Sangrur News : ਪਿੰਡ ਉਪਲੀ ਚ Energy ਡਰਿੰਕਸ ਵੇਚਣ ਤੇ ਲੱਗੀ ਪਾਬੰਦੀ! ਪਿੰਡ ਦੀ ਪੰਚਾਇਤ ਨੇ ਪਾਏ ਕਈ ਅਹਿਮ ਮਤੇ
Upali Village Resolutions : ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਨੇ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੇ ਐਨਰਜ਼ੀ ਡਰਿੰਕ ਵੇਚਣ 'ਤੇ ਪਾਬੰਦੀ ਲਗਾਈ ਹੈ। ਪਿੰਡ ਦੀ ਪੰਚਾਇਤ ਵੱਲੋਂ ਇਸ ਦੇ ਨਾਲ ਹੀ ਕਈ ਹੋਰ ਮਤੇ ਵੀ ਪਾਸ ਕੀਤੇ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਮਤਿਆਂ ਬਾਰੇ...
Energy Drink Ban : ਪੰਜਾਬ ਵਿੱਚ ਕਈ ਪਿੰਡਾਂ ਦੀਆਂ ਪੰਚਾਇਤਾਂ ਵੱਲੋਂ ਨਸ਼ੇ ਅਤੇ ਪਿੰਡ ਦੇ ਮੁੰਡੇ-ਕੁੜੀਆਂ ਦੇ ਆਪਸੀ ਵਿਆਹਾਂ ਨੂੰ ਲੈ ਕੇ ਮਤੇ ਪਾਸੇ ਜਾ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲੇ ਵਿੱਚ ਸੰਗਰੂਰ ਦੇ ਪਿੰਡ ਉਪਲੀ ਦੀ ਪੰਚਾਇਤ ਨੇ ਪਿੰਡ ਵਿੱਚ ਕਿਸੇ ਵੀ ਤਰ੍ਹਾਂ ਦੇ ਐਨਰਜ਼ੀ ਡਰਿੰਕ ਵੇਚਣ 'ਤੇ ਪਾਬੰਦੀ ਲਗਾਈ ਹੈ। ਪਿੰਡ ਦੀ ਪੰਚਾਇਤ ਵੱਲੋਂ ਇਸ ਦੇ ਨਾਲ ਹੀ ਕਈ ਹੋਰ ਮਤੇ ਵੀ ਪਾਸ ਕੀਤੇ ਗਏ ਹਨ।
ਕਿਉਂ ਪਾਇਆ ਗਿਆ ਮਤਾ ?
ਪੰਚਾਇਤ ਦਾ ਕਹਿਣਾ ਹੈ ਕਿ ਇਹ ਮਤੇ ਪਿੰਡ ਦੇ ਬੱਚਿਆਂ ਨੂੰ ਨਸ਼ੇ ਵਿੱਚ ਪੈਣ ਤੋਂ ਰੋਕਣ ਲਈ ਲਿਆ ਗਿਆ ਹੈ। ਇਸ ਸਬੰਧੀ ਪਿੰਡ ਦੇ ਸਾਰੇ ਐਂਟਰੀ ਪੁਆਇੰਟ ਉੱਪਰ ਵੱਡੀਆਂ-ਵੱਡੀਆਂ ਫਲੈਕਸਾਂ ਲਗਾ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਪਿੰਡ ਦੇ ਸਾਰੇ ਦੁਕਾਨਦਾਰਾਂ ਨੂੰ ਅੱਗੇ ਤੋਂ ਕੋਈ ਵੀ ਐਨਰਜੀ ਡਰਿੰਕ ਨਾ ਰੱਖਣ ਅਤੇ ਨਾ ਹੀ ਵੇਚਣ ਲਈ ਜਾ ਕੇ ਬੇਨਤੀ ਕੀਤੀ, ਕਿਉਂਕਿ ਫਿਰ ਦੁਕਾਨਦਾਰ ਦਾ ਸਮਾਜਿਕ ਬਾਇਕਾਟ ਕੀਤਾ ਜਾਵੇਗਾ।
ਪੰਚਾਇਤ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਦੁਕਾਨਦਾਰਾਂ ਨੇ ਵੀ ਉਨ੍ਹਾਂ ਦਾ ਸਾਥ ਦਿੰਦਿਆਂ ਕੋਈ ਐਨਰਜ਼ੀ ਡਰਿੰਕ ਨਾ ਵੇਚਣ ਬਾਰੇ ਕਿਹਾ ਹੈ।
ਪਿੰਡ ਦੇ ਹੀ ਮੁੰਡੇ-ਕੁੜੀਆਂ ਦੇ ਵਿਆਹ ਕਰਵਾਉਣ ਅਤੇ ਪਰਵਾਸੀਆਂ ਦੀ ਜਾਣਕਾਰੀ ਦੇਣ ਸਬੰਧੀ ਵੀ ਮਤੇ ਪਾਏ ਗਏ ਹਨ। ਆਓ ਜਾਣਦੇ ਹਾਂ ਇਨ੍ਹਾਂ ਮਤਿਆਂ ਬਾਰੇ...
