਦੌਰਾ ਕੀਤਾ ਅਤੇ ਜੇਲ੍ਹ ਵਿਚ ਬਦਮਾਸ਼ਾਂ ਦਰਮਿਆਨ ਹੋਈ ਖੂਨੀ ਝੜਪ ਦੇ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਦੀ ਅਣਗਹਿਲੀ ਦਾ ਸਖ਼ਤ ਨੋਟਿਸ ਲਿਆ। ਇਸ ਮਾਮਲੇ ਵਿਚ ਸਹਾਇਕ ਜੇਲ੍ਹ ਸੁਪਰਡੈਂਟ ਹਰੀਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਈ ਖੂਨੀ ਝੜਪ ਦੌਰਾਨ ਜੇਲ ਸੁਪਰਡੈਂਟ ਇਕਬਾਲ ਸਿੰਘ ਬਰਾੜ ਛੁੱਟੀ 'ਤੇ ਸਨ ਪਰ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਡਿਊਟੀ 'ਤੇ ਪਰਤ ਆਏ ਸਨ।
ਕਾਬਿਲੇਗੌਰ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ 'ਚ ਦਰਜ ਕੀਤੀ ਗਈ ਐੱਫ.ਆਈ.ਆਰ. 'ਚ ਵੱਡੇ ਖੁਲਾਸੇ ਹੋਏ ਹਨ। ਐੱਫ.ਆਈ.ਆਰ. 'ਚ 7 ਗੈਂਗਸਟਰਾਂ ਦੇ ਨਾਂ ਸਾਹਮਣੇ ਆਏ ਹਨ। ਇਸ 'ਚ ਮਨਪ੍ਰੀਤ ਭਾਊ, ਸਚਿਨ ਭਿਵਾਨੀ, ਅੰਕਿਤ ਲਾਟੀ, ਕਸ਼ਿਸ਼, ਰਜਿੰਦਰ ਜੋਕਰ, ਅਰਸਦ ਖ਼ਾਨ ਤੇ ਮਲਕੀਤ ਸਿੰਘ ਮਾਮਾ ਸ਼ਾਮਲ ਹਨ।
ਇਹ ਵੀ ਪੜ੍ਹੋ : Former MLA Madan Lal Jalalpur : ਵਿਜੀਲੈਂਸ ਵੱਲੋਂ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨਾਮਜ਼ਦ, ਲੁੱਕ ਆਊਟ ਨੋਟਿਸ ਜਾਰੀ
ਇਸ ਦੇ ਨਾਲ ਹੀ ਐੱਫ.ਆਈ.ਆਰ. 'ਚ ਦੱਸਿਆ ਗਿਆ ਹੈ ਕਿ ਜੇਲ੍ਹ 'ਚ ਬਲਾਕ 1 ਅਤੇ ਬਲਾਕ 2 ਦੇ ਕੈਦੀਆਂ ਦਰਮਿਆਨ ਝੜਪ ਹੋ ਗਈ ਸੀ। ਇਸ 'ਚ ਬਲਾਕ 2 ਦੇ ਕੈਦੀਆਂ ਨੇ ਪਹਿਲਾਂ ਹਮਲਾ ਕੀਤਾ ਸੀ। ਬਲਾਕ 2 'ਚ ਮਨਮੋਹਨ ਮੋਹਨਾ ਤੇ ਮਨਦੀਪ ਤੂਫ਼ਾਨ ਸ਼ਾਮਲ ਸਨ। ਉਨ੍ਹਾਂ ਨੇ ਪਹਿਲਾਂ ਲੋਹੇ ਦੀਆਂ ਪੱਤੀਆਂ ਨਾਲ ਹਮਲਾ ਕੀਤਾ ਸੀ, ਜਿਸ ਮਗਰੋਂ ਵਿਰੋਧੀ ਗਿਰੋਹ ਨੇ ਉਨ੍ਹਾਂ ਤੋਂ ਲੋਹੇ ਦੀਆਂ ਪੱਤੀਆਂ ਖੋਹ ਕੇ ਉਨ੍ਹਾਂ ਉਪਰ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਮਨਮੋਹਨ ਮੋਹਨਾ ਤੇ ਮਨਦੀਪ ਤੂਫਾਨ ਦੀ ਮੌਤ ਹੋ ਗਈ ਤੇ ਮਨਪ੍ਰੀਤ ਭਾਊ, ਅਰਸ਼ਦ ਖ਼ਾਨ ਤੇ ਕੇਸ਼ਵ ਜ਼ਖ਼ਮੀ ਹੋ ਗਏ।