Punjab Politics : ਪੰਜਾਬ ਨੂੰ ਦਿੱਲੀ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਕੀਤਾ ਜਾ ਰਿਹਾ ਵਿਰੋਧੀਆਂ ਦਾ ਕੇਜਰੀਵਾਲ ਨੂੰ ਲੈ ਕੇ CM ਮਾਨ ਤੇ ਤੰਜ

Ludhiana West Byelection News : ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਟਿਕਟ ਦੀ ਅਸਲ ਦਾਅਵੇਦਾਰ ਗੋਗੀ ਦੀ ਧਰਮਪਤਨੀ ਦੀ ਬਣਦੀ ਸੀ, ਪਰ ਆਮ ਆਦਮੀ ਪਾਰਟੀ ਨੇ ਧੱਕਾ ਕਰਕੇ ਹੋਏ ਸੀਟ ਖੋਹ ਕੇ ਸੰਜੀਵ ਅਰੋੜਾ ਨੂੰ ਦਿੱਤੀ ਹੈ ਅਤੇ ਅਸਲ ਨਿਸ਼ਾਨਾ ਕੇਜਰੀਵਾਲ ਲਈ ਰਾਜ ਸਭਾ ਸੀਟ ਖਾਲੀ ਕਰਵਾਉਣਾ ਨਿਸ਼ਾਨਾ ਹੈ।

By  KRISHAN KUMAR SHARMA February 26th 2025 01:38 PM -- Updated: February 26th 2025 04:21 PM

Ludhiana West Byelection News : ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ (MP Sanjeev Arora) ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨ ਦਿੱਤਾ ਹੈ, ਜਿਸ ਨੂੰ ਲੈ ਕੇ ਵਿਰੋਧੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ 'ਤੇ ਨਿਸ਼ਾਨਾ ਸੇਧਿਆ ਜਾ ਰਿਹਾ ਹੈ ਕਿ ਇਹ ਸਭ ਕੁੱਝ 'ਆਪ' ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਾਤਰ ਕੀਤਾ ਜਾ ਰਿਹਾ ਹੈ ਅਤੇ ਕੇਜਰੀਵਾਲ ਨੂੰ ਰਾਜ ਸਭਾ ਦੇ ਦਰਵਾਜ਼ੇ ਵੀਆਈਪੀ ਬਣਾ ਕੇ ਰੱਖਣਾ ਹੈ।

ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਉਣ 'ਤੇ ਵਿਰੋਧੀ ਪਾਰਟੀਆਂ ਦਾ ਕਹਿਣਾ ਹੈ ਕਿ ਇਹ ਟਿਕਟ ਦੀ ਅਸਲ ਦਾਅਵੇਦਾਰ ਗੋਗੀ ਦੀ ਧਰਮਪਤਨੀ ਦੀ ਬਣਦੀ ਸੀ, ਪਰ ਆਮ ਆਦਮੀ ਪਾਰਟੀ ਨੇ ਧੱਕਾ ਕਰਕੇ ਹੋਏ ਸੀਟ ਖੋਹ ਕੇ ਸੰਜੀਵ ਅਰੋੜਾ ਨੂੰ ਦਿੱਤੀ ਹੈ ਅਤੇ ਅਸਲ ਨਿਸ਼ਾਨਾ ਕੇਜਰੀਵਾਲ ਲਈ ਰਾਜ ਸਭਾ ਸੀਟ ਖਾਲੀ ਕਰਵਾਉਣਾ ਨਿਸ਼ਾਨਾ ਹੈ। ਦੱਸ ਦਈਏ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਦੀ ਸੀਟ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਪ੍ਰੀਤ ਸਿੰਘ ਗੋਗੀ ਦੇ ਦਿਹਾਂਤ ਤੋਂ ਬਾਅਦ ਖਾਲੀ ਸੀ, ਜਿਸ 'ਤੇ ਚੋਣ ਹੋਣੀ ਹੈ। ਹਾਲਾਂਕਿ, ਇਸ 'ਤੇ ਵਿਧਾਇਕ ਅਸ਼ੋਕ ਕੁਮਾਰ ਪੱਪੀ ਪਰਾਸ਼ਰ ਨੇ ਕਿਹਾ ਹੈ ਕਿ ਉਹ ਗੋਗੀ ਦੀ ਧਰਮਪਤਨੀ ਨੂੰ ਕਿਸੇ ਹੋਰ ਥਾਂ 'ਤੇ ਅਡਜਸਟ ਕਰਨਗੇ, ਪਰ ਇਹ ਤਾਂ ਹੁਣ ਬਾਅਦ 'ਚ ਹੀ ਪਤਾ ਲੱਗੇਗਾ। 

