ਵਿਵਾਦਾਂ ਚ ਘਿਰਿਆ ਬਠਿੰਡਾ ਚ ਨਿੱਜੀ ਹਸਪਤਾਲ, ਇਲਾਜ ਬਹਾਨੇ ਲੱਖਾਂ ਰੁਪਏ ਦੀ ਲੁੱਟ ਦੇ ਇਲਜ਼ਾਮ

By  KRISHAN KUMAR SHARMA December 22nd 2023 12:55 PM

ਬਠਿੰਡਾ: ਸ਼ਹਿਰ ਦੇ ਇੱਕ ਨਿੱਜੀ ਕੈਂਸਰ ਹਸਪਤਾਲ 'ਤੇ ਬਿਨਾਂ ਬਿਮਾਰੀ ਕੈਂਸਰ ਦਾ ਇਲਾਜ ਕਰਨ ਦੇ ਬਹਾਨੇ ਲੱਖਾਂ ਰੁਪਏ ਦੀ ਲੁੱਟ ਕਰਨ ਦਾ ਗੰਭੀਰ ਦੋਸ਼ ਲੱਗੇ ਹਨ। ਪੀੜਤ ਪਰਿਵਾਰ ਨੇ ਕਿਸਾਨਾਂ ਦੀ ਮਦਦ ਨਾਲ ਹਸਪਤਾਲ ਦੇ ਬਾਹਰ ਧਰਨਾ ਲਗਾ ਕੇ ਇਨਸਾਫ ਦੀ ਮੰਗ ਕੀਤੀ ਹੈ, ਜਦੋਂ ਕਿ ਦੂਜੇ ਪਾਸੇ ਹਸਪਤਾਲ ਦੇ ਪ੍ਰਬੰਧਕ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਹੀ ਇਲਾਜ ਕਰਨ ਦੀ ਗੱਲ ਕਰ ਰਹੇ ਹਨ।

ਪੀੜਤਾਂ ਵੱਲੋਂ ਹਸਪਤਾਲ 'ਤੇ ਲਾਏ ਜਾ ਰਹੇ ਦੋਸ਼

ਹਸਪਤਾਲ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਦੋਸ਼ ਹੈ ਕਿ ਹਸਪਤਾਲ ਵੱਲੋਂ ਲੋਕਾਂ ਨੂੰ ਕੈਂਸਰ ਦੇ ਨਾਮ 'ਤੇ ਲੁੱਟਿਆ ਜਾ ਰਿਹਾ ਹੈ। ਹਸਪਤਾਲ ਅੱਗੇ ਬੈਠੇ ਪੀੜਤ ਜਸਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਭੂਸ਼ਣ ਸਿੰਘ ਦੇ ਸੈੱਲ ਘਟਣ ਕਾਰਨ 6 ਮਹੀਨੇ ਪਹਿਲਾਂ ਉਹ ਇੱਥੇ ਇਲਾਜ ਕਰਾਉਣ ਲਈ ਆਪਣੇ ਪੁੱਤਰ ਨੂੰ ਲੈ ਕੇ ਆਇਆ, ਪਰ ਜਦੋਂ ਡਾਕਟਰ ਵੱਲੋਂ ਟੈਸਟ ਕਰਵਾ ਕੇ ਉਨ੍ਹਾਂ ਨੂੰ ਦੱਸਿਆ ਗਿਆ ਕਿ ਉਸਦੇ ਪੁੱਤਰ ਨੂੰ ਬਲੱਡ ਕੈਂਸਰ ਹੈ ਤਾਂ ਉਸਦੇ ਪੈਰਾਂ ਥੱਲੋਂ ਜਮੀਨ ਖਿਸਕ ਗਈ।

