PTC News
Search
🔍 Search

ਜੰਡਿਆਲਾ ‘ਚ ਦਿਨ-ਦਿਹਾੜੇ ਖੂਨੀ ਟਕਰਾਅ, ਕੀਤੀ ਅੰਨ੍ਹੇਵਾਹ ਫਾਇਰਿੰਗ

ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਅਧੀਨ ਆਉਂਦੇ ਪਿੰਡ ਅਕਾਲਗੜ੍ਹ ਢਪਈਆਂ (ਮਹਿਤਾ ਰੋਡ) ਵਿੱਚ ਦੁਪਹਿਰ ਸਮੇਂ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਧਿਰ ਦੇ ਘਰ ਉੱਤੇ 100 ਤੋਂ 150 ਲੋਕਾਂ ਦੀ ਭੀੜ ਨੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ।

By  Amritpal Singh November 7th 2026 08:28 PM

ਅੰਮ੍ਰਿਤਸਰ ਦੇ ਥਾਣਾ ਜੰਡਿਆਲਾ ਅਧੀਨ ਆਉਂਦੇ ਪਿੰਡ ਅਕਾਲਗੜ੍ਹ ਢਪਈਆਂ (ਮਹਿਤਾ ਰੋਡ) ਵਿੱਚ ਦੁਪਹਿਰ ਸਮੇਂ ਉਸ ਵੇਲੇ ਭਾਰੀ ਦਹਿਸ਼ਤ ਫੈਲ ਗਈ, ਜਦੋਂ ਪੁਰਾਣੀ ਰੰਜਿਸ਼ ਦੇ ਚੱਲਦਿਆਂ ਇੱਕ ਧਿਰ ਦੇ ਘਰ ਉੱਤੇ 100 ਤੋਂ 150 ਲੋਕਾਂ ਦੀ ਭੀੜ ਨੇ ਹਥਿਆਰਾਂ ਨਾਲ ਲੈਸ ਹੋ ਕੇ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਕੇ ਅੰਨ੍ਹੇਵਾਹ ਫਾਇਰਿੰਗ ਕੀਤੀ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।


ਇਸ ਖੂਨੀ ਘਟਨਾ ਵਿੱਚ ਸੰਦੀਪ ਸਿੰਘ ਨਾਮਕ ਨੌਜਵਾਨ ਦੀ ਲੱਤ ਵਿੱਚ ਗੋਲੀ ਲੱਗਣ ਦੇ ਨਾਲ-ਨਾਲ ਕਿਰਪਾਨ ਅਤੇ ਦਾਤਰ ਦੇ ਵਾਰਾਂ ਕਾਰਨ ਗੰਭੀਰ ਸੱਟਾਂ ਲੱਗੀਆਂ ਹਨ। ਉਸ ਨੂੰ ਤੁਰੰਤ ਇਲਾਜ ਲਈ ਗੁਰੂ ਨਾਨਕ ਦੇਵ ਹਸਪਤਾਲ ਪਹੁੰਚਾਇਆ ਗਿਆ।


