ਲੁਧਿਆਣਾ 'ਚ ਐਸਬੀਆਈ ਦਾ ਏਟੀਐਮ ਲੁੱਟਣ ਦੀ ਕੋਸ਼ਿਸ਼, ਪੁਲਿਸ ਜਾਂਚ 'ਚ ਜੁਟੀ

By  Ravinder Singh February 5th 2023 11:10 AM

ਲੁਧਿਆਣਾ : ਲੁਧਿਆਣਾ 'ਚ ਸੁਧਾਰ ਇਲਾਕੇ 'ਚ SBI ਬੈਂਕ ਦਾ ATM ਸ਼ਟਰ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਨੂੰ ਅੰਜ਼ਾਮ ਦੇ ਰਹੇ ਬਦਮਾਸ਼ ਕਿਸੇ ਕਾਰਨ ਫ਼ਰਾਰ ਹੋ ਗਏ। ਮੁਲਜ਼ਮਾਂ ਦੀ ਵੀਡੀਓ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਇਲਾਕਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਬਦਮਾਸ਼ਾਂ ਦੇ ਇਕ ਗਿਰੋਹ ਨੇ ਸੁਧਾਰ ਪਿੰਡ ਵਿੱਚ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਦੇ ਏਟੀਐਮ ਵਿੱਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਏਟੀਐਮ ਦੇ ਸ਼ਟਰ ਦਾ ਤਾਲਾ ਤੋੜਨ 'ਚ ਕਾਮਯਾਬ ਹੋ ਗਏ ਪਰ ਮਸ਼ੀਨ ਨੂੰ ਤੋੜਨ 'ਚ ਅਸਫਲ ਰਹੇ। ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਬੈਂਕ ਮੁਲਾਜ਼ਮਾਂ ਨੇ ਏਟੀਐਮ ਦਾ ਸ਼ਟਰ ਗੈਸ ਕਟਰ ਮਸ਼ੀਨ ਨਾਲ ਟੁੱਟਿਆ ਦੇਖਿਆ।

ਨਵੀਂ ਆਬਾਦੀ ਅਕਾਲਗੜ੍ਹ ਦੇ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਐਸਬੀਆਈ ਸੁਧਾਰ ਸ਼ਾਖਾ 'ਚ ਬ੍ਰਾਂਚ ਮੈਨੇਜਰ ਹੈ। ਉਸ ਨੂੰ ਬੈਂਕ ਮੁਲਾਜ਼ਮਾਂ ਨੇ ਫੋਨ ਉਤੇ ਦੱਸਿਆ ਕਿ ਏਟੀਐਮ ਬੂਥ ਦਾ ਸ਼ਟਰ ਟੁੱਟਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਮੌਕੇ ਉਤੇ ਪੁੱਜੇ ਤਾਂ ਦੇਖਿਆ ਕਿ ਗੈਸ ਕਟਰ ਮਸ਼ੀਨ ਨਾਲ ਸ਼ਟਰ ਕੱਟਿਆ ਹੋਇਆ ਸੀ।

ਉਸ ਨੇ ਸਟਾਫ਼ ਦੀ ਹਾਜ਼ਰੀ ਵਿੱਚ ਏ.ਟੀ.ਐਮ ਬੂਥ ਖੋਲ੍ਹ ਕੇ ਮਸ਼ੀਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਮਸ਼ੀਨ ਖਰਾਬ ਸੀ ਪਰ ਨਕਦੀ ਸੁਰੱਖਿਅਤ ਸੀ। ਇਸ ਤੋਂ ਬਾਅਦ ਜਦੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਤਾਂ ਉਸ 'ਚ ਇਕ ਮੁਲਾਜ਼ਮ ਨਜ਼ਰ ਆਇਆ।

ਇਹ ਵੀ ਪੜ੍ਹੋ : ਅਮਰੀਕਾ ਨੇ ਸ਼ੱਕੀ 'ਜਾਸੂਸੀ ਗੁਬਾਰੇ' ਨੂੰ ਮਿਜ਼ਾਇਲ ਨਾਲ ਸੁੱਟਿਆ, ਚੀਨ ਨੇ ਦਿੱਤੀ ਚਿਤਾਵਨੀ

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਾਜਦੀਪ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਅਨੁਸਾਰ ਦੋ ਬਦਮਾਸ਼ਾਂ ਨੇ ਏਟੀਐਮ ਮਸ਼ੀਨ ਵਿੱਚੋਂ ਨਕਦੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਨਾਕਾਮ ਰਹੇ। ਹਾਲਾਂਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਪੂਰੀ ਵਾਰਦਾਤ ਬਾਰੇ ਪਤਾ ਲੱਗ ਸਕੇਗਾ। ਥਾਣਾ ਸੁਧਾਰ ਵਿਖੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 457, 380 ਅਤੇ 511 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Related Post