ਬਿਨਾਂ ਬਿਮਾਰੀ ਕਰਦੇ ਰਹੇ ਇਲਾਜ : ਪੀੜਤ

ਪੀੜਤ ਨੇ ਦੱਸਿਆ ਕਿ ਉਨ੍ਹਾਂ ਨੂੰ ਡਾਕਟਰ ਨੇ ਕਿਹਾ ਕਿ ਤੁਹਾਡਾ ਇਲਾਜ ਆਯੁਸ਼ਮਾਨ ਕਾਰਡ ਵਿੱਚ ਕਰ ਦਿੱਤਾ ਜਾਵੇਗਾ। ਪਰ ਟੈਸਟਾਂ ਦਾ 60-70 ਹਜ਼ਾਰ ਖਰਚਾ ਆਵੇਗਾ, ਜਿਸ ਲਈ ਉਹ ਇਲਾਜ ਕਰਾਉਣ ਲਈ ਤਿਆਰ ਹੋ ਗਏ। ਉਨ੍ਹਾਂ ਇਲਜ਼ਾਮ ਲਾਇਆ ਕਿ ਇਲਾਜ ਤੋਂ ਬਾਅਦ ਵੀ ਲਗਾਤਾਰ ਪੈਸੇ ਲਏ ਗਏ, ਜੋ ਕਿ ਕਰੀਬ 6 ਲੱਖ ਰੁਪਏ ਨਗਦ ਲੈ ਲਏ। ਪੀੜਤ ਜਸਵਿੰਦਰ ਪਾਲ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਇਲਾਜ ਵੀ ਕਰਵਾ ਲਿਆ, ਪਰ ਫਿਰ ਵੀ ਉਸ ਦਾ ਮੁੰਡਾ ਠੀਕ ਨਹੀਂ ਹੋਇਆ, ਜਦੋਂ ਅਖੀਰ ਉਹ ਆਪਣੇ ਪੁੱਤਰ ਨੂੰ ਪੀਜੀਆਈ ਲੈ ਕੇ ਗਏ ਤਾਂ ਪਤਾ ਲੱਗਿਆ ਕਿ ਉਸ ਨੂੰ ਕੋਈ ਕੈਂਸਰ ਨਹੀਂ ਹੈ।

ਪੀੜਤਾਂ ਦਾ ਕਹਿਣਾ ਹੈ ਕਿ ਡਾਕਟਰ ਨੇ ਉਨ੍ਹਾਂ ਦੀ ਲੁੱਟ ਕੀਤੀ ਹੈ, ਉਹ ਪੈਸੇ ਵਾਪਸ ਕੀਤੇ ਜਾਣ ਅਤੇ ਡਾਕਟਰ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਜਾਵੇ। ਉਨ੍ਹਾਂ ਚੇਤਾਵਨੀ ਦਿੱਤੀ ਕਿ ਓਨਾ ਸਮਾਂ ਇਥੇ ਸੰਘਰਸ਼ ਜਾਰੀ ਰਵੇਗਾ, ਜਿੰਨਾ ਸਮਾਂ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ।

ਦੋਸ਼ੀ ਪਾਏ ਗਏ ਤਾਂ ਸਜ਼ਾ ਭੁਗਤਣ ਲਈ ਤਿਆਰ ਹਾਂ: ਡਾਕਟਰ

ਦੂਜੇ ਪਾਸੇ ਬੱਚੇ ਦਾ ਇਲਾਜ ਕਰ ਰਹੇ ਹਸਪਤਾਲ ਦੇ ਡਾਕਟਰ ਅਨੁਜ ਬਾਂਸਲ ਨੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਦੱਸਿਆ ਕਿ ਬੱਚੇ ਦੀਆਂ ਰਿਪੋਰਟਾਂ ਉਨ੍ਹਾਂ ਦੇ ਹਸਪਤਾਲ ਤੋਂ ਇਲਾਵਾ ਦਿੱਲੀ ਤੋਂ ਵੀ ਕਰਵਾਈਆਂ ਗਈਆਂ ਸਨ ਪਰ ਉਨ੍ਹਾਂ ਦੇ ਇਲਾਜ ਨਾਲ ਬੱਚਾ ਠੀਕ ਹੋਇਆ ਹੈ। ਡਾਕਟਰ ਨੇ ਕਿਹਾ ਕਿ ਉਹ ਹਰ ਜਾਂਚ ਲਈ ਤਿਆਰ ਹਨ। ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਹਰ ਜੁਰਮਾਨਾ ਤੇ ਸਜਾ ਭੁਗਤਨ ਲਈ ਵੀ ਤਿਆਰ ਹਨ।

Related Post