ਜਨਮ ਦਿਹਾੜਾ: ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ

By  Jasmeet Singh February 12th 2024 06:00 AM

ਗੁਰੂ ਨਾਨਕ ਪਾਤਸ਼ਾਹ ਦੁਆਰਾ ਸਾਜਿਆ ਸਿੱਖ ਧਰਮ ਅਤੇ ਇਸ ਧਰਮ ਦੇ ਪਵਿੱਤਰ ਸਿਧਾਤਾਂ ਤੇ ਸਿਰਜੀ ਕੋਮੀਅਤ ਨੂੰ ਖਾਲਸਾ ਪੰਥ ਦਾ ਨਾਮ ਦਿੱਤਾ ਗਿਆ। ਉਹ ਸਿਧਾਂਤ ਜੋ ਮਨੁੱਖੀ ਏਕਤਾ ਅਤੇ ਆਜ਼ਾਦੀ ਦੀ ਗੱਲ ਕਰਦੇ ਹਨ। ਕੇਵਲ ਗੱਲ ਹੀ ਨਹੀਂ ਕਰਦੇ ਸਗੋਂ ਮਾਨਵ ਸਨਮਾਣ ਅਤੇ ਧਰਮ ਸਿਧਾਤਾਂ ਦੀ ਰੱਖਿਆ ਲਈ ਆਪਣਾ ਆਪ ਵੀ ਕੁਰਬਾਨ ਕਰ ਦਿੰਦੇਂ ਹਨ ਭਾਵ ਸ਼ਹਾਦਤਾਂ ਦਾ ਜਾਮ ਵੀ ਪੀ ਜਾਂਦੇ ਹਨ। ਸਿੱਖ ਧਰਮ ਦਾ ਨਿਸ਼ਾਨਾ ਹੀ ਮਨੁੱਖੀ ਸਵੈਮਾਣ ਦੀ ਬਹਾਲੀ ਹੈ।ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜਿਨ੍ਹਾਂ ਦਾ ਜਨਮ ਸੰਨ 1686 ਈ. ਨੂੰ ਪਾਉਂਟਾ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਹੋਇਆ।
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣੇ ਨਾਮ ਦੇ ਅਨੁਸਾਰ ਹੀ ਬੜੇ ਸੂਰਬੀਰ ਅਤੇ ਨਿਰਭੈ ਯੋਧੇ ਸਨ। ਇਨ੍ਹਾਂ ਨੂੰ ਸਸ਼ਤਰ ਵਿਦਿਆ, ਘੋੜ ਸਵਾਰੀ ਦੀ ਵਿਦਿਆ ਗੁਰੂ ਜੀ ਨੇ ਆਪਣੀ ਦੇਖ-ਰੇਖ ਵਿਚ ਖੁਦ ਅਤੇ ਜੁਝਾਰੂ ਜਰਨੈਲਾਂ ਪਾਸੋਂ ਅਨੰਦਪੁਰ ਸਾਹਿਬ ਦੇ ਵਿਚ ਦਿੱਤੀ। ਆਪਣੇ ਪਰਿਵਾਰ ਦੀਆਂ ਮਹਾਨ ਗੋਰਵਮਈ ਪ੍ਰੰਪਰਾਵਾਂ ਅਨੁਸਾਰ ਅਤੇ ਆਪਣੇ ਮਹਾਂਬਲੀ ਯੋਧੇ ਸੰਤ ਸਿਪਾਹੀ ਗੁਰੂ ਪਿਤਾ ਦੇ ਨਕਸ਼ੇ ਕਦਮਾਂ ਤੇ ਚਲਦਿਆਂ ਹੋਇਆਂ ਬਚਪਣ ਤੋਂ ਹੀ ਗਿਆਨ ਅਤੇ ਆਤਮਿਕ ਬਲ ਦੀ ਮੁੱਢਲੀ ਸਿੱਖਿਆ ਹਾਸਿਲ ਕੀਤੀ।ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਸਸ਼ਤਰ ਅਤੇ ਸਾਸ਼ਤਰ ਵਿਦਿਆ ਦੇ ਨਾਲ ਨਾਲ ਧਰਮ ਅਤੇ ਪ੍ਰਚਲਤਿ ਭਾਸ਼ਾਵਾਂ ਦੀ ਸਿੱਖਿਆ ਵੀ ਦਿੱਤੀ ਗਈ।
