ਪੰਜਾਬ 'ਚ ਭਾਜਪਾ ਇਕੱਲਿਆਂ ਹੀ ਲੜੇਗੀ ਲੋਕ ਸਭਾ ਚੋਣਾਂ - ਸੂਬਾ ਪ੍ਰਧਾਨ ਸੁਨੀਲ ਜਾਖੜ

By  Jasmeet Singh March 26th 2024 11:29 AM -- Updated: March 26th 2024 11:51 AM

Lok Sabha Elections 2024: ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਇਕੱਲੇ ਲੜੇਗੀ ਅਤੇ ਗਠਜੋੜ ਨਹੀਂ ਕਰੇਗੀ। ਜਾਖੜ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ, ''ਇਹ ਫੈਸਲਾ ਸੂਬੇ ਦੇ ਲੋਕਾਂ ਅਤੇ ਪਾਰਟੀ ਵਰਕਰਾਂ ਦੀ ਰਾਏ ਦੇ ਆਧਾਰ 'ਤੇ ਲਿਆ ਗਿਆ ਹੈ।''

ਪੰਜਾਬ ਦੀਆਂ 13 ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।

ਜਾਖੜ ਨੇ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਭਵਿੱਖ, ਨੌਜਵਾਨਾਂ, ਕਿਸਾਨਾਂ ਅਤੇ ਵਪਾਰੀਆਂ ਅਤੇ ਪਛੜੇ ਵਰਗਾਂ ਦੀ ਬਿਹਤਰੀ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਇਕੱਠਾ ਹੋਇਆ ਹੈ। ਪੀ.ਐਮ. ਮੋਦੀ ਨੇ ਕਰਤਾਰਪੁਰ ਲਾਂਘੇ ਦੀ ਸਦੀਆਂ ਪੁਰਾਣੀ ਮੰਗ ਪੂਰੀ ਕੀਤੀ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿੱਚ ਭਾਜਪਾ ਦੇ ਮੁੜ ਅਕਾਲੀ ਦਲ ਨਾਲ ਗਠਜੋੜ ਦੀ ਚਰਚਾ ਸੀ। ਭਾਜਪਾ ਦੇ ਸੀਨੀਅਰ ਆਗੂ ਵੀ ਇਸ ਦੇ ਹੱਕ ਵਿੱਚ ਸਨ। ਇਸ ਦੇ ਬਾਵਜੂਦ ਗੱਲਬਾਤ ਨਹੀਂ ਹੋ ਸਕੀ।

ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਗਠਜੋੜ ਨਾ ਹੋਣ ਦਾ ਮੁੱਖ ਕਾਰਨ ਕਿਸਾਨ ਅੰਦੋਲਨ ਅਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਹੈ। ਅਕਾਲੀ ਦਲ ਇਨ੍ਹਾਂ ਮੁੱਦਿਆਂ 'ਤੇ ਆਪਣੇ ਸਟੈਂਡ 'ਤੇ ਅੜਿਆ ਹੋਇਆ ਹੈ। ਅਕਾਲੀ ਦਲ ਕਿਸਾਨ ਅਤੇ ਪੰਥਕ ਵੋਟਰਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਆਪਣੇ ਆਪ ਨੂੰ ਪਹਿਲਾਂ ਵੀ ਸਪਸ਼ਟ ਕਰ ਚੁੱਕਿਆ ਹੈ। ਅਜਿਹੇ 'ਚ ਉਨ੍ਹਾਂ ਵੀ ਇੱਕਲੇ ਹੀ ਚੋਣ ਲੜਨ ਦਾ ਰਸਤਾ ਚੁਣਿਆ ਸੀ। 

ਪੰਜਾਬ 'ਚ ਭਾਜਪਾ-ਅਕਾਲੀ ਦਲ ਦੇ ਗਠਜੋੜ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ 'ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੁਝ ਦਿਨ ਪਹਿਲਾਂ ਇਕ ਇੰਟਰਵਿਊ 'ਚ ਕਿਹਾ ਸੀ, ''ਅਕਾਲੀ ਦਲ ਨਾਲ ਅਜੇ ਤੱਕ ਕੁਝ ਵੀ ਤੈਅ ਨਹੀਂ ਹੋਇਆ ਹੈ ਪਰ ਅਜੇ ਤੱਕ ਭਾਜਪਾ ਨੇ ਕੋਈ ਵੀ ਐਲਾਨ ਨਹੀਂ ਕੀਤਾ ਹੈ।"

ਇਹ ਖ਼ਬਰਾਂ ਵੀ ਪੜ੍ਹੋ:

Related Post