''ਪੰਜਾਬ ਨੂੰ ਦਿੱਲੀ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਕੀਤਾ ਜਾ ਰਿਹਾ''

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਸੰਜੀਵ ਅਰੋੜਾ ਨੂੰ ਉਮੀਦਵਾਰ ਬਣਾਏ ਜਾਣ 'ਤੇ ਆਪਣੇ ਟਵਿੱਟਰ ਅਕਾਊਂਟ ਐਕਸ ਰਾਹੀਂ ਨਿਸ਼ਾਨਾ ਲਾਉਂਦੇ ਕਿਹਾ, ''ਅਰਵਿੰਦ ਕੇਜਰੀਵਾਲ ਦੀ ਸੱਤਾ ਲਈ ਲਾਲਸਾ ਬੇਨਕਾਬ ਹੋ ਗਈ ਹੈ। ਆਮ ਆਦਮੀ ਪਾਰਟੀ ਨੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਤੋਂ ਉਮੀਦਵਾਰ ਬਣਾ ਦਿੱਤਾ ਹੈ।


ਹੁਣ ਉਹਨਾਂ ਦੀ ਰਾਜ ਸਭਾ ਸੀਟ ਖਾਲੀ ਕਰਵਾ ਕੇ ਅਰਵਿੰਦ ਕੇਜਰੀਵਾਲ ਜਾਂ ਮਨੀਸ਼ ਸਿਸੋਦੀਆ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਾਇਆ ਜਾਵੇਗਾ? ਇਕ ਵਾਰ ਫਿਰ ਪੰਜਾਬ ਨੂੰ ਦਿੱਲੀ ਵਾਸਤੇ ਕੁਰਬਾਨੀ ਦੇਣ ਲਈ ਤਿਆਰ ਕੀਤਾ ਜਾ ਰਿਹਾ।ਦਿੱਲੀ ਦੀ ਅਧੀਨਗੀ ਪੰਜਾਬ ਨੂੰ ਬਰਬਾਦ ਕਰ ਰਹੀ ਹੈ ਪਰ ਭਗਵੰਤ ਮਾਨ ਜੀ ਕਹਿੰਦੇ ਕੋਈ ਗੱਲ ਨਹੀਂ। ਦਿੱਲੀ ਵਾਲੇ ਖੁਸ਼ ਹੋਣੇ ਚਾਹੀਦੇ ਹਨ। ਪੰਜਾਬ ਦਾ ਕੀ ਐ।''

ਮਜੀਠੀਆ ਨੇ ਕਿਹਾ ਕਿ ਮੌਜੂਦਾ ਰਾਜ ਸਭਾ ਐਮ ਪੀ ਸੰਜੀਵ ਅਰੋੜਾ ਨੂੰ ਪਾਰਟੀ ਨੇ ਲੁਧਿਆਣਾ ਪੱਛਮੀ ਹਲਕੇ ਤੋਂ ਪਾਰਟੀ ਉਮੀਦਵਾਰ ਬਣਾਇਆ ਹੈ ਤਾਂ ਜੋ ਕੇਜਰੀਵਾਲ ਦਾ ਰਾਜ ਸਭਾ ਵਿਚ ਦਾਖਲਾ ਯਕੀਨੀ ਬਣਾਇਆ ਜਾ ਸਕੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਪੂਰੀ ਧੱਕੇਸ਼ਾਹੀ ਕਰ ਕੇ ਸੰਜੀਵ ਅਰੋੜਾ ਨੂੰ ਵਿਧਾਨ ਸਭਾ ਲਈ ਚੁਣ ਲਿਆ ਜਾਵੇ ਤਾਂ ਜੋ  ਸੂਬੇ ਤੋਂ ਰਾਜ ਸਭਾ ਦੀ ਇਕ ਸੀਟ ਖਾਲੀ ਹੋ ਜਾਵੇ। ਉਹਨਾਂ ਕਿਹਾ ਕਿ ਕੇਜਰੀਵਾਲ ਇਸ ਨਾਲ ਦੂਹਰਾ ਫਾਇਦਾ ਲੈਣਾ ਚਾਹੁੰਦੇ ਹਨ। ਇਕ ਤਾਂ ਕੌਮੀ ਰਾਜਧਾਨੀ ਵਿਚ ਉਹਨਾਂ ਨੂੰ ਆਪਣੇ ਨਾਂ ’ਤੇ ਸਰਕਾਰੀ ਬੰਗਲਾ ਮਿਲ ਜਾਵੇਗਾ ਅਤੇ ਐਮ ਪੀ ਵਜੋਂ ਤਨਖਾਹਾਂ, ਭੱਤੇ ਤੇ ਸੱਤਾ ਦਾ ਲਾਭ ਮਿਲੇਗਾ।