- ਕੋਈ ਵੀ ਦੁਕਾਨਦਾਰ ਪਿੰਡ ਵਿੱਚ ਸਟਿੰਗ ਜਾਂ ਐਨਰਜੀ ਡਰਿੰਕ ਨਹੀਂ ਵੇਚੇਗਾ, ਨਹੀਂ ਤਾਂ ਉਸ ਦੁਕਾਨਦਾਰ ਦਾ ਪੰਚਾਇਤ ਤੇ ਨਗਰ ਵੱਲੋਂ ਸਮਾਜਿਕ ਬਾਈਕਾਟ ਕੀਤਾ ਜਾਵੇਗਾ।
- ਪਿੰਡ ਵਿੱਚੋਂ ਜੇਕਰ ਕੋਈ ਨਸ਼ਾ ਵੇਚਦਾ ਜਾਂ ਕਰਦਾ ਫੜਿਆ ਜਾਂਦਾ ਹੈ ਤਾਂ ਪਿੰਡ ਵਿੱਚੋਂ ਕੋਈ ਵੀ ਵਿਅਕਤੀ, ਨੰਬਰਦਾਰ ਜਾਂ ਪੰਚਾਇਤ ਮੈਂਬਰ ਉਸ ਦੀ ਜਮਾਨਤ ਜਾਂ ਗਵਾਹੀ ਦੇਣ ਨਹੀਂ ਜਾਵੇਗਾ ਅਤੇ ਨਾਂ ਹੀ ਪਿੱਛੇ ਛਡਾਉਣ ਜਾਵੇਗਾ, ਨਹੀਂ ਤਾਂ ਉਸ ਦੇ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- ਇਸ ਪਿੰਡ ਦਾ ਜਾਂ ਕਿਸੇ ਹੋਰ ਪਿੰਡ ਦਾ ਕੋਈ ਮੁੰਡਾ ਜੇਕਰ ਪਿੰਡ ਦੀ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਸਾਡੇ ਪਿੰਡ ਆਉਂਦਾ ਹੈ ਤਾਂ ਉਨ੍ਹਾਂ ਨੂੰ ਵੀ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ।
- ਜੇਕਰ ਪਿੰਡ ਵਿੱਚ ਕਿਸੇ ਦੇ ਘਰ ਕੋਈ ਪਰਵਾਸੀ ਰਹਿੰਦਾ ਹੈ ਤਾਂ ਮਕਾਨ ਮਾਲਕ ਦੀ ਜਿੰਮੇਵਾਰੀ ਹੋਵੇਗੀ ਕਿ ਉਸ ਪਰਵਾਸੀ ਦੀ ਪੁਲਿਸ ਵੈਰੀਫਿਕੇਸ਼ਨ ਕਰਵਾ ਕੇ ਇੱਕ ਕਾਪੀ ਪੰਚਾਇਤ ਨੂੰ ਦੇਵੇਗਾ। ਉਸ ਪ੍ਰਵਾਸੀ ਦਾ ਪੰਚਾਇਤ ਵੱਲੋਂ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ।
- ਜਾਇਦਾਦ ਦੇ ਖ੍ਰੀਦ/ਵੇਚ ਮਾਮਲੇ ਵਿੱਚ ਅਗਰ ਪੂਰੇ ਪਰਿਵਾਰ ਦੀ ਸਹਿਮਤੀ ਹੋਵੇਗੀ ਤਾਂ ਕੋਈ ਨੰਬਰਦਾਰ, ਪੰਚਾਇਤ ਮੈਂਬਰ ਜਾਂ ਹੋਰ ਵਿਅਕਤੀ ਗਵਾਹੀ ਦੇ ਸਕਦਾ ਹੈ, ਅਗਰ ਪਰਿਵਾਰ ਦੀ ਸਹਿਮਤੀ ਨਹੀਂ ਹੈ ਤਾਂ ਕੋਈ ਗਵਾਹੀ ਦੇਣ ਨਾਂ ਜਾਵੇ।
- ਪਿੰਡ ਵਿੱਚ ਖੁਸ਼ੀ ਆਦਿ ਦੇ ਮੌਕੇ ਤੇ ਜੋ ਡੀ.ਜੇ. ਲਾਇਆ ਜਾਂਦਾ ਹੈ, ਉਸ ਦਾ ਸਮਾਂ ਡੀ.ਸੀ. ਸਾਹਿਬ ਵੱਲੋਂ ਰਾਤ ਦੇ 10.00 ਵਜੇ ਤੱਕ ਦਾ ਰੱਖਿਆ ਗਿਆ ਹੈ ਜਿਹੜਾ ਇਸ ਦੀ ਉਲੰਘਣਾ ਕਰੇਗਾ ਉਸ ਤੇ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- ਜੋ ਵਿਅਕਤੀ ਟਰੈਕਟਰ ਤੇ ਡੈਕ ਲਾਉਂਦੇ ਹਨ, ਉਨ੍ਹਾਂ ਨੂੰ ਹਦਾਇਤ ਹੈ ਕਿ ਪਿੰਡ ਦੀ ਜੂਹ ਭਾਵ ਫਿਰਨੀ ਆਦਿ ਦੇ ਅੰਦਰ ਨਾ ਜਾਵੇ, ਉਲੰਘਣਾ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- ਜੇਕਰ ਕੋਈ ਮੋਟਰਸਾਈਕਲਾਂ ਦੇ ਪਟਾਕੇ ਪਾਉਂਦਾ ਹੈ ਜਾਂ ਵੱਡੇ-ਵੱਡੇ ਹਾਰਨ ਲਾਉਂਦਾ ਹੈ ਤਾਂ ਉਸ ਉੱਪਰ ਪੰਚਾਇਤ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
- ਪਿੰਡ ਦੇ ਕਿਸੇ ਵੀ ਮੈਡੀਕਲ ਹਾਲ ਵੱਲੋਂ ਕੋਈ ਵੀ ਟੀਕਾ (ਸਰਿੰਜ) ਕਿਸੇ ਵੀ ਵਿਅਕਤੀ ਨੂੰ ਨਾਂ ਦਿੱਤਾ ਜਾਵੇਗਾ, ਉਲੰਘਣਾ ਕਰਨ ਵਾਲੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।