ਪੁਰਾਣੀ ਰੰਜਿਸ਼ ਦਾ ਮਾਮਲਾ

ਪੀੜਤ ਪਰਿਵਾਰ ਦੇ ਮੈਂਬਰ ਵਿਸ਼ਾਲ ਸਿੰਘ ਨੇ ਆਪਣੀ ਹੱਡਬੀਤੀ ਦੱਸਦਿਆਂ ਇਸ ਲਾਇਆ ਕਿ ਉਨ੍ਹਾਂ ਦੀ ਪਿੰਡ ਵਿੱਚ ਠੇਕੇ ਉੱਤੇ ਲਗਭਗ 50 ਤੋਂ 70 ਕਿੱਲੇ ਖੇਤੀਬਾੜੀ ਵਾਲੀ ਜ਼ਮੀਨ ਹੈ। ਉਨ੍ਹਾਂ ਅਨੁਸਾਰ ਕੁਝ ਸਮਾਂ ਪਹਿਲਾਂ ਦੋਵਾਂ ਧਿਰਾਂ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਮਾਮੂਲੀ ਤਕਰਾਰ ਹੋਈ ਸੀ ਅਤੇ ਪੁਰਾਣੀ ਰੰਜਿਸ਼ ਵੀ ਚੱਲ ਰਹੀ ਸੀ। ਇਸੇ ਰੰਜਿਸ਼ ਤਹਿਤ ਵਿਰੋਧੀ ਧਿਰ ਨੇ ਕਥਿਤ ਤੌਰ ‘ਤੇ ਯੋਜਨਾਬੱਧ ਤਰੀਕੇ ਨਾਲ ਮਨਿੰਦਰ, ਗੁਰਮੁੱਖ, ਤਰਨਤਾਰਨ/ਤਾਰਪੁਰ ਦੇ ਕੁੱਕੀ ਅਤੇ ਆਕਾਸ਼ ਸਮੇਤ 100 ਤੋਂ 150 ਅਣਪਛਾਤੇ ਨੌਜਵਾਨਾਂ ਅਤੇ ਸ਼ਰਾਰਤੀ ਅਨਸਰਾਂ ਨੂੰ ਹਥਿਆਰਾਂ ਨਾਲ ਇਕੱਠਾ ਕੀਤਾ।


ਪੀੜਤਾਂ ਦਾ ਇਲਜ਼ਾਮ ਹੈ ਕਿ ਹਮਲਾਵਰਾਂ ਕੋਲ 18 ਤੋਂ 20 ਪਿਸਤੌਲ, 12 ਬੋਰ ਦੀਆਂ ਬੰਦੂਕਾਂ, ਦਾਤਰ ਅਤੇ ਕਿਰਪਾਨਾਂ ਸਨ। ਹਮਲਾਵਰਾਂ ਨੇ ਘਰ ਨੂੰ ਘੇਰ ਕੇ ਸਿੱਧੀ ਫਾਇਰਿੰਗ ਸ਼ੁਰੂ ਕਰ ਦਿੱਤੀ। 30 ਬੋਰ ਦੀ ਪਿਸਤੌਲ ਦੀ ਗੋਲੀ ਸੰਦੀਪ ਸਿੰਘ ਦੀ ਲੱਤ ਵਿੱਚ ਲੱਗੀ, ਜਦਕਿ 12 ਬੋਰ ਦੀ ਬੰਦੂਕ ਦੇ ਛਰਰੇ ਵੀ ਚਲਾਏ ਗਏ। ਇਸ ਤੋਂ ਇਲਾਵਾ ਤੇਜ਼ਧਾਰ ਦਾਤਰਾਂ ਨਾਲ ਵੀ ਹਮਲੇ ਕੀਤੇ ਗਏ। ਪੀੜਤ ਧਿਰ ਦਾ ਦਾਅਵਾ ਹੈ ਕਿ ਇਸ ਅਚਾਨਕ ਹੋਏ ਹਮਲੇ ਅਤੇ ਭਗਦੜ ਦੌਰਾਨ ਲਗਭਗ 6 ਤੋਂ 7 ਲੋਕ ਜ਼ਖ਼ਮੀ ਹੋਏ ਹਨ। ਪੀੜਤ ਪਰਿਵਾਰ ਨੇ ਸਾਰੇ ਮੁਲਜ਼ਮਾਂ ਦੀ ਤੁਰੰਤ ਗ੍ਰਿਫ਼ਤਾਰੀ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।