"ਚਿਹਰਾ ਭਗਵੰਤ ਮਾਨ ਦਾ ਹੋਵੇਗਾ, ਪਰ ਕੰਟਰੋਲ ਕੇਜਰੀਵਾਲ ਦਾ ਹੋਵੇਗਾ"

ਅਰਵਿੰਦ ਕੇਜਰੀਵਾਲ ਵੱਲੋਂ ਬਣਾਈ ਯੋਜਨਾ ਅਨੁਸਾਰ ਕੰਮ ਸ਼ੁਰੂ ਹੋ ਗਿਆ ਹੈ। ਜੇ ਕੇਜਰੀਵਾਲ ਰਾਜ ਸਭਾ ਮੈਂਬਰ ਬਣ ਜਾਂਦਾ ਹੈ ਤਾਂ ਉਹ “ਅੰਡਰਕਵਰ ਮੁੱਖ ਮੰਤਰੀ” ਬਣ ਕੇ ਪੰਜਾਬ ਨੂੰ ਕੰਟਰੋਲ ਕਰੇਗਾ। ਚਿਹਰਾ ਭਗਵੰਤ ਮਾਨ ਦਾ ਹੋਵੇਗਾ, ਪਰ ਕੰਟਰੋਲ ਕੇਜਰੀਵਾਲ ਦਾ ਹੋਵੇਗਾ। ਇਸ ਤੋਂ ਬਾਅਦ ਦਿੱਲੀ ਦੇ ਲੋਕ ਅਜਿਹੀ ਸਥਿਤੀ ਪੈਦਾ ਕਰਨਗੇ ਕਿ ਭਗਵੰਤ ਮਾਨ ਸਾਹਬ ਨੂੰ ਕਿਸੇ ਨਾ ਕਿਸੇ ਬਹਾਨੇ ਹਟਾ ਦਿੱਤਾ ਜਾਵੇਗਾ ਅਤੇ ਅਰਵਿੰਦ ਕੇਜਰੀਵਾਲ ਖੁਦ ਮੁੱਖ ਮੰਤਰੀ ਬਣ ਜਾਣਗੇ।

ਕੀ ਕੇਜਰੀਵਾਲ ਦਿੱਲੀ ਵਿੱਚ ਸਰਕਾਰੀ ਬੰਗਲਾ ਚਾਹੁੰਦਾ ਹੈ : ਬਿੱਟੂ

ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਅਰੋੜਾ ਦੀ ਉਮੀਦਵਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ 'ਤੇ ਸਵਾਲ ਖੜੇ ਕੀਤੇ ਹਨ। ਉਨ੍ਹਾਂ ਕਿਹਾ ਕਿ ਆਪ ਦੇ ਮੌਜੂਦਾ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਅਚਾਨਕ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਕਿਉਂ ਲੜ ਰਹੇ ਹਨ? ਕੀ ਅਰਵਿੰਦ ਕੇਜਰੀਵਾਲ ਰਾਜ ਸਭਾ ਵਿੱਚ ਆਪਣੀ ਐਂਟਰੀ ਦੀ ਸਾਜ਼ਿਸ਼ ਰਚ ਰਿਹਾ ਹੈ? ਕੀ ਉਹ ਦਿੱਲੀ ਵਿੱਚ ਸਰਕਾਰੀ ਬੰਗਲਾ ਚਾਹੁੰਦਾ ਹੈ? ਉਹ ਆਦਮੀ ਆਪਣੀ ਤਾਨਾਸ਼ਾਹੀ ਬਣਾਈ ਰੱਖਣ ਲਈ ਕਿਸੇ ਵੀ ਹੱਦ ਤੱਕ ਜਾਵੇਗਾ। ਲਾਲਚ ਦੀ ਕੋਈ ਸੀਮਾ ਨਹੀਂ ਹੁੰਦੀ!

Related Post