ਬਠਿੰਡਾ-ਮਾਨਸਾ ਰੋਡ ਤੇ ਆਈ.ਟੀ.ਆਈ. ਨੇੜੇ ਸੂਏ ਚ 40 ਫੁੱਟ ਤੱਕ ਪਿਆ ਪਾੜ, ਪਾਣੀ ਦੇ ਤੇਜ਼ ਵਹਾਅ ਨੇ ਵਧਾਈ ਚਿੰਤਾ

Bathinda Canal Breach : ਹਾਲਾਤ ਇੰਨੇ ਗੰਭੀਰ ਬਣ ਚੁੱਕੇ ਹਨ ਕਿ ਸੂਏ ਦੇ ਦੂਜੇ ਕਿਨਾਰੇ 'ਤੇ ਵੀ ਵੱਡੀਆਂ ਤਰੇੜਾਂ ਨਜ਼ਰ ਆ ਰਹੀਆਂ ਹਨ, ਜਿਸ ਨਾਲ ਹੋਰ ਵੱਡਾ ਪਾੜ ਪੈਣ ਅਤੇ ਨੁਕਸਾਨ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

By  KRISHAN KUMAR SHARMA June 21st 2026 02:34 PM -- Updated: June 21st 2026 02:36 PM

Bathinda : ਬਠਿੰਡਾ-ਮਾਨਸਾ ਰੋਡ ਸਥਿਤ ਆਈ.ਟੀ.ਆਈ. ਨੇੜੇ ਲੰਘਦੇ ਸੂਏ ਵਿੱਚ ਕਰੀਬ 30 ਤੋਂ 40 ਫੁੱਟ ਤੱਕ ਦਾ ਵੱਡਾ ਪਾੜ ਪੈ ਜਾਣ ਕਾਰਨ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਸੂਏ ਦੀ ਕੰਧ ਟੁੱਟਣ ਨਾਲ ਪਾਣੀ ਤੇਜ਼ ਰਫ਼ਤਾਰ ਨਾਲ ਬਾਹਰ ਨਿਕਲ ਰਿਹਾ ਹੈ, ਜਿਸ ਕਾਰਨ ਆਲੇ-ਦੁਆਲੇ ਦੇ ਖੇਤਰਾਂ ਵਿੱਚ ਪਾਣੀ ਫੈਲਣ ਦਾ ਖ਼ਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ। (Bathinda Canal Breach)

ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ, ਪਾਣੀ ਦੇ ਭਾਰੀ ਦਬਾਅ ਕਾਰਨ ਸੂਏ ਦੇ ਕਿਨਾਰਿਆਂ ਨੂੰ ਮਜ਼ਬੂਤ ਕਰਨ ਲਈ ਲਗਾਏ ਗਏ ਮਿੱਟੀ ਦੇ ਬੰਨ੍ਹ ਅਤੇ ਬੋਰਿਆਂ ਦੀਆਂ ਰੋਕਾਂ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਹਨ। ਹਾਲਾਤ ਇੰਨੇ ਗੰਭੀਰ ਬਣ ਚੁੱਕੇ ਹਨ ਕਿ ਸੂਏ ਦੇ ਦੂਜੇ ਕਿਨਾਰੇ 'ਤੇ ਵੀ ਵੱਡੀਆਂ ਤਰੇੜਾਂ ਨਜ਼ਰ ਆ ਰਹੀਆਂ ਹਨ, ਜਿਸ ਨਾਲ ਹੋਰ ਵੱਡਾ ਪਾੜ ਪੈਣ ਅਤੇ ਨੁਕਸਾਨ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਗੰਭੀਰ ਸਥਿਤੀ ਬਾਰੇ ਸੰਬੰਧਿਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਸਮੇਂ ਸਿਰ ਜਾਣੂ ਕਰਵਾ ਦਿੱਤਾ ਗਿਆ ਸੀ, ਪਰ ਇਸ ਦੇ ਬਾਵਜੂਦ ਮੌਕੇ 'ਤੇ ਲੋੜੀਂਦੇ ਪ੍ਰਬੰਧ ਜਾਂ ਪੱਕੀ ਕਾਰਵਾਈ ਨਹੀਂ ਕੀਤੀ ਗਈ। ਲੋਕਾਂ ਦਾ ਦੋਸ਼ ਹੈ ਕਿ ਜੇਕਰ ਸਮੇਂ ਸਿਰ ਸੂਏ ਦੀ ਮੁਰੰਮਤ ਕੀਤੀ ਜਾਂਦੀ ਤਾਂ ਅੱਜ ਇਹ ਹਾਲਾਤ ਪੈਦਾ ਨਾ ਹੁੰਦੇ।

ਪਾਣੀ ਦੇ ਤੇਜ਼ ਵਹਾਅ ਕਾਰਨ ਲੋਕਾਂ 'ਚ ਡਰ ਦਾ ਮਾਹੌਲ

ਇਲਾਕਾ ਵਾਸੀਆਂ ਵਿੱਚ ਇਸ ਘਟਨਾ ਨੂੰ ਲੈ ਕੇ ਡਰ ਅਤੇ ਚਿੰਤਾ ਦਾ ਮਾਹੌਲ ਹੈ। ਲੋਕਾਂ ਨੂੰ ਖ਼ਦਸ਼ਾ ਹੈ ਕਿ ਜੇਕਰ ਪਾਣੀ ਦੇ ਵਹਾਅ ਨੂੰ ਤੁਰੰਤ ਕਾਬੂ ਨਾ ਕੀਤਾ ਗਿਆ ਤਾਂ ਨੇੜਲੇ ਖੇਤਰਾਂ, ਖੇਤੀਬਾੜੀ ਜ਼ਮੀਨਾਂ ਅਤੇ ਰਿਹਾਇਸ਼ੀ ਇਲਾਕਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਸਕਦਾ ਹੈ।

ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਤੋਂ ਮੰਗ ਕੀਤੀ ਹੈ ਕਿ ਜੰਗੀ ਪੱਧਰ 'ਤੇ ਰਾਹਤ ਅਤੇ ਮੁਰੰਮਤ ਕਾਰਜ ਸ਼ੁਰੂ ਕਰਕੇ ਸਥਿਤੀ ਨੂੰ ਕਾਬੂ ਕੀਤਾ ਜਾਵੇ, ਤਾਂ ਜੋ ਕਿਸੇ ਵੱਡੇ ਨੁਕਸਾਨ ਤੋਂ ਬਚਿਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੇ ਇਸ ਮਾਮਲੇ ਵਿੱਚ ਲਾਪਰਵਾਹੀ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਵੀ ਮੰਗ ਕੀਤੀ ਹੈ।

Related Post