ਹਸਪਤਾਲ ਪਹੁੰਚੇ ਪੁਲਿਸ ਅਧਿਕਾਰੀ, ਜਾਂਚ ਜਾਰੀ

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮਹਿਕਮੇ ਵਿੱਚ ਹੜਕੰਪ ਮਚ ਗਿਆ। ਮਾਮਲੇ ਦੀ ਜਾਂਚ ਲਈ ਪੁਲਿਸ ਅਧਿਕਾਰੀ ਹਰਪਾਲ ਸਿੰਘ ਆਪਣੀ ਟੀਮ ਅਤੇ ਪਿੰਡ ਦੀ ਪੰਚਾਇਤ ਦੇ ਮੈਂਬਰਾਂ ਸਮੇਤ ਤੁਰੰਤ ਹਸਪਤਾਲ ਪਹੁੰਚੇ ਅਤੇ ਜ਼ਖ਼ਮੀ ਦੀ ਹਾਲਤ ਦਾ ਜਾਇਜ਼ਾ ਲਿਆ।


ਪੁਲਿਸ ਅਧਿਕਾਰੀ ਹਰਪਾਲ ਸਿੰਘ ਨੇ ਦੱਸਿਆ ਕਿ ਇਹ ਘਟਨਾ ਦੁਪਹਿਰ ਲਗਭਗ 1:30 ਤੋਂ 2:00 ਵਜੇ ਦੇ ਦਰਮਿਆਨ ਵਾਪਰੀ ਹੈ। ਥਾਣਾ ਜੰਡਿਆਲਾ ਅਧੀਨ ਆਉਂਦੇ ਪਿੰਡ ਅਕਾਲਗੜ੍ਹ ਢਪਈਆਂ ਵਿੱਚ ਦੋ ਧਿਰਾਂ ਵਿਚਕਾਰ ਆਪਸੀ ਝਗੜਾ ਹੋਇਆ। ਜਿਸ ਦੌਰਾਨ ਫਾਇਰਿੰਗ ਹੋਣ ਦੀ ਗੱਲ ਸਾਹਮਣੇ ਆਈ ਹੈ। ਇਸ ਘਟਨਾ ਵਿੱਚ ਸੰਦੀਪ ਸਿੰਘ ਦੀ ਲੱਤ ਵਿੱਚ ਗੋਲੀ ਲੱਗਣ ਅਤੇ ਤੇਜ਼ਧਾਰ ਹਥਿਆਰ ਨਾਲ ਸੱਟ ਲੱਗਣ ਦੀ ਪੁਸ਼ਟੀ ਹੋਈ ਹੈ।


ਪੁਲਿਸ ਵੱਲੋਂ ਜ਼ਖ਼ਮੀ ਧਿਰ ਦੇ ਬਿਆਨ ਦਰਜ

ਹਰਪਾਲ ਸਿੰਘ ਨੇ ਸਪੱਸ਼ਟ ਕੀਤਾ ਕਿ ਪੁਲਿਸ ਵੱਲੋਂ ਜ਼ਖ਼ਮੀ ਧਿਰ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਬਿਆਨ ਦਰਜ ਹੋਣ ਤੋਂ ਬਾਅਦ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕਰਕੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਮੌਕੇ ਤੋਂ ਬਰਾਮਦ ਹੋਏ ਖੋਲਾਂ, ਫਾਇਰਿੰਗ ਦੇ ਕਾਰਨਾਂ ਅਤੇ ਚਲਾਈਆਂ ਗਈਆਂ ਗੋਲੀਆਂ ਦੀ ਗਿਣਤੀ ਸਬੰਧੀ ਉਨ੍ਹਾਂ ਕਿਹਾ ਕਿ ਇਹ ਸਭ ਜਾਂਚ ਦਾ ਹਿੱਸਾ ਹੈ। ਪੁਲਿਸ ਟੀਮ ਵੱਲੋਂ ਘਟਨਾ ਸਥਾਨ ਦਾ ਦੌਰਾ ਕਰਕੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਭਰੋਸਾ ਦਿਵਾਇਆ ਕਿ ਕਾਨੂੰਨ ਨੂੰ ਆਪਣੇ ਹੱਥਾਂ ਵਿੱਚ ਲੈਣ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਮਾਮਲੇ ਵਿੱਚ ਸਖ਼ਤ ਕਾਰਵਾਈ ਕੀਤੀ ਜਾਵੇਗੀ।

Related Post