ਮਾਤਾ ਜੀ ਨੇ ਗੁਰੂ ਸਾਹਿਬ ਦੀਆਂ ਕੁਰਬਾਨੀਆਂ, ਸਿਮਰਨ, ਪਿਆਰ, ਸੰਤੋਖ, ਦਇਆ ਕਰਨ, ਤਿਆਗ ਤੇ ਕੁਰਬਾਨੀ ਦੇ ਗੁਣਾ ਬਾਰੇ ਅਤੇ ਗੁਰਬਾਣੀ ਕੰਠ ਕਰਵਾ ਕੇ ਉਨ੍ਹਾਂ ਨੂੰ ਦੂਰ ਅੰਦੇਸ਼ੀ ਧਰਮੀ ਤੇ ਨਿਰਭੈ ਯੋਧਾ ਵਜੋਂ ਤਿਆਰ ਕੀਤਾ। ਇਸ ਤਰ੍ਹਾਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਯੁੱਧ ਵਿਦਿਆ ਦੇ ਹੁਨਰ ਵਿਚ ਚੰਗੀ ਤਰ੍ਹਾਂ ਸਿੱਖਿਅਤ ਹੋ ਚੁੱਕੇ ਸਨ। ਗੁਰੂ ਜੀ ਇਨ੍ਹਾਂ ਨੂੰ ਸਮੇਂ ਸਮੇਂ ਸਿਰ ਪਰਜਾ ਤੇ ਹੋ ਰਹੇ ਜੁਲਮਾਂ ਦਾ ਟਾਕਰਾ ਕਰਨ ਦੇ ਲਈ ਸਿੱਖ ਫੋਜ ਦੇ ਮੁੱਖੀ ਵਜੋਂ ਭੇਜਦੇ ਰਹੇ। 
ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਖਾਲਸਾ ਪੰਥ ਦੀ ਸਾਜਨਾ ਮੋਕੇ ਤਕਰੀਬਨ 13 ਵਰੇ੍ਹ ਦੇ ਸਨ। ਖਾਲਸਾ ਸਾਜਨਾ ਦਾ ਸਮੁੱਚਾ ਦ੍ਰਿਸ਼ ਆਪ ਜੀ ਦੀਆਂ ਅੱਖਾਂ ਦੇ ਸਾਹਮਣੇ ਸੰਪੂਰਨ ਹੋਇਆ ਸੀ।ਸਾਹਿਬਜ਼ਾਦੇ ਦੇ ਸਾਹਮਣੇ ਹੀ ਹੋਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖਾਂ ਨੇ ਗੁਰੂ ਸਾਹਿਬਾਂ ਤੋਂ ਅੰਮ੍ਰਿਤ ਦੀ ਦਾਤ ਗ੍ਰਹਿਣ ਕੀਤੀ ਸੀ।ਇਸ ਤਰਾਂ ਗੁਰਬਾਣੀ ਦੀ ਗੁੜਤੀ, ਨਿਡਰਤਾ, ਵੀਰਤਾ, ਦਇਆ, ਸੰਤੋਖ ਤੇ ਕੁਰਬਾਨੀ ਦੇ ਗੁਣ ਧਾਰਨ ਕਰਕੇ ਉਹ ਇਕ ਮਹਾਨ ਵਿਦਵਾਨ ਅਤੇ ਬਹਾਦਰ ਨੋਜਵਾਨ ਵਜੋਂ ਜੀਵਨ ਵਿਚ ਵਿਚਰੇ।
ਆਖਿਰ ਉਹ ਸਮਾਂ ਆ ਗਿਆ ਸੰਨ 1704 ਈ. ਨੂੰ ਗੁਰੂ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਨੂੰ ਛੱਡ ਦਿੱਤਾ। ਸਰਸਾ ਨਦੀ ਪਾਰ ਕਰਦਿਆਂ ਬਹੁਤ ਸਾਰੇ ਸਿੱਖ ਸੂਰਮੇ ਅਤੇ ਗੁਰੂ ਪਰਿਵਾਰ ਦੇ ਜੀਅ ਵਿਛੜ ਗਏ। ਗੁਰੂ ਸਾਹਿਬ ਜੀ ਅਤੇ ਦੋਵੇਂ ਵੱਡੇ ਸਾਹਿਬਜ਼ਾਦੇ ਤੇ ਕੁਝ ਸਿੰਘ ਚਮਕੌਰ ਦੀ ਗੜੀ ਵੱਲ ਨਿਕਲ ਗਏ। ਪਿਛੇ ਪਿਛੇ ਮੁਗਲ ਫੋਜਾਂ ਆ ਰਹੀਆਂ ਸਨ। ਗੁਰੂ ਸਾਹਿਬ ਨੇ ਆਪਣੇ ਪੁੱਤਰਾਂ ਅਤੇ ਪਿਆਰੇ ਸਿੱਖਾ ਨਾਲ ਕਚੀ ਗੜੀ ਦੇ ਵਿਚੋਂ ਹੀ ਮੁਗਲ ਫੋਜਾਂ ਨਾਲ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤਾ।
