Bikram Singh Majithia ਨੂੰ ਆਮਦਨ ਤੋਂ ਵੱਧ ਮਾਮਲੇ ਚ ਜ਼ਮਾਨਤ, ਸੱਚਾਈ ਦੀ ਜਿੱਤ ਹੋਈ : ਸ਼੍ਰੋਮਣੀ ਅਕਾਲੀ ਦਲ
Shiromani Akali Dal : ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਪ ਸਰਕਾਰ ਨੇ ਬਿਕਰਮ ਮਜੀਠੀਆ ਨੂੰ ਇਕ ਝੂਠੇ ਕੇਸ ਵਿਚ ਜੇਲ੍ਹ ਵਿਚ ਬੰਦ ਰੱਖਣ ਵਾਸਤੇ ਪੂਰੀ ਵਾਹ ਲਗਾਈ ਪਰ ਸਰਵਉਚ ਅਦਾਲਤ ਵਿਚ ਸਰਕਾਰ ਆਪਣੇ ਝੂਠ ਦੀ ਪੈਰਵੀ ਨਹੀਂ ਕਰ ਸਕੀ।
Bikram Singh Majithia : ਸ਼੍ਰੋਮਣੀ ਅਕਾਲੀ ਦਲ (Shiromani Akali Dal) ਨੇ ਸੁਪਰੀਮ ਕੋਰਟ ਵੱਲੋਂ ਆਮਦਨ ਤੋਂ ਵੱਧ ਮਾਮਲੇ ਵਿਚ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇਣ ਦਾ ਸਵਾਗਤ ਕਰਦਿਆਂ ਅੱਜ ਕਿਹਾ ਕਿ ਸੱਚਾਈ ਦੀ ਜਿੱਤ ਹੋਈ ਹੈ ਅਤੇ ਆਮ ਆਦਮੀ ਪਾਰਟੀ (AAP) ਅਤੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅਕਾਲੀ ਆਗੂ ਦੇ ਖਿਲਾਫ ਵਿੱਢੀ ਸਿਆਸੀ ਬਦਲਾਖੋਰੀ ਬੇਨਕਾਬ ਹੋ ਗਈ ਹੈ।
ਸੀਨੀਅਰ ਆਗੂਆਂ ਡਾ. ਦਲਜੀਤ ਸਿੰਘ ਚੀਮਾ ਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਆਪ ਸਰਕਾਰ ਨੇ ਮਜੀਠੀਆ ਨੂੰ ਇਕ ਝੂਠੇ ਕੇਸ ਵਿਚ ਜੇਲ੍ਹ ਵਿਚ ਬੰਦ ਰੱਖਣ ਵਾਸਤੇ ਪੂਰੀ ਵਾਹ ਲਗਾਈ ਪਰ ਸਰਵਉਚ ਅਦਾਲਤ ਵਿਚ ਸਰਕਾਰ ਆਪਣੇ ਝੂਠ ਦੀ ਪੈਰਵੀ ਨਹੀਂ ਕਰ ਸਕੀ।
ਅਕਾਲੀ ਆਗੂਆਂ ਨੇ ਕਿਹਾ ਕਿ ਇਹ ਹੁਣ ਸਪਸ਼ਟ ਹੋ ਗਿਆ ਹੈ ਕਿ ਆਪ ਸਰਕਾਰ ਅਕਾਲੀ ਆਗੂ ਖਿਲਾਫ ਦਰਜ ਕੀਤੇ ਝੂਠੇ ਨਸ਼ਿਆਂ ਦੇ ਕੇਸ ਵਿਚ ’ਚਲਾਨ’ ਪੇਸ਼ ਕਰਨ ਵਿਚ ਅਸਫਲ ਰਹੀ ਅਤੇ ਜਦੋਂ ਸੁਪਰੀਮ ਕੋਰਟ ਨੇ ਸਰਦਾਰ ਮਜੀਠੀਆ ਨੂੰ ਜ਼ਮਾਨਤ ਦੇਣ ਖਿਲਾਫ ਦਾਇਰ ਵਿਸ਼ੇਸ਼ ਲੀਵ ਪਟੀਸ਼ਨ ਰੱਦ ਕਰ ਦਿੱਤੀ ਤਾਂ ਸਰਕਾਰ ਨੇ ਅਕਾਲੀ ਆਗੂ ਨੂੰ ਆਮਦਨ ਨਾਲੋਂ ਵੱਧ ਜਾਇਦਾਦ (ਡੀ ਏ) ਦੇ ਝੂਠੇ ਕੇਸ ਵਿਚ ਫਸਾਉਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਇਸ ਕੇਸ ਦਾ ਵੀ ਉਹੋ ਨਤੀਜਾ ਹੋਵੇਗਾ ਜਿਹੜਾ ਪਹਿਲਾਂ ਸਰਦਾਰ ਮਜੀਠੀਆ ਖਿਲਾਫ ਦਰਜ ਝੂਠੇ ਨਸ਼ਿਆਂ ਦੇ ਕੇਸ ਦਾ ਹੋਇਆ ਹੈ।
ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਨੇ ਸਰਦਾਰ ਮਜੀਠੀਆ ਦੀ ਆਵਾਜ਼ ਬੰਦ ਕਰਵਾਉਣ ਵਾਸਤੇ ਉਹਨਾਂ ਖਿਲਾਫ ਝੂਠਾ ਕੇਸ ਦਰਜ ਕੀਤਾ ਕਿਉਂਕਿ ਸਰਦਾਰ ਮਜੀਠੀਆ ਸਰਕਾਰ ਦੀਆਂ ਗਲਤ ਨੀਤੀਆਂ ਦੀ ਹਮੇਸ਼ਾ ਨਿਖੇਧੀ ਕਰਦੇ ਰਹਿੰਦੇ ਸਨ ਅਤੇ ਲੋਕਾਂ ਦੇ ਹੱਕਾਂ ਦੀ ਗੱਲ ਕਰਦੇ ਸਨ। ਉਹਨਾਂ ਕਿਹਾ ਕਿ ਅਜਿਹਾ ਕਰਦਿਆਂ ਸਰਦਾਰ ਨੇ ਸਰਦਾਰ ਮਜੀਠੀਆ ਦੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਕੀਤੀ। ਉਹਨਾਂ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਕੇ ਵਿਰੋਧੀ ਨੂੰ ਝੂਠੇ ਸਿਆਸੀ ਤੌਰ ’ਤੇ ਪ੍ਰੇਰਿਤ ਕੇਸਾਂ ਵਿਚ ਫਸਾਉਣ ਦਾ ਪੰਜਾਬੀ ਆਪ ਸਰਕਾਰ ਨੂੰ ਠੋਕਵਾਂ ਜਵਾਬ ਦੇਣਗੇ।