ਇਤਿਹਾਸਿਕ ਸ੍ਰੋਤਾਂ ਦੇ ਅਨੁਸਾਰ ਕੱਚੀ ਗੜੀ ਦੇ ਵਿਚ ਗਿਣਤੀ ਦੇ ਸਿੰਘ ਅਤੇ ਬਾਹਰ 10000 ਦੇ ਲਗਭਗ ਮੁਗਲ ਫੋਜਾਂ ਦਾ ਘੇਰਾ। ਗੁਰੂ ਸਾਹਿਬ 5-5 ਸਿੰਘਾਂ ਦਾ ਜੱਥਾ ਗੜੀ ਦੇ ਵਿਚੋਂ ਤਿਆਰ ਕਰਕੇ ਭੇਜਦੇ ਤੇ ਸਿੰਘ ਬੜੀ ਦਲੇਰੀ ਤੇ ਬਹਾਦਰੀ ਦੇ ਨਾਲ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਸਦਕਾ ਡੱਟ ਕੇ ਮੁਕਾਬਲਾ ਕਰਦੇ ਤੇ ਸਹਾਦਤ ਦਾ ਜਾਮ ਪਿੰਦੇ।
ਉਹ ਵੀ ਸਮ੍ਹਾਂ ਆਇਆ ਜਦੋਂ ਗੁਰੂ ਸਾਹਿਬ ਜੀ ਦਾ ਵੱਡਾ ਸਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਸਾਹਮਣੇ ਆਇਆ ਤੇ ਯੁੱਧ ਵਿਚ ਜਾਣ ਦੀ ਇਜ਼ਾਜਤ ਮੰਗੀ । ਗੁਰੂ ਸਾਹਿਬ ਜੀ ਨੇ ਪਿਆਰ ਦੇ ਨਾਲ ਗਲ ਲਾਇਆ ਮੁਸਕੁਰਾਏ ਤੇ ਮੱਥਾ ਚੁਮਿਆ। ਖੁਦ ਆਪਣੇ ਹੱਥੀ ਹਥਿਆਰ ਸਜਾਏ ਅਤੇ ਤਿਆਰ ਬਰ ਤਿਆਰ ਕਰ ਪੰਜ ਸਿੰਘਾਂ ਨੂੰ ਥਾਪੜਾ ਦੇ ਕੇ ਸਾਹਿਬਜ਼ਾਦੇ ਦੇ ਨਾਲ ਮੋਤ ਨੂੰ ਪਰਨਾਉਣ ਲਈ ਭੇਜ ਦਿੱਤਾ। ਬਾਬਾ ਅਜੀਤ ਸਿੰਘ ਵਲੋਂ ਜੋ ਬਹਾਦਰੀ ਤੇ ਦਲੇਰੀ ਦੇ ਨਾਲ ਯੁੱਧ ਲੜਿਆ ਗਿਆ ਇਹ ਵੇਖ ਦੁਸ਼ਮਣ ਵੀ ਦੰਗ ਰਹਿ ਗਏ। 
ਗੁਰੂ ਸਾਹਿਬ ਜੀ ਮਮਟੀ ਤੇ ਖੜ ਸਾਰਾ ਯੁੱਧ ਆਪਣੀ ਅੱਖੀ ਵੇਖ ਰਹੇ ਸਨ ਕਿਵੇਂ ਮੇਰਾ ਪੁੱਤਰ ਤੇ ਸਿੰਘ ਦੁਸ਼ਮਣਾਂ ਦੇ ਲਾਹੂ ਲਾਹ ਰਹੇ ਹਨ। ਤੇ ਇਹ ਬੋਲ ਇਤਿਹਾਸ ਬਣ ਗਏ
 

ਸ਼ਾਬਾਸ਼ ਪਿਸਰ ਖੂਬ ਦਲੇਰੀ ਸੇ ਲੜੇ ਹੋ।

ਹਾ ਕਿਉ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ।

ਅਖੀਰ ਦਸੰਬਰ ਸੰਨ 1704 ਈ ਨੂੰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੇ ਲਾੜੀ ਮੋਤ ਨੂੰ ਪਰਨਾਅ ਲਿਆ। ਗੁਰੁ ਸਾਹਿਬ ਜੀ ਨੇ ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਨੂੰ ਅੱਖੀ ਵੇਖਿਆ ਤੇ ਅਕਾਲ ਪੁਰਖ ਦੇ ਭਾਣੇ ਨੂੰ ਸਤਿ ਕਰ ਕੇ ਮੰਨਿਆ।

- Sikh History - Birth Sahibzada Baba Ajit Singh

Related Post